ਫਿਰੋਜ਼ਪੁਰ ‘ਚ ਪੁਲਿਸ ਨੇ 5 ਮਾਮਲਿਆਂ ‘ਚ ਜ਼ਬਤ ਕੀਤੀ 5 ਕਿਲੋ ਤੋਂ ਵੱਧ ਹੈਰੋਇਨ ਤੇ 1.33 ਲੱਖ ਨਸ਼ੀਲੀਆਂ ਗੋਲੀਆਂ, 8 ਤਸਕਰ ਕਾਬੂ

Updated On: 

17 Jun 2026 20:23 PM IST

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਵਿੱਢੀ ਗਈ "ਯੁੱਧ ਨਸ਼ਾ ਵਿਰੁੱਧ" ਮੁਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਚੋਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਵੱਖ-ਵੱਖ 5 ਅਪਰਾਧਿਕ ਮਾਮਲਿਆਂ ਵਿੱਚ ਕੁੱਲ 8 ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਧੱਕਿਆ ਹੈ।

ਫਿਰੋਜ਼ਪੁਰ ਚ ਪੁਲਿਸ ਨੇ 5 ਮਾਮਲਿਆਂ ਚ ਜ਼ਬਤ ਕੀਤੀ 5 ਕਿਲੋ ਤੋਂ ਵੱਧ ਹੈਰੋਇਨ ਤੇ 1.33 ਲੱਖ ਨਸ਼ੀਲੀਆਂ ਗੋਲੀਆਂ, 8 ਤਸਕਰ ਕਾਬੂ

ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਵਿੱਢੀ ਗਈ “ਯੁੱਧ ਨਸ਼ਾ ਵਿਰੁੱਧ” ਮੁਹਿੰਮ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਚੋਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਟੀਮਾਂ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਵੱਖ-ਵੱਖ 5 ਅਪਰਾਧਿਕ ਮਾਮਲਿਆਂ ਵਿੱਚ ਕੁੱਲ 8 ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਧੱਕਿਆ ਹੈ।

ਫਿਰੋਜ਼ਪੁਰ ਦੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਸਾਰੇ ਮਾਮਲਿਆਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਇਸ ਵੱਡੀ ਕਾਰਵਾਈ ਦੌਰਾਨ 5 ਮਾਮਲਿਆਂ ਵਿੱਚ ਕੁੱਲ 6 ਕਿਲੋ 275 ਗ੍ਰਾਮ ਹੈਰੋਇਨ, 1 ਲੱਖ 33 ਹਜ਼ਾਰ 640 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਨਾਜਾਇਜ਼ ਅਸਲੇ ‘ਤੇ ਸ਼ਿਕੰਜਾ ਕੱਸਦਿਆਂ 4 ਹਥਿਆਰ, ਜਿਨ੍ਹਾਂ ਵਿੱਚ ਇੱਕ ਅਤਿ-ਆਧੁਨਿਕ ਗਲੌਕ ਪਿਸਟਲ ਵੀ ਸ਼ਾਮਲ ਹੈ, ਸਮੇਤ ਮੈਗਜ਼ੀਨ ਅਤੇ 41 ਜ਼ਿੰਦਾ ਰੌਂਦ (ਕਾਰਤੂਸ) ਬਰਾਮਦ ਕੀਤੇ ਹਨ।

ਇਸ ਦੇ ਨਾਲ ਹੀ ਪੁਲਿਸ ਨੇ ਤਸਕਰੀ ਅਤੇ ਜੁਰਮ ਵਿੱਚ ਵਰਤੇ ਜਾਣ ਵਾਲੇ 16 ਮੋਬਾਈਲ ਫੋਨ, 3 ਮੋਟਰਸਾਈਕਲ ਅਤੇ 2 ਕਾਰਾਂ ਨੂੰ ਵੀ ਜ਼ਬਤ ਕੀਤਾ ਹੈ। ਪੁਲਿਸ ਨੂੰ ਮੌਕੇ ਤੋਂ 3 ਲੱਖ 16 ਹਜ਼ਾਰ 600 ਰੁਪਏ ਦੀ ਕੁੱਲ ਨਕਦੀ ਹੱਥ ਲੱਗੀ ਹੈ, ਜਿਸ ਵਿੱਚੋਂ ਇੱਕ ਕਾਰ ਵਿੱਚੋਂ 36,600 ਰੁਪਏ ਨਕਦ ਅਤੇ ਦੂਜੀ ਕਾਰ ਵਿੱਚੋਂ 2 ਲੱਖ 80 ਹਜ਼ਾਰ ਰੁਪਏ ਡਰੱਗ ਮਨੀ (ਨਸ਼ੇ ਦੀ ਕਮਾਈ) ਵਜੋਂ ਬਰਾਮਦ ਹੋਏ ਹਨ।

ਐਸਐਸਪੀ ਨੇ ਵੱਖ-ਵੱਖ 5 ਮਾਮਲਿਆਂ ਦੀ ਵਿਸਥਾਰਪੂਰਵਕ ਜਾਣਕਾਰੀ

ਪਾਕਿਸਤਾਨੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼

ਪਹਿਲੇ ਮਾਮਲੇ ਵਿੱਚ ਸੀ.ਆਈ.ਏ. ਸਟਾਫ਼ ਜ਼ੀਰਾ ਦੀ ਟੀਮ ਨੂੰ ਉਸ ਵੇਲੇ ਬਹੁਤ ਵੱਡੀ ਕਾਮਯਾਬੀ ਮਿਲੀ, ਜਦੋਂ ਉਨ੍ਹਾਂ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਦੋਸ਼ੀ ਸਿੱਧੇ ਪਾਕਿਸਤਾਨ ਤੋਂ ਡਰੋਨ ਜਾਂ ਹੋਰ ਸਰਹੱਦੀ ਰੂਟਾਂ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਂਦੇ ਸਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 5 ਕਿਲੋ 775 ਗ੍ਰਾਮ ਹੈਰੋਇਨ, 4 ਮੋਬਾਈਲ ਫੋਨ ਅਤੇ ਤਸਕਰੀ ਲਈ ਵਰਤੀ ਜਾ ਰਹੀ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੋਸ਼ੀਆਂ ‘ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਫਿਲਹਾਲ ਪੁਲਿਸ ਇਨ੍ਹਾਂ ਕੋਲੋਂ ਪੁੱਛਗਿੱਛ ਕਰਕੇ ਅਗਲੇਰੀ ਕੜੀ ਦਾ ਪਤਾ ਲਗਾ ਰਹੀ ਹੈ।

ਮੈਡੀਕਲ ਹਾਲ ਦੀ ਆੜ ਵਿੱਚ ਨਸ਼ਾ ਤਸਕਰੀ

ਦੂਜੇ ਮਾਮਲੇ ਵਿੱਚ ਥਾਣਾ ਮਮਦੋਟ ਦੀ ਪੁਲਿਸ ਨੇ ਇੱਕ ਮੈਡੀਕਲ ਸਟੋਰ ‘ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ। ਉੱਥੋਂ 1 ਲੱਖ 33 ਹਜ਼ਾਰ 640 ਪਾਬੰਦੀਸ਼ੁਦਾ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਉੱਥੋਂ 39 ਜ਼ਿੰਦਾ ਰੌਂਦ (ਕਾਰਤੂਸ) ਅਤੇ 36,600 ਰੁਪਏ ਦੀ ਨਕਦੀ ਵੀ ਮਿਲੀ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਉਕਤ ਵਿਅਕਤੀ ਕਿਸੇ ਹੋਰ ਵਿਅਕਤੀ ਦੇ ਨਾਮ ‘ਤੇ ਜਾਰੀ ਕੀਤੇ ਲਾਇਸੈਂਸ ਦੀ ਆੜ ਵਿੱਚ ਇਹ ਮੈਡੀਕਲ ਹਾਲ ਚਲਾ ਰਿਹਾ ਸੀ। ਗੋਲੀਆਂ ਅਤੇ ਕਾਰਤੂਸਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਨਾਜਾਇਜ਼ ਹਥਿਆਰਾਂ ਸਮੇਤ ਦੋ ਕਾਬੂ

ਤੀਜੀ ਕਾਰਵਾਈ ਵਿੱਚ ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਜਾਲ ਵਿਛਾ ਕੇ ਦੋ ਮੁਲਜ਼ਮਾਂ ਨੂੰ ਦਬੋਚ ਲਿਆ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 3 ਨਾਜਾਇਜ਼ ਪਿਸਤੌਲ ਸਮੇਤ ਮੈਗਜ਼ੀਨ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਲਿਆਂਦੇ ਗਏ ਸਨ ਜਾਂ ਕਿਸੇ ਗੈਂਗਸਟਰ ਗਰੁੱਪ ਨਾਲ ਇਨ੍ਹਾਂ ਦੇ ਤਾਰ ਜੁੜੇ ਹੋਏ ਹਨ।

ਹੈਰੋਇਨ, ਪਿਸਤੌਲ ਅਤੇ ਡਰੱਗ ਮਨੀ ਜ਼ਬਤ

ਚੌਥੇ ਮਾਮਲੇ ਵਿੱਚ ਥਾਣਾ ਮਖੂ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਹੈ। ਤਲਾਸ਼ੀ ਲੈਣ ‘ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ, 1 ਪਿਸਤੌਲ ਸਮੇਤ ਮੈਗਜ਼ੀਨ, 2 ਲੱਖ 80 ਹਜ਼ਾਰ ਰੁਪਏ ਦੀ ਮੋਟੀ ਰਕਮ (ਡਰੱਗ ਮਨੀ) ਅਤੇ ਇੱਕ ਮਾਰੂਤੀ ਕਾਰ ਬਰਾਮਦ ਹੋਈ ਹੈ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਚੋਰ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ

ਪੰਜਵੀਂ ਕਾਰਵਾਈ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਇਲਾਕੇ ਵਿੱਚ ਸਰਗਰਮ ਚੋਰਾਂ ਖ਼ਿਲਾਫ਼ ਮੁਹਿੰਮ ਚਲਾਉਂਦੇ ਹੋਏ ਦੋ ਸ਼ਾਤਰ ਚੋਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਚੋਰਾਂ ਦੇ ਨਿਸ਼ਾਨਦੇਹੀ ‘ਤੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹੋਏ 3 ਮੋਟਰਸਾਈਕਲ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਇਲਾਕੇ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਸੁਲਝਣ ਦੀ ਉਮੀਦ ਹੈ।

ਫਿਰੋਜ਼ਪੁਰ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੇ ਅੰਕੜੇ

ਪ੍ਰੈਸ ਕਾਨਫਰੰਸ ਦੇ ਅਖੀਰ ਵਿੱਚ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਚੱਲ ਰਹੀ ਇਸ ਜੰਗ ਵਿੱਚ ਫਿਰੋਜ਼ਪੁਰ ਪੁਲਿਸ ਹੁਣ ਤੱਕ ਕੁੱਲ 2521 ਮਾਮਲੇ ਦਰਜ ਕਰ ਚੁੱਕੀ ਹੈ, ਜਿਨ੍ਹਾਂ ਵਿੱਚ 3085 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਰਿਕਾਰਡ ਤੋੜ ਕਾਰਵਾਈ ਕਰਦਿਆਂ ਹੁਣ ਤੱਕ ਕੁੱਲ 429 ਕਿਲੋ 937 ਗ੍ਰਾਮ ਹੈਰੋਇਨ ਬਰਾਮਦ ਕਰਕੇ ਨਸ਼ਾ ਤਸਕਰਾਂ ਦੇ ਲਕੜਤੋੜ ਸੱਟ ਮਾਰੀ ਗਈ ਹੈ। ਪੁਲਿਸ ਅਧਿਕਾਰੀ ਨੇ ਸਾਫ਼ ਕੀਤਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਸ਼ਰਾਰਤੀ ਅਨਸਰ ਜਾਂ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Follow Us