Punjab Vidhan Sabha Session: ਪਹਿਲੇ ਦਿਨ ਵਿਧਾਨ ਸਭਾ ‘ਚ ਦਿੱਤੀ ਗਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ
ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਬੰਧਤ ਪਰਿਵਾਰਾਂ ਨੂੰ ਸਦਨ ਵੱਲੋਂ ਸ਼ੋਕ ਸੁਨੇਹੇ ਭੇਜਣ ਬਾਰੇ ਮਤਾ ਲਿਆਂਦਾ, ਜਿਸ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ।

ਚੰਡੀਗੜ੍ਹ ਨਿਊਜ਼: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਨੇ ਉੱਘੀਆਂ ਸ਼ਖ਼ਸੀਅਤਾਂ, ਜਿਨ੍ਹਾਂ ਵਿੱਚ ਸਿਆਸੀ ਹਸਤੀਆਂ, ਸੁਤੰਤਰਤਾ ਸੰਗਰਾਮੀ, ਸ਼ਹੀਦ, ਖਿਡਾਰੀ ਤੇ ਉੜੀਸਾ ਰੇਲ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਸ਼ਾਮਲ ਹਨ, ਨੂੰ ਸ਼ਰਧਾਂਜਲੀ ਭੇਟ ਕੀਤੀ।
16ਵੀਂ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ ਦੌਰਾਨ ਸਦਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ, ਸਾਬਕਾ ਵਿਧਾਇਕ ਰੁਮਾਲ ਚੰਦ, ਸੁਤੰਤਰਤਾ ਸੰਗਰਾਮੀ ਉਜਾਗਰ ਸਿੰਘ, ਸ਼ਹੀਦ ਮਨਦੀਪ ਸਿੰਘ ਹਵਲਦਾਰ, ਸ਼ਹੀਦ ਕੁਲਵੰਤ ਸਿੰਘ ਚੜਿੱਕ, ਸ਼ਹੀਦ ਸਿਪਾਹੀ ਹਰਕ੍ਰਿਸ਼ਨ ਸਿੰਘ ਤੇ ਸ਼ਹੀਦ ਸਿਪਾਹੀ ਸੇਵਕ ਸਿੰਘ, ਉੱਘੇ ਖਿਡਾਰੀ ਕੌਰ ਸਿੰਘ ਤੇ ਕਿਰਨ ਅਜੀਤ ਪਾਲ ਸਿੰਘ, ਪ੍ਰਸਿੱਧ ਅਦਾਕਾਰ ਮੰਗਲ ਢਿੱਲੋਂ ਅਤੇ ਸ਼ਹੀਦ ਨਾਇਬ ਸੂਬੇਦਾਰ ਬਲਬੀਰ ਸਿੰਘ ਰਾਣਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਰਹੂਮ ਕਬੱਡੀ ਖਿਡਾਰੀ ਸਮੇਤ ਕਈ ਹੋਰਨਾ ਨੂੰ ਵੀ ਸ਼ਰਧਾਂਜਲੀ
ਸੋਮਵਾਰ ਨੂੰ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਵੀ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਸਮੂਹ ਹਾਜ਼ਰ ਮੈਬਰਾਂ ਨੂੰ ਉਨ੍ਹਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਵਲੋਂ ਓਡੀਸ਼ਾ ਰੇਲ ਹਾਦਸੇ ਚ ਮਾਰੇ ਗਏ 300 ਤੋਂ ਜ਼ਿਆਦਾ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਪੂਰੇ ਸਦਨ ਨੇ ਇਸ ਹਾਦਸੇ ਚ ਮਾਰੇ ਗਏ ਲੋਕਾਂ ਨੂੰ ਵੀ ਸ਼ਰਧਾਜੰਲੀ ਭੇਟ ਕੀਤੀ। ਸ਼ਰਧਾਂਜਲੀ ਭੇਟ ਕਰਨ ਦੌਰਾਨ ਵਿਛੜੀਆਂ ਰੂਹਾਂ ਦੇ ਸਨਮਾਨ ਵਿੱਚ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ ਸੀ।
ਕੱਲ ਵਿਧਾਨਸਭਾ ‘ਚ ਹੰਗਾਮਾ ਹੋਣ ਦੇ ਆਸਾਰ
ਜਿਕਰਯੋਗ ਹੈ ਕਿ ਕੱਲ੍ਹ ਪੰਜਾਬ ਸਰਕਾਰ ਵਿਧਾਨਸਭਾ ਵਿੱਚ ਸਿੱਖ ਗੁਰਦੁਆਰਾ (ਸੋਧ) ਐਕਟ-2023 ਦਾ ਪ੍ਰਸਤਾਵ ਲਿਆਉਣ ਜਾ ਰਹੀ ਹੈ। ਜਿਸਦਾ ਸਾਰੇ ਵਿਰੋਧੀ ਦਲ ਜੋਰਦਾਰ ਵਿਰੋਧ ਕਰ ਰਹੇ ਹਨ। ਇਸ ਮੁੱਦੇ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੱਲ ਵਿਧਾਨਸਭਾ ਚ ਜਦੋਂ ਇਹ ਸੋਧ ਬਿਲ ਪੇਸ਼ ਕੀਤਾ ਜਾਵੇਗਾ ਤਾਂ ਉਸਨੂੰ ਪੜਣ ਤੋਂ ਬਾਅਦ ਹੀ ਉਹ ਕੋਈ ਫੈਸਲਾ ਲੈਣਗੇ। ਜਦਕਿ ਅਕਾਲੀ ਦਲ ਇਸ ਬਿਲ ਨੂੰ ਪੂਰੀ ਤਰ੍ਹਾਂ ਨਾਲ ਗਲਤ ਠਹਿਰਾ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ