ਪੰਜਾਬ ਦੀਆਂ ਚਾਰ ਸੀਟਾਂ ‘ਤੇ ਵੋਟਿੰਗ ਦੌਰਾਨ ਗੁਰਦਾਸਪੁਰ ‘ਚ ‘ਆਪ’-ਕਾਂਗਰਸ ਵਰਕਰਾਂ ‘ਚ ਕਿਉਂ ਹੋਈ ਝੜਪ?
ਮੌਕੇ ਤੇ ਪਹੁੰਚੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਦੋਂ ਸਾਡੇ ਕਾਂਗਰਸ ਦੇ ਵਰਕਰਾਂ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮਾਰ ਕੁਟਾਈ ਕੀਤੀ ਗਈ ਤਾਂ ਮੈਂ ਮੌਕੇ ਤੇ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਕੁੱਝ ਬਾਹਰੀ ਨੌਜਵਾਨਾਂ ਨੂੰ ਵੀ ਫੜਿਆ ਹੈ, ਜੋ ਕਿ ਆਮ ਆਦਮੀ ਪਾਰਟੀ ਦੇ ਹਨ।
ਪੰਜਾਬ ਦੇ ਡੇਰਾ ਬਾਬਾ ਨਾਨਕ ਸੀਟ ਤੇ ਅੱਜ ਸਵੇਰ 7 ਵਜੇ ਤੋਂ ਵੋਟਿੰਗ ਜਾਰੀ ਹੈ। ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰਾਂ ਚ ਟਕਰਾਅ ਹੋ ਗਿਆ, ਜਿਸ ਕਰਕੇ ਮਾਹੌਲ ਗਰਮਾ ਗਿਆ। ਇਸ ਦੌਰਾਨ ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਕੇ ਤੇ ਪਹੁੰਚ ਗਏ। ਰੰਧਾਵਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਵੀ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਇੱਕ-ਦੂਜੇ ਤੇ ਗੰਭੀਰ ਇਲਜ਼ਾਮ ਲਗਾਏ। ਦੋਵੇਂ ਆਗੂਆਂ ਦੇ ਪਹੁੰਚਣ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਤੁਰੰਤ 100 ਤੋਂ ਜ਼ਿਆਦਾ ਪੁਲਿਸ ਕਰਮਚਾਰੀਆਂ ਨੂੰ ਉੱਥੇ ਤੈਨਾਤ ਕਰਨਾ ਪਿਆ। ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਚ ਦੋਵੇਂ ਪਾਰਟੀ ਦੇ ਵਰਕਰ ਝੜਪ ਕਰਦੇ ਹੋਏ ਨਜ਼ਰ ਆ ਰਹੇ ਹਨ। ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲਾ ਸੰਭਾਲਿਆ।