ਸਾਂਸਦ ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਪੰਜਾਬ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ; ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰਦੇ ਹੋਏ ਲਿਖਿਆ ਉਪਰੋਕਤ ਵਿਸ਼ੇ ਸਬੰਧੀ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਵੀਡੀਓ ਵਿੱਚ ਆਪ ਵੱਲੋਂ ਗਿੱਦੜਬਾਹਾ ਹਲਕੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਔਰਤਾਂ ਪ੍ਰਤੀ ਬਹੁਤ ਹੀ ਭੱਦੀ ਅਤੇ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ ਅਤੇ ਇਸ ਸਮੇਂ ਕਾਂਗਰਸ ਪਾਰਟੀ ਦੇ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਸ੍ਰੀਮਤੀ ਅੰਮ੍ਰਿਤਾ ਵੜਿੰਗ ਵੀ ਹਾਜਰ ਸਨ।
ਗਿੱਦੜਬਾਹਾ ‘ਚ ਚੋਣ ਪ੍ਰਚਾਰ ਦੌਰਾਨ ਦਿੱਤੇ ਗਏ ਬਿਆਨ ਨੂੰ ਲੈ ਕੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਇੱਕ ਉਦਾਹਰਣ ਦਿੰਦਿਆਂ ਹੋਇਆ ਮਹਿਲਾਵਾਂ ਦਾ ਵੀ ਜ਼ਿਕਰ ਕੀਤਾ ਸੀ, ਜਿਸ ‘ਤੇ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਮਹਿਲਾਵਾਂ ਦਾ ਅਪਮਾਨ ਕੀਤਾ ਹੈ। ਹੁਣ ਇਸ ਮਾਮਲੇ ‘ਚ ਪੰਜਾਬ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਮਹਿਲਾ ਕਮਿਸ਼ਨ ਦਾ ਨੋਟਿਸ
ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰਦੇ ਹੋਏ ਲਿਖਿਆ ਉਪਰੋਕਤ ਵਿਸ਼ੇ ਸਬੰਧੀ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਵੀਡੀਓ ਵਿੱਚ ਆਪ ਵੱਲੋਂ ਗਿੱਦੜਬਾਹਾ ਹਲਕੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਔਰਤਾਂ ਪ੍ਰਤੀ ਬਹੁਤ ਹੀ ਭੱਦੀ ਅਤੇ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ ਅਤੇ ਇਸ ਸਮੇਂ ਕਾਂਗਰਸ ਪਾਰਟੀ ਦੇ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਸ੍ਰੀਮਤੀ ਅੰਮ੍ਰਿਤਾ ਵੜਿੰਗ ਵੀ ਹਾਜਰ ਸਨ। ਮੀਡੀਆ ਵਿੱਚ ਤੇਜੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਆਪ ਵੱਲੋਂ ਨਾ ਕੇਵਲ ਔਰਤ ਵਰਗ ਸਗੋਂ ਜੱਟ ਭਾਈਚਾਰੇ ਅਤੇ ਹਿੰਦੂ ਭਾਈਚਾਰੇ ਦੇ ਖਿਲਾਫ ਵੀ ਬਹੁਤ ਹੀ ਸ਼ਰਮਨਾਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਆਪ ਵੱਲੋਂ ਅਜਿਹਾ ਕਰਕੇ ਨਾ ਕੇਵਲ ਸਮੁੱਚੀ ਔਰਤ ਜਾਤੀ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ, ਸਗੋਂ ਦੋਹਾਂ ਭਾਈਚਾਰਿਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ।
ਪੰਜਾਬ ਵਿੱਚ ਅਮਨ-ਸ਼ਾਂਤੀ ਦਾ ਮਹੌਲ ਭੰਗ ਹੋ ਸਕਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਹੋਣ ਕਾਰਨ ਆਪ ਵੱਲੋਂ ਅਜਿਹੀਆਂ ਟਿੱਪਣੀਆਂ ਸ਼ੋਭਾ ਨਹੀਂ ਦਿੰਦੀਆਂ ਹਨ। ਆਪ ਨੂੰ ਔਰਤ ਵਰਗ ਲਈ ਅਜਿਹੀ ਟਿੱਪਣੀ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ ਗਿੱਦੜਬਾਹਾ ਤੋਂ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਪ੍ਰਚਾਰ ਦੌਰਾਨ ਚਰਨਜੀਤ ਚੰਨੀ ਭਾਜਪਾ ਅਤੇ ‘ਆਪ’ ‘ਤੇ ਨਿਸ਼ਾਨਾ ਸਾਧਦੇ ਹੋਏ ਵਿਵਾਦਿਤ ਬਿਆਨ ਦਿੱਤਾ। ਉਨ੍ਹਾਂ ਨੇ ਇੱਕ ਉਦਾਹਰਣ ਦਿੱਤੀ, ਜਿਸ ‘ਚ ਔਰਤਾਂ ਤਾ ਵੀ ਜ਼ਿਕਰ ਸੀ। ਚੰਨੀ ਵੱਲੋਂ ਦਿੱਤੇ ਬਿਆਨ ‘ਤੇ ਭਾਜਪਾ ਅਤੇ ‘ਆਪ’ ਆਗੂਆਂ ਨੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਚੰਨੀ ਨੇ ਔਰਤਾਂ ਦਾ ਅਪਮਾਨ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ‘ਆਪ’ ਅਤੇ ਭਾਜਪਾ ਨੇ ਮਹਿਲਾ ਕਮਿਸ਼ਨ ਤੋਂ ਚੰਨੀ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ ਦਾ ਨੋਟਿਸ ਲੈਂਦਿਆਂ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਚੰਨੀ ਨੂੰ ਨੋਟਿਸ ਜਾਰੀ ਕੀਤਾ ਹੈ।
ਵਿਰੋਧੀਆਂ ਨੇ ਚੁੱਕੇ ਸੀ ਸਵਾਲ
ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਸੀ ਕਿ ਚਰਨਜੀਤ ਸਿੰਘ ਨੇ ਔਰਤਾਂ ਦਾ ਅਪਮਾਨ ਕੀਤਾ ਹੈ ਅਤੇ ਮਹਿਲਾ ਕਮਿਸ਼ਨ ਨੂੰ ਇਸ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਡਿੰਪੀ ਢਿੱਲੋਂ ਨੇ ਕਿਹਾ ਹੈ ਕਿ ਚਰਨਜੀਤ ਚੰਨੀ ਇੱਕ ਮਹਿਲਾ ਉਮੀਦਵਾਰ ਦੇ ਸਾਹਮਣੇ ਅਜਿਹੇ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸੀਐਮ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਚੋਣ ਰੈਲੀ ਵਿੱਚ ਔਰਤ ਬਾਰੇ ਗਲਤ ਬਿਆਨ ਦਿੱਤਾ ਹੈ ਤੇ ਮਹਿਲਾ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾਵੇ।