ਜਲੰਧਰ: PRTC ਬੱਸ ਤੇ ਪਿਕਅੱਪ ਟਰੱਕ ‘ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਤ
Jalandhar PRTC Bus-Pickup Truck Accident: ਟੱਕਰ ਇੰਨੀ ਜ਼ਬਰਦਸਤ ਸੀ ਕਿ ਘਟਨਾ 'ਚ ਪਿਕਅੱਪ ਟਰੱਕ ਗੱਡੀ ਚਕਨਾਚੂਰ ਹੋ ਗਈ ਤੇ ਉਸ 'ਚ ਸਵਾਰ ਤਿੰਨੋਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਦੂਜੇ ਪਾਸੇ, ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕਪੂਰਥਲਾ-ਜਲੰਧਰ ਸੜਕ 'ਤੇ ਧਰਨਾ ਲਾ ਦਿੱਤਾ ਤੇ ਸੜਕ ਜਾਮ ਕਰ ਦਿੱਤੀ। ਪ੍ਰਸ਼ਾਸਨ ਤੋਂ ਦੋਸ਼ੀ ਬੱਸ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਜਲੰਧਰ-ਕਪੂਰਥਲਾ ਰੋਡ ‘ਤੇ ਸਥਿਤ ਇੱਕ ਸਕੂਲ ਦੇ ਬਾਹਰ ਪੀਆਰਟੀਸੀ ਬੱਸ ਤੇ ਪਿਕਅੱਪ ਗੱਡੀ (ਛੋਟਾ ਹਾਥੀ) ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਹ ਘਟਨਾ ਸਵੇਰੇ 3.20 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਬੱਸ ਦੇ ਡਰਾਈਵਰ ਨੂੰ ਨੀਂਦ ਆ ਗਈ ਤੇ ਬੱਸ ਡਿਵਾਈਡਰ ਨਾਲ ਟਕਰਾ ਕੇ ਦੂਜੀ ਸੜਕ ‘ਤੇ ਚਲੀ ਗਈ।
ਹਾਦਸੇ ‘ਚ ਮ੍ਰਿਤਕਾਂ ਦੀ ਪਛਾਣ ਰਾਕੇਸ਼ ਪੁੱਤਰ ਮੋਹਿਤ ਨਿਵਾਸੀ ਔਜਲਾ ਗੇਟ ਦੀਪ ਨਗਰ ਕਲੋਨੀ (ਕਪੂਰਥਲਾ), ਮੁਕੇਸ਼ ਕੁਮਾਰ ਪੁੱਤਰ ਸੁਧੀਰ ਸਿੰਘ ਨਿਵਾਸੀ ਨਵੀਂ ਸਬਜ਼ੀ ਮੰਡੀ (ਕਪੂਰਥਲਾ) ਤੇ ਈਸ਼ਵਰ ਬਿੰਦ ਪੁੱਤਰ ਮਹਿੰਦਰ ਬਿੰਦ ਨਿਵਾਸੀ ਨਵੀਂ ਸਬਜ਼ੀ ਮੰਡੀ (ਕਪੂਰਥਲਾ) ਵਜੋਂ ਹੋਈ ਹੈ। ਉੱਥੇ ਹੀ ਹਾਦਸੇ ਤੋਂ ਬਾਅਦ ਪੀਆਰਟੀਸੀ ਬੱਸ ਡਰਾਈਵਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫ਼ਤਾਰੀ ਕਰ ਲਈ ਗਈ ਹੈ।
ਹਾਦਸੇ ਦੌਰਾਨ ਪਿਕਅੱਪ ਟਰੱਕ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਘਟਨਾ ‘ਚ ਪਿਕਅੱਪ ਟਰੱਕ ਗੱਡੀ ਚਕਨਾਚੂਰ ਹੋ ਗਈ ਤੇ ਉਸ ‘ਚ ਸਵਾਰ ਤਿੰਨੋਂ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਦੂਜੇ ਪਾਸੇ, ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕਪੂਰਥਲਾ-ਜਲੰਧਰ ਸੜਕ ‘ਤੇ ਧਰਨਾ ਲਾ ਦਿੱਤਾ ਤੇ ਸੜਕ ਜਾਮ ਕਰ ਦਿੱਤੀ। ਪ੍ਰਸ਼ਾਸਨ ਤੋਂ ਦੋਸ਼ੀ ਬੱਸ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪਿਕਅੱਪ ਟਰੱਕ ‘ਚ ਸਵਾਰ ਸਾਰੇ ਲੋਕ ਕਪੂਰਥਲਾ ‘ਚ ਸਬਜ਼ੀਆਂ ਵੇਚਦੇ ਸਨ। ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਉਹ ਸਬਜ਼ੀਆਂ ਖਰੀਦਣ ਲਈ ਜਲੰਧਰ ਦੀ ਵੱਡੀ ਮੰਡੀ ਜਾ ਰਹੇ ਸਨ। ਜਦੋਂ ਉਹ ਮੰਡੀ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਤਿੰਨ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਖਤਮ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਹਾਦਸਾ ਸਵੇਰੇ-ਸਵੇਰੇ ਬੱਸ ਡਰਾਈਵਰ ਦੇ ਸੌਣ ਕਾਰਨ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।