ਪੰਜਾਬ ‘ਚ BJP ਇਕੱਲਿਆਂ ਲੜੇਗੀ ਚੋਣਾਂ… ਬੀ.ਐੱਲ. ਸੰਤੋਸ਼ ਦੀ ਮੀਟਿੰਗ ਮਗਰੋਂ ਕੇਵਲ ਢਿੱਲੋਂ ਦਾ ਵੱਡਾ ਐਲਾਨ

Updated On: 

25 Aug 2026 22:48 PM IST

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਦੇ ਦੋ-ਰੋਜ਼ਾ ਪੰਜਾਬ ਦੌਰੇ ਨਾਲ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਹਲਚਲ ਪੈਦਾ ਹੋ ਗਈ ਹੈ। ਇਸ ਦੌਰੇ ਦਾ ਮੁੱਖ ਮੰਤਵ ਪੰਜਾਬ ਵਿੱਚ ਸੰਗਠਨ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨਾ ਅਤੇ ਜ਼ਮੀਨੀ ਪੱਧਰ 'ਤੇ ਪਾਰਟੀ ਕਾਡਰ ਦੀ ਨਬਜ਼ ਪਛਾਣਨਾ ਸੀ।

ਪੰਜਾਬ ਚ BJP ਇਕੱਲਿਆਂ ਲੜੇਗੀ ਚੋਣਾਂ... ਬੀ.ਐੱਲ. ਸੰਤੋਸ਼ ਦੀ ਮੀਟਿੰਗ ਮਗਰੋਂ ਕੇਵਲ ਢਿੱਲੋਂ ਦਾ ਵੱਡਾ ਐਲਾਨ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਦੇ ਦੋ-ਰੋਜ਼ਾ ਪੰਜਾਬ ਦੌਰੇ ਨਾਲ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਹਲਚਲ ਪੈਦਾ ਹੋ ਗਈ ਹੈ। ਇਸ ਦੌਰੇ ਦਾ ਮੁੱਖ ਮੰਤਵ ਪੰਜਾਬ ਵਿੱਚ ਸੰਗਠਨ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨਾ ਅਤੇ ਜ਼ਮੀਨੀ ਪੱਧਰ ‘ਤੇ ਪਾਰਟੀ ਕਾਡਰ ਦੀ ਨਬਜ਼ ਪਛਾਣਨਾ ਸੀ। ਲੁਧਿਆਣਾ ਵਿਖੇ ਬੀ.ਐੱਲ. ਸੰਤੋਸ਼ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਜਥੇਬੰਦਕ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੱਡਾ ਸਿਆਸੀ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਆਗਾਮੀ ਚੋਣਾਂ ਵਿੱਚ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਚੋਣ ਨਿਸ਼ਾਨ ‘ਤੇ ਇਕੱਲਿਆਂ ਹੀ ਚੋਣ ਲੜੇਗੀ।

ਪਟਿਆਲਾ ਤੇ ਬਠਿੰਡਾ ‘ਚ ਜ਼ੋਨਲ ਮੀਟਿੰਗਾਂ ਰਾਹੀਂ ਲਿਆ ਫੀਡਬੈਕ

ਆਪਣੇ ਦੌਰੇ ਦੇ ਪਹਿਲੇ ਪੜਾਅ ਦੌਰਾਨ ਬੀ.ਐੱਲ. ਸੰਤੋਸ਼ ਨੇ ਪਟਿਆਲਾ ਅਤੇ ਬਠਿੰਡਾ ਵਿਖੇ ਅਹਿਮ ਜ਼ੋਨਲ ਮੀਟਿੰਗਾਂ ਕੀਤੀਆਂ। ਇਨ੍ਹਾਂ ਬੈਠਕਾਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸਰਗਰਮ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗਾਂ ਦੌਰਾਨ ਪਾਰਟੀ ਦੇ ਵਿਸਥਾਰ ਅਤੇ ਭਵਿੱਖੀ ਰਣਨੀਤੀ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।

ਗਠਜੋੜ ‘ਤੇ ਵਰਕਰਾਂ ਦੀ ਸਪੱਸ਼ਟ ਰਾਇ, ਅਫ਼ਵਾਹਾਂ ‘ਤੇ ਲੱਗਾ ਪੂਰਨ ਵਿਰਾਮ

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਹੋਣ ਦੀਆਂ ਚਰਚਾਵਾਂ ਜ਼ੋਰ ਫੜ ਰਹੀਆਂ ਸਨ। ਪਰ ਇਨ੍ਹਾਂ ਮੀਟਿੰਗਾਂ ਦੌਰਾਨ ਜਦੋਂ ਗਠਜੋੜ ਦਾ ਮੁੱਦਾ ਵਿਚਾਰਿਆ ਗਿਆ ਤਾਂ ਬਹੁਤੇ ਵਰਕਰਾਂ ਅਤੇ ਸਥਾਨਕ ਆਗੂਆਂ ਨੇ ਕਿਸੇ ਵੀ ਦਲ ਨਾਲ ਗਠਜੋੜ ਕਰਨ ਦੀ ਬਜਾਏ ਇਕੱਲਿਆਂ ਚੋਣ ਮੈਦਾਨ ਵਿੱਚ ਉਤਰਨ ਦੀ ਵਕਾਲਤ ਕੀਤੀ।

ਵਰਕਰਾਂ ਦਾ ਤਰਕ ਸੀ ਕਿ ਪਾਰਟੀ ਨੂੰ ਸੂਬੇ ਵਿੱਚ ਆਪਣਾ ਸੁਤੰਤਰ ਜਨ-ਆਧਾਰ ਮਜ਼ਬੂਤ ਕਰਨਾ ਚਾਹੀਦਾ ਹੈ। ਵਰਕਰਾਂ ਦੇ ਇਸ ਰੁਖ਼ ਨੂੰ ਦੇਖਦਿਆਂ ਬੀ.ਐੱਲ. ਸੰਤੋਸ਼ ਨੇ ਪਹਿਲੀ ਹੀ ਬੈਠਕ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਪਾਰਟੀ ਸਾਰੀਆਂ 117 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ ਅਤੇ ਸਰਕਾਰ ਬਣਾਉਣ ਦੇ ਟੀਚੇ ਨਾਲ ਅੱਗੇ ਵਧੇਗੀ। ਇਸ ਤੋਂ ਬਾਅਦ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਸਥਿਤੀ ਸਪੱਸ਼ਟ ਕਰਦਿਆਂ ਗਠਜੋੜ ਦੀਆਂ ਸਾਰੀਆਂ ਅਫ਼ਵਾਹਾਂ ‘ਤੇ ਪੂਰਨ ਵਿਰਾਮ ਲਗਾ ਦਿੱਤਾ ਹੈ।

ਬੂਥ ਪੱਧਰ ਨੂੰ ਮਜ਼ਬੂਤ ਕਰਨ ਅਤੇ ਪੰਨਾ ਪ੍ਰਮੁੱਖ ਤਾਇਨਾਤ ਕਰਨ ਦੇ ਨਿਰਦੇਸ਼

ਬੀ.ਐੱਲ. ਸੰਤੋਸ਼ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਜਥੇਬੰਦਕ ਢਾਂਚੇ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਤੁਰੰਤ ‘ਪੰਨਾ ਪ੍ਰਮੁੱਖਾਂ’ ਦੀ ਨਿਯੁਕਤੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਆਗੂਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਜ਼ਮੀਨੀ ਪ੍ਰਵਾਸ ਕਰਨਾ ਪਵੇਗਾ। ਦੂਜੇ ਪਾਸੇ ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਪਾਰਟੀ 117 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ, ਜਦਕਿ ਮੀਟਿੰਗ ਵਿੱਚ ਸ਼ਾਮਲ ਹੋਣ ਉਪਰੰਤ ਬੀ.ਐੱਲ. ਸੰਤੋਸ਼ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ।

Loading...
Unable to load recommendations.
Follow Us