ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਵਿਭਾਗ ਮੁਤਾਬਕ, ਬਰਾਮਦ ਕੀਤੀ ਗਈ ਬਰਫ਼ੀ ਦੀ ਹਾਲਤ ਬੇਹੱਦ ਖ਼ਰਾਬ ਸੀ ਤੇ ਇਸ 'ਤੇ ਉੱਲੀ (ਫਫੂੰਦ) ਲੱਗੀ ਹੋਈ ਸੀ। ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਹ ਮਿਠਾਈ ਅੱਗੇ ਵਿਕਰੀ ਲਈ ਕੋਲਡ ਸਟੋਰ 'ਚ ਰੱਖੀ ਗਈ ਸੀ।
ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਫੂਡ ਸੇਫਟੀ ਵਿਭਾਗ ਵੱਲੋਂ ਮਿਲਾਵਟੀ ਤੇ ਖ਼ਰਾਬ ਮਿਠਾਈਆਂ ਖ਼ਿਲਾਫ਼ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਬਰਨਾਲਾ ‘ਚ ਜ਼ਿਲ੍ਹਾ ਫੂਡ ਸੇਫਟੀ ਅਧਿਕਾਰੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਇੱਕ ਕੋਲਡ ਸਟੋਰ ‘ਤੇ ਛਾਪੇਮਾਰੀ ਕਰਕੇ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ ਕੀਤੀ ਹੈ।
ਵਿਭਾਗ ਮੁਤਾਬਕ, ਬਰਾਮਦ ਕੀਤੀ ਗਈ ਬਰਫ਼ੀ ਦੀ ਹਾਲਤ ਬੇਹੱਦ ਖ਼ਰਾਬ ਸੀ ਤੇ ਇਸ ‘ਤੇ ਉੱਲੀ (ਫਫੂੰਦ) ਲੱਗੀ ਹੋਈ ਸੀ। ਵਿਭਾਗ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਹ ਮਿਠਾਈ ਅੱਗੇ ਵਿਕਰੀ ਲਈ ਕੋਲਡ ਸਟੋਰ ‘ਚ ਰੱਖੀ ਗਈ ਸੀ।
ਮੀਡੀਆ ਕਵਰੇਜ ਨੂੰ ਰੋਕਣ ਦੀ ਕੋਸ਼ਿਸ਼
ਕਾਰਵਾਈ ਦੀ ਕਵਰੇਜ ਕਰ ਰਹੀ ਮੀਡੀਆ ਟੀਮ ਨੂੰ ਦੁਕਾਨ ਦੇ ਪ੍ਰਬੰਧਕਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਦੌਰਾਨ ਮੀਡੀਆ ਨਾਲ ਕਥਿਤ ਤੌਰ ‘ਤੇ ਬਦਸਲੂਕੀ ਵੀ ਕੀਤੀ ਗਈ। ਕੈਮਰੇ ਸਾਹਮਣੇ ਦੁਕਾਨਦਾਰ ਨੇ ਆਪਣਾ ਨਾਮ-ਪਤਾ ਦੱਸਿਆ, ਪਰ ਖ਼ਰਾਬ ਮਿਠਾਈ ਸਬੰਧੀ ਸਵਾਲ ਪੁੱਛੇ ਜਾਣ ‘ਤੇ ਉਹ ਜਵਾਬ ਦੇਣ ਤੋਂ ਬਚਦਾ ਨਜ਼ਰ ਆਇਆ।
ਮਿਠਾਈ ਦੇ ਸੈਂਪਲ ਜਾਂਚ ਲਈ ਭੇਜੇ
ਫੂਡ ਸੇਫਟੀ ਵਿਭਾਗ ਦੀ ਟੀਮ ਨੇ ਮੌਕੇ ‘ਤੇ ਦੁਕਾਨਦਾਰ ਦੀ ਮੌਜੂਦਗੀ ‘ਚ ਬਰਫ਼ੀ ਦੇ ਸੈਂਪਲ ਲਏ ਹਨ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ। ਜਾਂਚ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਮੁਤਾਬਕ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਸੈਂਪਲ ਲੈਣ ਤੋਂ ਬਾਅਦ ਬਾਕੀ ਖ਼ਰਾਬ ਮਿਠਾਈ ਨੂੰ ਨਸ਼ਟ ਕੀਤਾ ਜਾਵੇਗਾ।
ਪਹਿਲਾਂ ਵੀ 600 ਕਿਲੋ ਪਨੀਰ ਕੀਤਾ ਗਿਆ ਸੀ ਬਰਾਮਦ
ਫੂਡ ਸੇਫਟੀ ਵਿਭਾਗ ਅਨੁਸਾਰ, ਪਿਛਲੇ ਹਫ਼ਤੇ ਵੀ ਕਰੀਬ 600 ਕਿਲੋ ਪਨੀਰ ਬਰਾਮਦ ਕਰਕੇ ਕਾਰਵਾਈ ਕੀਤੀ ਗਈ ਸੀ। ਵਿਭਾਗ ਨੇ ਆਉਣ ਵਾਲੇ ਦਿਨਾਂ ‘ਚ ਵੀ ਮਿਠਾਈ, ਦੁੱਧ, ਡੇਅਰੀ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲਿਆਂ ਦੀ ਜਾਂਚ ਜਾਰੀ ਰੱਖਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਸਤੀ ਮਿਠਾਈ ਜਾਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਦੇ ਚੱਕਰ ‘ਚ ਗੁਣਵੱਤਾ ਨਾਲ ਸਮਝੌਤਾ ਨਾ ਕੀਤਾ ਜਾਵੇ ਤੇ ਸ਼ੱਕੀ ਖਾਣ-ਪੀਣ ਵਾਲੀਆਂ ਵਸਤਾਂ ਪ੍ਰਤੀ ਸਾਵਧਾਨੀ ਵਰਤੀ ਜਾਵੇ। ਫਿਲਹਾਲ ਵਿਭਾਗ ਨੇ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ‘ਚ ਮਿਠਾਈਆਂ ਅਤੇ ਹੋਰ ਖਾਦ ਪਦਾਰਥਾਂ ਦੀ ਜਾਂਚ ਦਾ ਸਿਲਸਿਲਾ ਜਾਰੀ ਰੱਖਣ ਦੀ ਗੱਲ ਕਹੀ ਹੈ।


