ਖੰਨਾ ‘ਚ ਥਾਣੇ ਦੇ ਬਾਥਰੂਮ ‘ਚ ਦਵਾਈ ਵਪਾਰੀ ਨੇ ਆਪਣੇ ਆਪ ਨੂੰ ਲਾਈ ਅੱਗ, ਮੌਤ ਤੋਂ ਬਾਅਦ 4 ਗ੍ਰਿਫ਼ਤਾਰ
ਖੰਨਾ ਦੇ ਸਿਟੀ-1 ਪੁਲਿਸ ਸਟੇਸ਼ਨ ਦੇ ਬਾਥਰੂਮ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਲੁਧਿਆਣਾ ਦੇ ਇੱਕ ਦਵਾਈ ਕਾਰੋਬਾਰੀ ਨੇ ਖ਼ੁਦ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਗੰਭੀਰ ਰੂਪ 'ਚ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਬਿੰਦ ਸਿੰਘ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਗਿੱਲ ਰੋਡ ਸਥਿਤ ਈਸ਼ਰ ਸਿੰਘ ਨਗਰ ਦਾ ਰਹਿਣ ਵਾਲਾ ਸੀ।
ਖੰਨਾ ਦੇ ਸਿਟੀ-1 ਪੁਲਿਸ ਸਟੇਸ਼ਨ ਦੇ ਬਾਥਰੂਮ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਲੁਧਿਆਣਾ ਦੇ ਇੱਕ ਦਵਾਈ ਕਾਰੋਬਾਰੀ ਨੇ ਖ਼ੁਦ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਗੰਭੀਰ ਰੂਪ ‘ਚ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੋਬਿੰਦ ਸਿੰਘ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਗਿੱਲ ਰੋਡ ਸਥਿਤ ਈਸ਼ਰ ਸਿੰਘ ਨਗਰ ਦਾ ਰਹਿਣ ਵਾਲਾ ਸੀ। ਉਹ ਪੇਸ਼ੇ ਤੋਂ ਇੱਕ ਫਾਰਮੇਸੀ ਚਲਾਉਂਦਾ ਸੀ, ਪਰ ਲੰਬੇ ਸਮੇਂ ਤੋਂ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਗੰਭੀਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ।
ਢੋਂਗੀ ਬਾਬੇ ਦੇ ਜਾਲ ‘ਚ ਫਸਿਆ ਕਾਰੋਬਾਰੀ
ਮਿਲੀ ਜਾਣਕਾਰੀ ਅਨੁਸਾਰ, ਕਾਰੋਬਾਰ ਵਿੱਚ ਹੋ ਰਹੇ ਲਗਾਤਾਰ ਨੁਕਸਾਨ ਤੋਂ ਉੱਭਰਨ ਲਈ ਕਿਸੇ ਨੇ ਗੋਬਿੰਦ ਸਿੰਘ ਨੂੰ ਲਾਲਹੇੜੀ ਦੇ ਰਹਿਣ ਵਾਲੇ ਬਾਬਾ ਚਰਨਦਾਸ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਸੀ। ਦਾਅਵਾ ਕੀਤਾ ਗਿਆ ਸੀ ਕਿ ਉਕਤ ਬਾਬਾ ਲੋਕਾਂ ਦੇ ਦੁੱਖ-ਦਰਦ ਅਤੇ ਕਾਰੋਬਾਰੀ ਘਾਟੇ ਦੂਰ ਕਰਨ ਲਈ ਉਪਾਅ ਦੱਸਦਾ ਹੈ। ਆਪਣੀ ਕਿਸਮਤ ਬਦਲਣ ਦੀ ਆਸ ਵਿੱਚ ਗੋਬਿੰਦ ਸਿੰਘ ਉਸ ਕੋਲ ਪਹੁੰਚ ਗਿਆ, ਜਿੱਥੇ ਢੋਂਗੀ ਬਾਬੇ ਨੇ ਉਸ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਸਮੱਸਿਆ ਦੇ ਹੱਲ ਲਈ 73,000 ਰੁਪਏ ਠੱਗ ਲਏ। ਬਾਬੇ ਨੇ ਵਿਸ਼ਵਾਸ ਦਿਵਾਇਆ ਸੀ ਕਿ ਜੇਕਰ ਉਪਾਅ ਕੰਮ ਨਹੀਂ ਕਰੇਗਾ ਤਾਂ ਉਹ ਪੈਸੇ ਵਾਪਸ ਕਰ ਦੇਵੇਗਾ।
ਪੈਸੇ ਵਾਪਸ ਮੰਗਣ ‘ਤੇ ਮਿਲਣ ਲੱਗੀਆਂ ਧਮਕੀਆਂ
ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਗੋਬਿੰਦ ਸਿੰਘ ਦੇ ਕਾਰੋਬਾਰੀ ਹਾਲਾਤ ‘ਚ ਕੋਈ ਸੁਧਾਰ ਨਾ ਆਇਆ, ਤਾਂ ਉਸ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਮੁਲਜ਼ਮ ਬਾਬੇ ਨੇ ਪਹਿਲਾਂ ਤਾਂ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਵਾਰ-ਵਾਰ ਦਬਾਅ ਪਾਉਣ ਤੋਂ ਬਾਅਦ ਉਸ ਨੇ 20,000 ਰੁਪਏ ਵਾਪਸ ਕਰ ਦਿੱਤੇ। ਹਾਲਾਂਕਿ, ਬਾਕੀ ਰਹਿੰਦੇ 53,000 ਰੁਪਏ ਦੇਣ ਤੋਂ ਉਹ ਮੁਕਰ ਗਿਆ। ਜਦੋਂ ਗੋਬਿੰਦ ਸਿੰਘ ਨੇ ਬਾਕੀ ਰਕਮ ਲਈ ਚੱਕਰ ਕੱਟਣੇ ਜਾਰੀ ਰੱਖੇ, ਤਾਂ ਬਾਬਾ ਚਰਨਦਾਸ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਗੰਭੀਰ ਸਿੱਟੇ ਭੁਗਤਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਖ਼ੁਦਕੁਸ਼ੀ ਤੋਂ ਪਹਿਲਾਂ ਪੁਲਿਸ ਸ਼ਿਕਾਇਤ ‘ਚ ਜਤਾਇਆ ਸੀ ਖ਼ਦਸ਼ਾ
ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਕੇ ਗੋਬਿੰਦ ਸਿੰਘ ਨੇ ਥਾਣਾ ਸਿਟੀ-1 ਖੰਨਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਆਪਣੀ ਸ਼ਿਕਾਇਤ ਵਿੱਚ ਪਹਿਲਾਂ ਹੀ ਸਪੱਸ਼ਟ ਲਿਖ ਦਿੱਤਾ ਸੀ ਕਿ ਜੇਕਰ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਉਸ ਦਾ ਜ਼ਿੰਮੇਵਾਰ ਚਰਨਦਾਸ ਅਤੇ ਉਸ ਦੇ ਸਾਥੀ ਹੋਣਗੇ।
ਥਾਣੇ ਦੇ ਬਾਥਰੂਮ ‘ਚ ਚੁੱਕਿਆ ਖ਼ੌਫ਼ਨਾਕ ਕਦਮ
ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਸੋਮਵਾਰ ਨੂੰ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਗੋਬਿੰਦ ਸਿੰਘ ਸਮੇਂ ਸਿਰ ਥਾਣੇ ਪਹੁੰਚ ਗਿਆ, ਜਦੋਂ ਕਿ ਦੂਜੀ ਧਿਰ ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਗੋਬਿੰਦ ਸਿੰਘ ਥਾਣੇ ਦੇ ਬਾਥਰੂਮ ਵਿੱਚ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਜਦੋਂ ਉਹ ਕਾਫ਼ੀ ਦੇਰ ਬਾਹਰ ਨਾ ਆਇਆ, ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਦਰਵਾਜ਼ਾ ਤੋੜਿਆ। ਅੰਦਰ ਗੋਬਿੰਦ ਸਿੰਘ ਬੁਰੀ ਤਰ੍ਹਾਂ ਸੜਿਆ ਹੋਇਆ ਸੀ। ਪੁਲਿਸ ਅਨੁਸਾਰ ਉਸ ਨੇ ਖ਼ੁਦ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ
ਪੁਲਿਸ ਦੀ ਕਾਰਵਾਈ: 4 ਮੁਲਜ਼ਮ ਗ੍ਰਿਫ਼ਤਾਰ
ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਭਾਜੜਾਂ ਪੈ ਗਈਆਂ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ। ਦੇਰ ਸ਼ਾਮ ਤਹਿਸੀਲਦਾਰ ਨੂੰ ਮੈਜਿਸਟ੍ਰੇਟ ਵਜੋਂ ਮੌਕੇ ‘ਤੇ ਬੁਲਾਇਆ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਖੰਨਾ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਬਾਬਾ ਚਰਨਦਾਸ ਅਤੇ ਉਸ ਦੇ ਤਿੰਨ ਸਾਥੀਆਂ ਮੱਖਣ ਸਿੰਘ, ਜੁਗਰਾਜ ਸਿੰਘ ਉਰਫ਼ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਉਰਫ਼ ਈਸ਼ੂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
