Punjab Vigilance: ਸਾਬਕਾ CM ਚੰਨੀ ਅੱਜ ਵਿਜੀਲੈਂਸ ਸਾਹਮਣੇ ਨਹੀਂ ਹੋਣਗੇ ਪੇਸ਼, ਦੱਸਿਆ ਇਹ ਕਾਰਨ
EX CM: ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਲਈ ਤਲਬ ਕੀਤਾ ਸੀ ਪਰ ਉਨ੍ਹਾਂ ਨੇ ਅੱਜ ਪੇਸ਼ ਨਾ ਹੋਣ ਦਾ ਹਵਾਲਾ ਦਿੱਤਾ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਸੀਐਮ 'ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਹੋਣੀ ਹੈ।

Punjab Vigilance:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਅੱਜ ਯਾਨੀ ਬੁੱਧਵਾਰ ਨੂੰ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਗੇ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਬੁੱਧਵਾਰ ਦੀ ਜਾਂਚ ਮੁਲਤਵੀ ਕਰ ਦਿੱਤੀ ਗਈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ 12 ਅਪ੍ਰੈਲ ਨੂੰ ਪੇਸ਼ ਨਾ ਹੋਣ ਦੀ ਬੇਨਤੀ ਕੀਤੀ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਵਿਜੀਲੈਂਸ ਵੱਲੋਂ 20 ਅਪ੍ਰੈਲ ਨੂੰ ਸਵੇਰੇ 10 ਵਜੇ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਵਿਖੇ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਖ-ਵੱਖ ਵੈਰੀਫਿਕੇਸ਼ਨਾਂ ਲਈ ਵਿਜੀਲੈਂਸ ਬਿਊਰੋ (Vigilance Bureau) ਦੇ ਦਫ਼ਤਰ ‘ਚ ਤਲਬ ਕੀਤਾ ਗਿਆ ਹੈ। ਚਰਨਜੀਤ ਸਿੰਘ ਚੰਨੀ ਦਾ ਕੇਸ ਰੋਪੜ ਰੇਂਜ ਦੇ ਵਿਜੀਲੈਂਸ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਵਿਜੀਲੈਂਸ ਬਿਊਰੋ ਫਿਲਹਾਲ ਚਰਨਜੀਤ ਸਿੰਘ ਚੰਨੀ ਦੇ ਕੇਸ ਵਿੱਚ ਆਮਦਨ ਦੀ ਤੁਲਨਾ ‘ਚ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵੈਰੀਫਿਕੇਸ਼ਨਾਂ ਕਰਨਾ ਚਾਹੁੰਦਾ ਹੈ।
ਸਰਕਾਰੀ ਆਮਦਨ ਖਰਚਣ ਦਾ ਇਲਜ਼ਾਮ
ਦਰਅਸਲ ਕਾਂਗਰਸ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ‘ਤੇ ਸਰਕਾਰੀ ਪੈਸਾ ਨਿਜੀ ਪ੍ਰੋਗਰਾਮਾਂ ‘ਚ ਖਰਚ ਕਰਨ ਦਾ ਇਲਜ਼ਾਮ ਹੈ। ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਕੁਝ ਮਹੀਨੇ ਹੀ ਪੰਜਾਬ ਦੇ ਮੁੱਖ ਮੰਤਰੀ ਰਹੇ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ। ਪੰਜਾਬ ਵਿਜੀਲੈਂਸ ਨੇ ਪਿਛਲੇ ਮਹੀਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਲੁਕ ਆਉਟ ਨੋਟਿਸ ਜਾਰੀ ਕੀਤਾ ਸੀ।
ਕਈ ਮਾਮਲੇ ਵਿਚਾਰ ਅਧੀਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਵਾਰ ਜਨਤਕ ਤੌਰ ਤੇ ਕਹਿ ਚੁੱਕੇ ਹਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਈ ਮਾਮਲੇ ਵਿਚਾਰ ਅਧੀਨ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਇਹ ਵੀ ਕਿਹਾ ਹੈ ਕਿ ਉਹ ਸਾਬਕਾ ਕਾਂਗਰਸ ਸਰਕਾਰ ਦੀਆਂ ਕਈ ਫਾਈਲਾਂ ਦਾ ਅਧਿਐਨ ਕਰ ਰਹੇ ਹਨ, ਜਿਨ੍ਹਾਂ ਵਿੱਚ ਕਈ ਖੁਲਾਸੇ ਜਲਦ ਹੋਣਗੇ।