Dr. Kashmir Singh Sohal: ਨਹੀਂ ਰਹੇ ਆਪ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਨਿੱਜੀ ਅਤੇ ਸਿਆਸੀ ਜ਼ਿੰਦਗੀ ‘ਤੇ ਇੱਕ ਨਜ਼ਰ
Dr. Kashmir Singh Sohal Profile: ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਡਾ. ਕਸ਼ਮੀਰ ਸਿੰਘ ਸੋਹਲ ਅੱਜ ਇੱਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਬਤੌਰ ਡਾਕਟਰ ਸੋਹਲ ਨੂੰ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਇੱਕ ਡਾਕਟਰ ਹੋਣ ਦੇ ਨਾਤੇ ਆਪਣੇ ਇਲਾਕੇ ਵਿੱਚ ਸਿਹਤ ਸਹੂਲਤਾਂ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ। ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਦੇ ਨਾਲ-ਨਾਲ ਤਰਨਤਾਰਨ ਦੇ ਵਿਕਾਸ ਲਈ ਵੀ ਦਿਨ ਰਾਤ ਕੰਮ ਕੀਤਾ।

ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਡਾ. ਸੋਹਲ ਆਪਣੀ ਦਰਿਆਦਿਲੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਜਾਣੇ ਜਾਂਦੇ ਸਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਹੀ ਉਹ ਸਮਾਜ ਸੇਵਾ ਨਾਲ ਜੁੜੇ ਹੋਏ ਸਨ। ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਲਾਕੇ ਲਈ ਕਈ ਬੇਮਿਸਾਲ ਕੰਮ ਕਰਵਾਏ। ਉਨ੍ਹਾਂ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਤੇ ਇੱਕ ਝਾਤ ਪਾਉਂਦੇ ਹਾਂ….
20 ਫਰਵਰੀ, 1959 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਡੇਰਾ ਸੋਹਲ ਦੇ ਵਸਨੀਕ ਕੁੰਦਨ ਸਿੰਘ ਦੇ ਘਰ ਜਨਮੇ ਡਾ. ਕਸ਼ਮੀਰ ਸਿੰਘ ਸੋਹਲ ਕਾਲਜ ਦੀ ਪੜ੍ਹਾਈ ਤੋਂ ਬਾਅਦ ਡਾਕਟਰੀ ਖੇਤਰ ਨਾਲ ਜੁੜ ਗਏ। ਸਾਲ 1981 ਦੌਰਾਨ ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਪੜ੍ਹਦੇ ਸਮੇਂ, ਉਹ ਵਿਦਿਆਰਥੀ ਵਿੰਗ ਵਿੱਚ ਸਰਗਰਮ ਰਹੇ। ਨਾਲ ਹੀ ਉਨ੍ਹਾਂ ਨੇ ਉਸ ਸਮੇਂ ਮੈਡੀਕਲ ਅਫਸਰ ਵਜੋਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲ੍ਹੇ ਪੰਜਾਬ ਵਿੱਚ ਅੱਤਵਾਦ ਆਪਣੇ ਸਿਖਰ ‘ਤੇ ਸੀ। 1986 ਵਿੱਚ ਮੀਆਂਵਿਡ ਹਸਪਤਾਲ ਵਿੱਚ ਆਪਣੀ ਤਾਇਨਾਤੀ ਦੌਰਾਨ, ਉਨ੍ਹਾਂ ਨੇ ਸਮਾਜ ਸੇਵਾ ਕਰਨ ਦਾ ਵੀ ਫੈਸਲਾ ਕੀਤਾ।
ਸ਼ੁਰੂ ਤੋਂ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਰੁੱਝੇ ਰਹੇ ਡਾ. ਸੋਹਲ
ਡਾ. ਕਸ਼ਮੀਰ ਸਿੰਘ ਸੋਹਲ ਨੇ ਤਰਨਤਾਰਨ ਵਿੱਚ ਸਿਟੀਜ਼ਨ ਕੌਂਸਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਮਾਹਿਰ ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਦਾ ਤਬਾਦਲਾ ਸਿਵਲ ਹਸਪਤਾਲ ਤਰਨਤਾਰਨ ਵਿੱਚ ਹੋ ਗਿਆ। ਉਨ੍ਹਾਂ ਨੇ ਪੈਰੇਂਟਸ ਐਸੋਸੀਏਸ਼ਨ ਬਣਾ ਕੇ ਸਕੂਲਾਂ ਵਿੱਚ ਵੱਧ ਰਹੀਆਂ ਫੀਸਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਤਰਨਤਾਰਨ ਨੂੰ ਜ਼ਿਲ੍ਹਾ ਬਣਾਉਣ ਲਈ ਇੱਕ ਲੰਬੀ ਭੁੱਖ ਹੜਤਾਲ ਵਿੱਚ ਵੀ ਹਿੱਸਾ ਲਿਆ।
2013 ਵਿੱਚ, ਐਸਐਮਓ ਵਜੋਂ, ਡਾ. ਸੋਹਲ ਸਿਹਤ ਵਿਭਾਗ ਤੋਂ ਸੇਵਾਮੁਕਤ ਹੋ ਗਏ ਅਤੇ ਸਮਾਜ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। 2014 ਵਿੱਚ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਦਿਨ-ਰਾਤ ਮੇਹਨਤ ਕਰਕੇ ਲੋਕਾਂ ਦੇ ਹਿੱਤ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 2022 ਵਿੱਚ ਸੋਹਲ ਨੂੰ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਤਰਨਤਾਰਨ ਤੋਂ ਟਿਕਟ ਦੇ ਕੇ ਸਨਮਾਨਿਤ ਕੀਤਾ। ਸੋਹਲ ਨੇ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ 13,588 ਤੋਂ ਵੱਧ ਵੋਟਾਂ ਨਾਲ ਹਰਾਇਆ। ਉਸ ਵੇਲ੍ਹੇ ਦੇ ਕਾਂਗਰਸ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਤੀਜੇ ਸਥਾਨ ‘ਤੇ ਰਹੇ ਸਨ।
ਤਰਨਤਾਰਨ ਤੋਂ ‘ਆਪ’ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਜੀ ਦੇ ਅਕਾਲ ਚਲਾਣੇ ‘ਤੇ ਪੂਰੀ ਪਾਰਟੀ ਉਹਨਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ਼ ਦੁੱਖ ਸਾਂਝਾ ਕਰਦੀ ਹੈ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ‘ਚ ਅਰਦਾਸ ਹੈ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਦੀਵੀ ਨਿਵਾਸ ਬਖ਼ਸ਼ਿਸ਼ ਕਰਨ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। pic.twitter.com/ygBRbsRXd9
ਇਹ ਵੀ ਪੜ੍ਹੋ
— AAP Punjab (@AAPPunjab) June 27, 2025
ਪਰਿਵਾਰ ਵਿੱਚ ਕੌਣ-ਕੌਣ?
ਡਾ. ਸੋਹਲ ਦੀ ਪਤਨੀ ਨਵਜੋਤ ਕੌਰ ਇੱਕ ਨਿੱਜੀ ਕਾਲਜ ਵਿੱਚ ਲੈਕਚਰਾਰ ਹਨ। ਉਨ੍ਹਾਂਦੇ ਪੁੱਤਰ ਨਵਪ੍ਰੀਤ ਸਿੰਘ, ਧੀ ਮਨਮੀਤ ਕੌਰ ਅਤੇ ਜਵਾਈ ਕਰਨਬੀਰ ਸਿੰਘ ਵੀ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਹਨ। ਬਤੌਰ ਡਾਕਟਰ ਸੋਹਲ ਨੂੰ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਇੱਕ ਡਾਕਟਰ ਹੋਣ ਦੇ ਨਾਤੇ ਆਪਣੇ ਇਲਾਕੇ ਵਿੱਚ ਸਿਹਤ ਸਹੂਲਤਾਂ ਨੂੰ ਕਿਵੇਂ ਬਿਹਤਰ ਬਣਾਇਆ ਜਾਵੇ। ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਦੇ ਨਾਲ-ਨਾਲ ਤਰਨਤਾਰਨ ਦੇ ਵਿਕਾਸ ਲਈ ਵੀ ਦਿਨ ਰਾਤ ਕੰਮ ਕੀਤਾ।
ਡਾ. ਸੋਹਲ ਪੰਜਾਬ ਵਿਕਾਸ ਮੰਚ ਦੇ ਪ੍ਰਧਾਨ ਵੀ ਰਹੇ ਹਨ। ਡਾ. ਸੋਹਲ ਨੇ ਤਰਨਤਾਰਨ ਵਿੱਚ ਕਾਰਗਿਲ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਜਿਸ ਤੋਂ ਬਾਅਦ ਹਰ ਸਾਲ 26 ਜੁਲਾਈ ਨੂੰ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਡਾ. ਸੋਹਲ ਦਾ ਕਹਿਣਾ ਸੀ ਕਿ ਉਹ ਕਾਰਗਿਲ ਸ਼ਹੀਦਾਂ ਦੀ ਯਾਦਗਾਰ ਨੂੰ ਆਧੁਨਿਕ ਰੂਪ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਅੱਜ ਜਦੋਂ ਡਾ. ਸੌਹਲ ਇਸ ਨਾਸ਼ਵਾਨ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਤਾਂ ਉਨ੍ਹਾਂ ਦੇ ਪੂਰੇ ਹਲਕੇ ਦੇ ਨਾਲ-ਨਾਲ ਸਿਆਸੀ ਗਲਿਆਰਿਆਂ ਵਿੱਚ ਵੀ ਸੌਗ ਦੀ ਲਹਿਰ ਦੌੜ ਗਈ ਹੈ। ਸੀਐਮ ਭਗਵੰਤ ਮਾਨ ਨੇ ਖੁਦ ਇਸਨੂੰ ਪਾਰਟੀ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਵਿਰੋਧੀ ਪਾਰਟੀਆਂ ਦੇ ਆਗੂ ਵੀ ਉਨ੍ਹਾਂ ਨੂੰ ਸ਼ਰਧਾਜੰਲੀ ਦੇ ਰਹੇ ਹਨ।