ਮੋਗਾ ‘ਚ ਥਾਰ ਦੀ ਟੱਕਰ ਨਾਲ 2 ਔਰਤਾਂ ਦੀ ਮੌਤ, ਕੱਟ ‘ਤੇ ਹੋਇਆ ਹਾਦਸਾ; ਪੁਲਿਸ ਨੇ ਚਾਲਕ ਕੀਤਾ ਗ੍ਰਿਫ਼ਤਾਰ

Updated On: 

04 Aug 2026 20:58 PM IST

ਮੋਗਾ ਦੇ ਕੈਪੀਟਲ ਹਸਪਤਾਲ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਕੂਟੀ ਸਵਾਰ ਦੋ ਔਰਤਾਂ ਦੀ ਦੁਖਦਾਈ ਮੌਤ ਹੋ ਗਈ। ਤੇਜ਼ ਰਫ਼ਤਾਰ ਥਾਰ ਗੱਡੀ ਦੀ ਟੱਕਰ ਤੋਂ ਬਾਅਦ ਹਰਕਤ ਵਿੱਚ ਆਈ ਥਾਣਾ ਮਹੇਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਥਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਮੋਗਾ ਚ ਥਾਰ ਦੀ ਟੱਕਰ ਨਾਲ 2 ਔਰਤਾਂ ਦੀ ਮੌਤ, ਕੱਟ ਤੇ ਹੋਇਆ ਹਾਦਸਾ; ਪੁਲਿਸ ਨੇ ਚਾਲਕ ਕੀਤਾ ਗ੍ਰਿਫ਼ਤਾਰ

ਮੋਗਾ ਦੇ ਕੈਪੀਟਲ ਹਸਪਤਾਲ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਕੂਟੀ ਸਵਾਰ ਦੋ ਔਰਤਾਂ ਦੀ ਦੁਖਦਾਈ ਮੌਤ ਹੋ ਗਈ। ਤੇਜ਼ ਰਫ਼ਤਾਰ ਥਾਰ ਗੱਡੀ ਦੀ ਟੱਕਰ ਤੋਂ ਬਾਅਦ ਹਰਕਤ ਵਿੱਚ ਆਈ ਥਾਣਾ ਮਹੇਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਥਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦੀ ਪਤਨੀ ਸੁਮਨਜੀਤ ਕੌਰ ਉਰਫ਼ ਸਮਨਜੀਤ ਆਪਣੀ ਸਹੇਲੀ ਦੀਪਿਕਾ (ਵਾਸੀ ਕੱਪੜਾ ਮਾਰਕੀਟ, ਮੋਗਾ) ਨਾਲ ਐਕਟਿਵਾ ਸਕੂਟੀ (PB-29-AA-6335) ‘ਤੇ ਸਵਾਰ ਹੋ ਕੇ ਕੈਪੀਟਲ ਹਸਪਤਾਲ ਵਿਖੇ ਨੌਕਰੀ ਨਾਲ ਸਬੰਧਤ ਜਾਣਕਾਰੀ ਲੈਣ ਜਾ ਰਹੀਆਂ ਸਨ।

ਕੱਟ ਪਾਰ ਕਰਦਿਆਂ ਤੇਜ਼ ਰਫ਼ਤਾਰ ਥਾਰ ਨੇ ਮਾਰੀ ਟੱਕਰ

ਜਦੋਂ ਉਹ ਦੋਵੇਂ ਹਸਪਤਾਲ ਦੇ ਅੰਦਰ ਜਾਣ ਲਈ ਸੜਕ ਦਾ ਕੱਟ ਪਾਰ ਕਰ ਰਹੀਆਂ ਸਨ, ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਥਾਰ ਗੱਡੀ (PB-06-AS-7071) ਨੇ ਬਿਨਾਂ ਹਾਰਨ ਵਜਾਏ ਅਤੇ ਅਣਗਹਿਲੀ ਨਾਲ ਉਨ੍ਹਾਂ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ‘ਚ ਦੋਵੇਂ ਔਰਤਾਂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈਆਂ। ਘਟਨਾ ਤੋਂ ਤੁਰੰਤ ਬਾਅਦ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਕੈਪੀਟਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਸੁਮਨਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ, ਉਸ ਦੀ ਸਹੇਲੀ ਦੀਪਿਕਾ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।

ਮੁਲਜ਼ਮ ਚਾਲਕ ਗ੍ਰਿਫ਼ਤਾਰ, ਕਾਨੂੰਨੀ ਕਾਰਵਾਈ ਜਾਰੀ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਮਹੇਣਾ ਵਿਖੇ ਭਾਰਤੀ ਨਿਆਇ ਸੰਹਿਤਾ (BNS), 2023 ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹਾਦਸੇ ਦੇ ਮੁਲਜ਼ਮ ਥਾਰ ਚਾਲਕ ਅਰਸ਼ਦੀਪ ਸਿੰਘ (ਵਾਸੀ ਪਿੰਡ ਸੰਧਵਾਂ ਖ਼ੁਰਦ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਅਤੇ ਜਾਂਚ ਲਗਾਤਾਰ ਜਾਰੀ ਹੈ।

Follow Us