ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ? ਨਹੀਂ ਖ਼ਤਮ ਹੋ ਰਿਹਾ ਕਾਂਗਰਸ ਦਾ ਕਾਟੋ-ਕਲੇਸ਼, ਅੰਮ੍ਰਿਤਸਰ ‘ਚ ਲੱਗੇ ਵਿਵਾਦਤ ਪੋਸਟਰ

Updated On: 

05 Aug 2026 09:51 AM IST

ਅੰਮ੍ਰਿਤਸਰ 'ਚ ਲੱਗੇ ਇੱਕ ਪੋਸਟਰ 'ਚ ਲਿਖਿਆ ਗਿਆ ਹੈ- "ਸਾਹਮਣੇ ਆਓ ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ"। ਇਨ੍ਹਾਂ ਪੋਸਟਰਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ।

ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ? ਨਹੀਂ ਖ਼ਤਮ ਹੋ ਰਿਹਾ ਕਾਂਗਰਸ ਦਾ ਕਾਟੋ-ਕਲੇਸ਼, ਅੰਮ੍ਰਿਤਸਰ ਚ ਲੱਗੇ ਵਿਵਾਦਤ ਪੋਸਟਰ

ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਦੇ ਕੰਪਨੀ ਬਾਗ਼ ‘ਚ ਜਿੱਥੇ ਸ਼ਹਿਰ ਦੇ ਲੋਕ ਸਵੇਰੇ ਸੈਰ ਕਰਨ ਲਈ ਆਉਂਦੇ ਹਨ, ਉੱਥੇ ਹੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਪੋਸਟਰ ਲਗਾਏ ਗਏ ਹਨ। ਇਹ ਪੋਸਟਰ ਅੰਮ੍ਰਿਤਸਰ ਦੇ ਕੁਝ ਕਾਂਗਰਸੀ ਆਗੂਆਂ ਵੱਲੋਂ ਲਗਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ, ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕ ਦੱਸੇ ਜਾ ਰਹੇ ਹਨ। ਇਨ੍ਹਾਂ ਪੋਸਟਰਾਂ ‘ਚ ਸਾਫ਼ ਲਿਖਿਆ ਗਿਆ ਹੈ- ” ਰਾਹੁਲ ਗਾਂਧੀ ਨੂੰ ਇੱਕੋ ਪੁਕਾਰ, ਚੰਨੀ ਨੂੰ ਕਰੋ ਕਾਂਗਰਸ ‘ਚੋਂ ਬਾਹਰ”।

ਇੱਕ ਹੋਰ ਪੋਸਟਰ ‘ਚ ਲਿਖਿਆ ਗਿਆ ਹੈ- “ਸਾਹਮਣੇ ਆਓ ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ”। ਇਨ੍ਹਾਂ ਪੋਸਟਰਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ।

ਫਿਰੋਜ਼ਪੁਰ ‘ਚ ਵੀ ਚੰਨੀ ਦਾ ਪੋਸਟਰਾਂ ਨਾਲ ਵਿਰੋਧ

ਬੀਤੀ ਦਿਨ ਫਿਰੋਜ਼ਪੁਰ ‘ਚ ਵੀ ਪੋਸਟਰ ਵਾਰ ਦੇਖਣ ਨੂੰ ਮਿਲਿਆ। ਸ਼ਹਿਰ ‘ਚ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਵਿਵਾਦਿਤ ਪੋਸਟਰ ਲਗਾਏ ਗਏ ਸਨ। ਪੋਸਟਰ ‘ਚ ਚੰਨੀ ਦੀ ਤਸਵੀਰ ਨੂੰ RSS ਲਿਖੀ ਟੀ-ਸ਼ਰਟ ‘ਚ ਦਰਸਾਇਆ ਗਿਆ ਸੀ, ਜਦਕਿ ਉੱਪਰ ਵੱਡੇ ਅੱਖਰਾਂ ਵਿੱਚ ਲਿਖਿਆ ਸੀ- “ਚੰਨੀ ਭਜਾਓ, ਕਾਂਗਰਸ ਬਚਾਓ”। ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਇਹ ਪੋਸਟਰ ਲੱਗੇ ਨਜ਼ਰ ਆਏ।

ਕਾਂਗਰਸ ਦਾ “ਪੋਸਟਰ ਵਾਰ”

ਸੋਮਵਾਰ ਨੂੰ ਮੁਕਤਸਰ ਤੇ ਫਿਰੋਜ਼ਪੁਰ ਦੀਆਂ ਸੜਕਾਂ ‘ਤੇ “ਕਾਂਗਰਸ ਦਾ ਪੋਸਟਰ ਵਾਰ” ਦੇਖਣ ਨੂੰ ਮਿਲਿਆ ਸੀ। ਮੁਕਤਸਰ ‘ਚ ਲੱਗੇ ਪੋਸਟਰਾਂ ‘ਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਅਧਿਕਾਰੀ ਦੀ ਵਰਦੀ ਵਿੱਚ ਦਰਸਾਇਆ ਗਿਆ ਸੀ ਤੇ ਹੇਠਾਂ “Go Back Baghel” ਲਿਖਿਆ ਗਿਆ ਸੀ। ਇਹ ਪੋਸਟਰ ਆਜ਼ਾਦੀ ਤੋਂ ਪਹਿਲਾਂ ਦੇ “Simon Go Back” ਅੰਦੋਲਨ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਸਨ।

ਇਸ ਦੇ ਨਾਲ ਹੀ ਚੰਨੀ ਦੇ ਸਮਰਥਨ ‘ਚ ਵੀ ਕਈ ਪੋਸਟਰ ਲਗਾਏ ਗਏ ਸਨ। ਇੱਕ ਪੋਸਟਰ ‘ਤੇ “ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ” ਦਾ ਨਾਅਰਾ ਲਿਖਿਆ ਹੋਇਆ ਸੀ, ਜਦਕਿ ਦੂਜੇ ਪੋਸਟਰ ਵਿੱਚ “ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ” ਲਿਖਿਆ ਗਿਆ ਸੀ।

ਨਾਰਾਜ਼ਗੀ ‘ਤੇ ਸਸਪੈਂਸ ਬਰਕਰਾਰ

ਇਸ ਦੌਰਾਨ ਚਰਨਜੀਤ ਸਿੰਘ ਚੰਨੀ ਦੀ ਪਾਰਟੀ ਲੀਡਰਸ਼ਿਪ ਨਾਲ ਵਧ ਰਹੀ ਦੂਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬ ਦੌਰੇ ‘ਤੇ ਆਏ ਭੂਪੇਸ਼ ਬਘੇਲ ਵੱਲੋਂ ਚੰਨੀ ਨਾਲ ਮੁਲਾਕਾਤ ਨਾ ਕਰਨ ਤੇ ਚੰਨੀ ਵੱਲੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣ ਕਾਰਨ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ।

Follow Us