Protest: ਵਿਧਾਇਕ ਜਗਦੀਪ ਗੋਲਡੀ ਕੰਬੋਜ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ, ਜੰਮ ਕੇ ਕੀਤੀ ਨਾਅਰੇਬਾਜ਼ੀ
Protest Against MLA: ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਛੁਡਾਉਣ ਲਈ ਇੱਕ ਮੁਹਿੰਮ ਵਿੱਢੀ ਗਈ ਹੈ। ਇਸ ਮਹਿੰਮ ਦੇ ਰੋਸ ਵਜੋ ਪਿੰਡਵਾਸੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਫਾਜ਼ਿਲਕਾ ਨਿਊਜ਼: ਜਲਾਲਾਬਾਦ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਪਿੰਡ ਵਾਸੀਆਂ ਅਤੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵਿਚਾਲੇ ਬਹਿਸ ਹੋ ਗਈ। ਕਿਸਾਨ ਜਥੇਬੰਦੀਆਂ ਅਤੇ ਪਿੰਡਵਾਸੀਆਂ ਵੱਲੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ (Jagdeep Goldy Kamboj) ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਧਰਨਾਕਾਰੀਆਂ ਵੱਲੋਂ ਵਿਧਾਇਕ ਖਿਲਾਫ਼ ਨਾਅਰੇਬਾਜ਼ੀ
ਵਿਧਾਇਕ ਜਗਦੀਪ ਗੋਲਡੀ ਕੰਬੋਜ ਜਦੋਂ ਧਰਨਾ ਦੇ ਰਹੇ ਲੋਕਾਂ ਦੇ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਮਾਹੌਲ ਤਣਾਅਪੂਰਨ ਬਣ ਗਿਆ ਧਰਨਾਕਾਰੀਆਂ ਨੇ ਵਿਧਾਇਕ ਨੂੰ ਵੇਖ ਹੋਰ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਵਿਧਾਇਕ ਅਤੇ ਧਰਨਾ ਦੇ ਰਹੇ ਲੋਕਾਂ ਵਿੱਚ ਤਕਰਾਰ ਵੀ ਹੋਈ ਵਿਧਾਇਕ ਦੀ ਸਕਿਊਰਟੀ ਨੇ ਮੌਕਾ ਸੰਭਾਲਿਆ ਅਤੇ ਵਿਧਾਇਕ ਅਤੇ ਲੋਕਾਂ ਵਿਚਾਲੇ ਸੁਰੱਖਿਆ ਦਾ ਘੇਰਾ (Security Perimeter) ਬਣਾ ਲਿਆ ਗਿਆ। ਜਿਸ ਤੋਂ ਬਾਅਦ ਲੋਕਾਂ ‘ਚ ਰੋਸ ਦੇਖ ਵਿਧਾਇਕ ਵਾਪਸ ਆਪਣੀ ਕੋਠੀ ‘ਚ ਪਰਤ ਗਏ।
ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਖੁੱਲੇ ਤੌਰ ‘ਤੇ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਕਿ ਇਸ ਮਸਲੇ ਬਾਰੇ ਸਭ ਨੂੰ ਪਤਾ ਲੱਗ ਸਕੇ। ਪਰ ਦੂਜੇ ਪਾਸੇ ਧਰਨਾਕਾਰੀਆਂ ‘ਚੋਂ ਕੁਝ ਲੋਕਾਂ ਦਾ ਕਹਿਣ ਹੈ ਕਿ ਪਹਿਲਾਂ ਬੰਦ ਕਮਰੇ ਵਿੱਚ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਐਲਾਨ ਹੋਵੇਗਾ।
ਪੰਚਾਇਤੀ ਜ਼ਮੀਨਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾ ਰਹੀ ਸਰਕਾਰ
ਦਰਅਸਲ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ੇ ਛੁਡਾਉਣ ਦੀ ਇੱਕ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਜਲਾਲਾਬਾਦ ਦੇ ਸਰਹੱਦੀ ਪਿੰਡ ਬੰਗੇ ਕੇ ਹਿਠਾੜ ਸੰਤੋਖ ਸਿੰਘ ਵਾਲਾ ਅਤੇ ਢਾਣੀ ਪੰਜਾਬ ਪੂਰਾ ਦੀ 309 ਏਕੜ ਜ਼ਮੀਨ ‘ਤੇ ਕਬਜ਼ੇ ਛੁਡਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜੋ ਕਿ ਦਸੰਬਰ ਮਹੀਨੇ ਤੋਂ ਸ਼ੁਰੁ ਹੋਈ ਸੀ ਅਤੇ ਉਦੋਂ ਤੋਂ ਹੀ ਏਨਾ 3 ਪਿੰਡਾਂ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਭਾਰਤ ਪਾਕ ਦੀ ਵੰਡ ਸਮੇਂ ਤੋਂ ਉਹ ਇਥੇ ਵਸੇ ਹੋਏ ਹਨ ਤੇ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ ਇਸ ਬੰਜਰ ਜਮੀਨ ਨੂੰ ਖੇਤੀ ਯੋਗ ਕੀਤਾ ਗਿਆ ਅਤੇ ਹੁਣ ਸਰਕਾਰ ਉਨ੍ਹਾਂ ਤੋਂ ਉਨ੍ਹਾਂ ਦਾ ਇਕਲੌਤਾ ਰੁਜ਼ਗਾਰ ਖੋਹਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਇੱਥੇ 300 ਏਕੜ ਵਿੱਚ 400 ਦੇ ਕਰੀਬ ਘਰ ਹਨ। ਜੋ ਸਿੱਧੇ ਤੌਰ ‘ਤੇ ਇਸ ਜ਼ਮੀਨ ‘ਤੇ ਨਿਰਭਰ ਕਰਦੇ ਹਨ। ਲੋਕਾਂ ਦਾ ਕਹਿਣੈ ਕਿ ਉਹ ਮਰ ਜਾਣਗੇ ਪਰ ਇਹ ਜ਼ਮੀਨ ਨਹੀਂ ਛੱਡਣਗੇ।
‘ਕਿਸੇ ਨਾਲ ਵੀ ਨਹੀਂ ਹੋਵੇਗੀ ਬੇਇਨਸਾਫੀ’
ਇਸ ਮਾਮਲੇ ਨੂੰ ਲੈ ਕੇ ਕਾਫੀ ਦੇਰ ਤੱਕ ਵਿਧਾਇਕ ਅਤੇ ਲੋਕਾਂ ਵਿਚਾਲੇ ਬਹਿਸ ਹੋਈ। ਧਰਨਾਕਾਰੀਆਂ (Protest) ਨੇ ਧਰਨੇ ਨੂੰ ਅਣਮਿਥੇ ਸਮੇਂ ਲਈ ਜਾਰੀ ਰੱਖਣ ਦੀ ਗੱਲ ਆਖੀ ਹੈ। ਦੇਰ ਸ਼ਾਮ ਵਿਧਾਇਕ ਵੱਲੋਂ ਇੱਕ ਵਾਰ ਫਿਰ ਕੋਸ਼ਿਸ਼ ਕੀਤੀ ਗਈ ਤਾਂ ਵਿਧਾਇਕ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਵਿਧਾਇਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।