Jalandhar Bypoll: AAP ‘ਚ ਸ਼ਾਮਲ ਹੋਏ ਮਰਹੂਮ ਕਾਂਗਰਸੀ ਆਗੂ ਸੰਤੋਖ ਚੌਧਰੀ ਦੇ ਭਤੀਜੇ ਸੁਰਿੰਦਰ ਚੌਧਰੀ
ਸੰਤੋਖ ਚੌਧਰੀ ਦੀ ਪਤਨੀ ਨੂੰ ਟਿਕਟ ਦਿੱਤੇ ਜਾਣ ਤੋਂ ਉਨ੍ਹਾਂ ਦੇ ਭਤੀਜੇ ਸੁਰਿੰਦਰ ਸਿੰਘ ਚੌਧਰੀ ਕਾਂਗਰਸ ਤੋਂ ਨਰਾਜ ਦੱਸੇ ਜਾ ਰਹੇ ਸਨ। ਜਿਸ ਕਰਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫਸੈਲਾ ਲਿਆ ਹੈ। ਸੁਰਿੰਦਰ ਚੌਧਰੀ ਦਾ ਵਿਛੋੜਾ ਕਿਤੇ ਨਾ ਕਿਤੇ ਚੌਧਰੀ ਪਰਿਵਾਰ ਨੂੰ ਕਮਜ਼ੋਰ ਕਰ ਸਕਦਾ ਹੈ।
ਜਲੰਧਰ ਨਿਊਜ: ਜਲੰਧਰ ਜਿਮਨੀ ਚੋਣ ਨੂੰ ਲੈ ਕੇ ਸੂਬੇ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕਰਤਾਰਪੁਰ ਵਿੱਚ ਚੋਣ ਰੈਲੀ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਚੌਧਰੀ ਪਰਿਵਾਰ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਜਾਣਕਾਰੀ ਮੁਤਾਬਿਕ, ਸੁਰਿੰਦਰ ਚੌਧਰੀ ਦੀ ਆਪ ਵਿੱਚ ਸ਼ਾਮਲ ਨੂੰ ਲੈ ਕੇ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋ ਚੁੱਕੀ ਸੀ।
ਦੱਸ ਦੇਈਏ ਕਿ ਕਾਂਗਰਸ ਆਗੂ ਮਰਹੂਮ ਜਗਜੀਤ ਸਿੰਘ ਚੌਧਰੀ ਅਤੇ ਮਰਹੂਮ ਸੰਤੋਖ ਚੌਧਰੀ ਅਸਲੀ ਭਰਾ ਸਨ। ਚੌਧਰੀ ਪਰਿਵਾਰ ਦੇ ਮੈਂਬਰ ਅਤੇ ਜਗਜੀਤ ਸਿੰਘ ਚੌਧਰੀ ਦੇ ਪੁੱਤਰ ਸੁਰਿੰਦਰ ਸਿੰਘ ਨੇ ਹੁਣ ਆਪਣੇ ਪਰਿਵਾਰ ਤੋਂ ਸਿਆਸੀ ਵਿਛੋੜਾ ਲੈ ਲਿਆ ਹੈ। ਉੱਧਰ, ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਨੂੰ ਲੋਕ ਸਭਾ ਉਪ ਚੋਣ ਲਈ ਉਮੀਦਵਾਰ ਬਣਾਇਆ ਹੈ।
10 ਮਈ ਨੂੰ ਵੋਟਿੰਗ, 13 ਨੂੰ ਨਤੀਜਾ
ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ, ਜਦਕਿ 13 ਮਈ ਨੂੰ ਨਤੀਜਾ ਆਵੇਗਾ। ਇਹ ਜ਼ਿਮਨੀ ਆਮ ਆਦਮੀ ਪਾਰਟੀ (Aam Aadmi Party) ਲਈ ਬਹੁਤ ਮਹੱਤਵਪੂਰ ਮੰਨੀ ਜਾ ਰਹੀ ਹੈ। ਵੱਡੀ ਗੱਲ ਹੈ ਇਹ ਹੈ ਕਿ ਇਸ ਚੋਣ ਵਿੱਚ ਬਹੁਤ ਸਖਤ ਮੁਕਾਬਲਾ ਹੋਣ ਜਾ ਰਿਹਾ ਹੈ। ਜਲੰਧਰ ਲੋਕਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਪੰਜ ਤੇ ਕਾਂਗਰਸ ਜਦਕਿ ਚਾਰ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਬਜ ਹਨ। ਇਸ ਲੋਕ ਸਭਾ ਹਲਕੇ ਤੋਂ ਜ਼ਿਆਦਾ ਤਰ ਕਾਂਗਰਸ ਦੇ ਹੀ ਐੱਮਪੀ ਰਹੇ ਹਨ। ਇਸ ਲਈ ਖਾਸ ਕਰਕੇ ਕਾਂਗਰਸ ਲਈ ਇਹ ਜ਼ਿਮਨੀ ਚੋਣ ਕਾਫੀ ਮਹੱਤਵਪੂਰਨ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ