ਫੌਜਾ ਸਿੰਘ ਸੜਕ ਹਾਦਸੇ ਦਾ ਮੁਲਜ਼ਮ ਗ੍ਰਿਫ਼ਤਾਰ, 8 ਦਿਨ ਪਹਿਲਾਂ ਹੀ ਕੈਨੇਡਾ ਤੋਂ ਸੀ ਪਰਤਿਆ, Fortuner ਗੱਡੀ ਨਾਲ ਮਾਰੀ ਸੀ ਟੱਕਰ
Fauja Singh Accident: ਮੁਲਜ਼ਮ ਨੂੰ ਦੇਰ ਰਾਤ ਪੁਲਿਸ ਦੁਆਰਾ ਥਾਣਾ ਭੋਗਪੁਰ ਲਿਆਂਦਾ ਗਿਆ, ਜਿੱਥੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ। ਜਲੰਧਰ ਦੇ ਕਰਤਾਰਪੁਰ ਵਿਖੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ ਅੰਮ੍ਰਿਤਸਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਢਿੱਲੋਂ ਨੂੰ ਅੱਜ ਪੁਲਿਸ ਕੋਰਟ 'ਚ ਪੇਸ਼ ਕਰੇਗੀ।

ਪੰਜਾਬ ਪੁਲਿਸ ਨੇ 114 ਸਾਲਾਂ ਮਸ਼ਹੂਰ ਦੌੜਾਕ ਫੌਜਾ ਸਿੰਘ ਨਾਲ ਜੁੜੇ ਹਿੱਟ ਐਂਡ ਰਨ ਮਾਮਲੇ ਨੂੰ 2 ਦਿਨਾਂ ਵਿਚਕਾਰ ਹੀ ਸੁਲਝਾ ਲਿਆ ਹੈ। ਮੰਗਲਵਾਰ ਦੇਰ ਰਾਤ ਪੁਲਿਸ ਨੇ ਇਸ ਮਾਮਲੇ ‘ਚ 30 ਸਾਲਾਂ ਐਨਆਰਆਈ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਹਾਦਸੇ ਦੌਰਾਨ ਜਿਸ ਗੱਡੀ ‘ਚ ਉਹ ਸਵਾਰ ਸੀ, ਉਹ ਫੌਰਚਿਊਨਰ ਗੱਡੀ ਵੀ ਬਰਾਮਦ ਕਰ ਲਈ ਹੈ।
ਮੁਲਜ਼ਮ ਨੂੰ ਦੇਰ ਰਾਤ ਪੁਲਿਸ ਦੁਆਰਾ ਥਾਣਾ ਭੋਗਪੁਰ ਲਿਆਂਦਾ ਗਿਆ, ਜਿੱਥੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ। ਜਲੰਧਰ ਦੇ ਕਰਤਾਰਪੁਰ ਵਿਖੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਢਿੱਲੋਂ ਨੂੰ ਅੱਜ ਪੁਲਿਸ ਕੋਰਟ ‘ਚ ਪੇਸ਼ ਕਰੇਗੀ।
ਪੁਲਿਸ ਨੇ ਕੁੱਝ ਗੱਡੀਆਂ ਕੀਤੀਆਂ ਲਿਸਟ ਆਊਟ, ਐਨਆਰਆਈ ਦੀ ਫੌਰਚਿਊਨਰ ਕਾਰ ਵੀ ਜਾਂਚ ‘ਚ ਸ਼ਾਮਲ
ਐਸਐਸਪੀ ਹਰਵਿੰਦਰ ਸਿੰਘ ਵਿਰਕ ਦੁਆਰਾ ਬਣਾਈ ਗਈ ਟੀਮ ਨੇ ਕੁੱਝ ਗੱਡੀਆਂ ਨੂੰ ਲਿਸਟ ਆਊਟ ਕੀਤਾ ਸੀ, ਜਿਨ੍ਹਾਂ ‘ਚੋਂ ਇੱਕ ਫੌਰਚਿਊਨਰ ਗੱਡੀ ਦੀ ਪਛਾਣ ਵੀ ਹੋਈ ਸੀ। ਮੰਗਲਵਾਰ ਦੇਰ ਰਾਤ ਨੂੰ ਗੱਡੀ ਦਾ ਨੰਬਰ ਵੀ ਸਪੱਸ਼ਟ ਹੋ ਗਿਆ। ਨੰਬਰ ਤੋਂ ਪਤਾ ਚੱਲਿਆ ਕਿ ਗੱਡੀ ਕਪੂਰਥਲਾ ਪਿੰਡ ਦੇ ਰਹਿਣ ਵਾਲੇ ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੇ ਨਾਮ ‘ਤੇ ਰਜਿਸਟਰ ਸੀ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਕਪੂਰਥਲਾ ਲਈ ਰਵਾਨਾ ਹੋ ਗਈ ਤੇ ਵਰਿੰਦਰ ਤੱਕ ਪਹੁੰਚੀ।
ਵਰਿੰਦਰ ਤੋਂ ਪੁੱਛ-ਗਿੱਛ ਦੌਰਾਨ ਪਤਾ ਚੱਲਿਆ ਕਿ ਕੈਨੇਡਾ ਤੋਂ ਆਏ ਐਨਆਰਆਈ ਅੰਮ੍ਰਿਤਪਾਲ ਸਿੰਘ ਨੇ ਉਸ ਦੀ ਕਾਰ ਖਰੀਦ ਲਈ ਸੀ। ਪੁਲਿਸ ਨੂੰ ਇਹ ਵੀ ਪਤਾ ਚੱਲਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਭੈਣਾਂ ਤੇ ਮਾਂ ਕੈਨੇਡਾ ‘ਚ ਰਹਿੰਦੇ ਹਨ।
ਇਹ ਵੀ ਪੜ੍ਹੋ
8 ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਐਨਆਰਆਈ
ਅੰਮ੍ਰਿਤਪਾਲ ਸਿੰਘ 8 ਦਿਨਾਂ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਦੇਰ ਰਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ। ਹਾਦਸੇ ਤੋਂ ਇੱਕ ਦਿਨ ਬਾਅਦ ਅੰਮ੍ਰਿਤਪਾਲ ਸਿੰਘ ਕਰਤਾਰਪੁਰ ਨੇੜੇ ਆਪਣੇ ਪਿੰਡ ਗਿਆ। ਉਹ ਜਲੰਧਰ ਨਹੀਂ ਗਿਆ ਸਗੋਂ ਪਿੰਡਾਂ ਦੇ ਰਸਤਿਆਂ ਰਾਹੀਂ ਆਪਣੇ ਪਿੰਡ ਪਹੁੰਚਿਆ। ਮੁੱਢਲੀ ਜਾਂਚ ‘ਚ ਅੰਮ੍ਰਿਤਪਾਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਮੁਕੇਰੀਆਂ ਵੱਲੋਂ ਆਪਣਾ ਫ਼ੋਨ ਵੇਚ ਕੇ ਆ ਰਿਹਾ ਸੀ। ਜਦੋਂ ਉਹ ਬਿਆਸ ਨੇੜੇ ਪਹੁੰਚਿਆ ਤਾਂ ਬਜ਼ੁਰਗ ਉਸ ਦੀ ਗੱਡੀ ਨਾਲ ਟਕਰਾ ਗਿਆ। ਉਸ ਨੂੰ ਇਹ ਨਹੀਂ ਪਤਾ ਸੀ ਕਿ ਬਜ਼ੁਰਗ ਫੌਜਾ ਸਿੰਘ ਹਨ। ਦੇਰ ਰਾਤ ਉਸ ਨੇ ਖ਼ਬਰਾਂ ਰਾਹੀਂ ਫੌਜਾ ਸਿੰਘ ਦੀ ਮੌਤ ਬਾਰੇ ਜਾਣਿਆ।