1 ਜੁਲਾਈ ਨੂੰ ਮਹਿਲਾਵਾਂ ਦੇ ਖਾਤਿਆਂ ‘ਚ ਆਉਣਗੇ ਪੈਸੇ, CM ਮਾਨ ਬੋਲੇ- ਮਾਵਾਂ ਧੀਆਂ ਸਤਿਕਾਰ ਯੋਜਨਾ ਹੋ ਰਿਹਾ ਸ਼ੁਰੂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਵੱਡਾ ਐਲਾਨ ਕੀਤਾ ਹੈ। 1 ਜੁਲਾਈ ਨੂੰ ਔਰਤਾਂ ਦੇ ਖਾਤਿਆਂ ਵਿੱਚ 3 ਮਹੀਨਿਆਂ ਦੀ ਇਕਮੁਸ਼ਤ ਰਾਸ਼ੀ ਭੇਜੀ ਜਾਵੇਗੀ। ਐਸਸੀ ਵਰਗ ਨੂੰ 4,500 ਰੁਪਏ ਅਤੇ ਹੋਰ ਵਰਗਾਂ ਨੂੰ 3,000 ਰੁਪਏ ਮਿਲਣਗੇ। ₹9,300 ਕਰੋੜ ਦੇ ਬਜਟ ਵਾਲੀ ਇਸ ਯੋਜਨਾ ਨਾਲ 97% ਔਰਤਾਂ ਨੂੰ ਲਾਭ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਔਰਤਾਂ ਦੀ ਭਲਾਈ ਲਈ ਇੱਕ ਇਤਿਹਾਸਕ ਅਤੇ ਬਹੁਤ ਵੱਡਾ ਐਲਾਨ ਕੀਤਾ ਹੈ। ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਪਿੰਡ ਚਨਾਰਥਲ ਕਲਾਂ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਤੋਂ ਬਾਅਦ ਜਨਤਕ ਲੋਕ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਦੀ ਅਹਿਮ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਆਉਂਦੀ 1 ਜੁਲਾਈ ਨੂੰ ਪੰਜਾਬ ਦੀਆਂ ਲੱਖਾਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਇੱਕੋ ਵਾਰ 3 ਮਹੀਨਿਆਂ ਦੀ ਸਤਿਕਾਰ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਜਾਵੇਗੀ।
ਇਸ ਯੋਜਨਾ ਦੀ ਰੂਪ-ਰੇਖਾ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ (SC) ਵਰਗ ਨਾਲ ਸਬੰਧਤ ਪਾਤਰ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੁੱਲ 4,500 ਰੁਪਏ ਦੀ ਰਾਸ਼ੀ ਮਿਲੇਗੀ। ਜਦੋਂ ਕਿ ਜਨਰਲ ਅਤੇ ਹੋਰ ਸਾਰੀਆਂ ਸ਼੍ਰੇਣੀਆਂ ਦੀਆਂ ਪਾਤਰ ਔਰਤਾਂ ਦੇ ਖਾਤਿਆਂ ਵਿੱਚ 1,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੁੱਲ 3,000 ਰੁਪਏ ਦੀ ਤਿਮਾਹੀ ਕਿਸ਼ਤ ਸਿੱਧੀ ਕ੍ਰੈਡਿਟ ਕੀਤੀ ਜਾਵੇਗੀ।
ਸਿੱਧਾ ਬੈਂਕ ਖਾਤਿਆਂ ‘ਚ ਆਵੇਗਾ ਪੈਸਾ, ਵਿਚੋਲਿਆਂ ਦੀ ਲੁੱਟ-ਖਸੁੱਟ ਖ਼ਤਮ
ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਤੋਂ ਠੀਕ 9 ਦਿਨਾਂ ਬਾਅਦ, ਯਾਨੀ ਕਿ 1 ਜੁਲਾਈ ਨੂੰ ਸੂਬੇ ਦੀਆਂ 18 ਸਾਲ ਤੋਂ ਉੱਪਰ ਦੀ ਉਮਰ ਦੀਆਂ ਸਾਰੀਆਂ ਯੋਗ ਔਰਤਾਂ ਦੇ ਮੋਬਾਈਲ ਫ਼ੋਨਾਂ ‘ਤੇ ਪੈਸੇ ਜਮ੍ਹਾਂ ਹੋਣ ਦੇ ਮੈਸੇਜ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਪ੍ਰਣਾਲੀ ਰਾਹੀਂ ਇਹ ਪੈਸਾ ਬਿਨਾਂ ਕਿਸੇ ਸਿਆਸੀ ਸਿਫ਼ਾਰਿਸ਼, ਬਿਨਾਂ ਕਿਸੇ ਵਿਚੋਲੇ ਦੀ ਦਖ਼ਲਅੰਦਾਜ਼ੀ ਜਾਂ ਬਿਨਾਂ ਕਿਸੇ ਕਟੌਤੀ ਦੇ ਸਿੱਧਾ ਮਾਵਾਂ-ਭੈਣਾਂ ਦੇ ਨਿੱਜੀ ਬੈਂਕ ਖਾਤਿਆਂ ਵਿੱਚ ਪਹੁੰਚੇਗਾ, ਜਿਸ ਨਾਲ ਭ੍ਰਿਸ਼ਟਾਚਾਰ ਦੀ ਸੰਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।
ਮੌਜੂਦਾ ਪੈਨਸ਼ਨਧਾਰਕ ਔਰਤਾਂ ਨੂੰ ਮਿਲੇਗਾ ਦੁੱਗਣਾ ਲਾਭ
ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਖ਼ਾਰਜ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਹੜੀਆਂ ਬਜ਼ੁਰਗ ਮਾਵਾਂ, ਵਿਧਵਾਵਾਂ ਜਾਂ ਦਿਵਿਆਂਗ ਔਰਤਾਂ ਪਹਿਲਾਂ ਹੀ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਮਹੀਨਾਵਾਰ ਪੈਨਸ਼ਨ ਲੈ ਰਹੀਆਂ ਹਨ, ਉਨ੍ਹਾਂ ਦੀ ਉਹ ਪੈਨਸ਼ਨ ਬੰਦ ਨਹੀਂ ਹੋਵੇਗੀ। ਉਨ੍ਹਾਂ ਨੂੰ ਮੌਜੂਦਾ ਪੈਨਸ਼ਨ ਦੇ ਨਾਲ-ਨਾਲ ਇਸ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਵਾਧੂ ਲਾਭ ਵੀ ਨਿਰੰਤਰ ਮਿਲਦਾ ਰਹੇਗਾ, ਜਿਸ ਨਾਲ ਉਨ੍ਹਾਂ ਨੂੰ ਦੁੱਗਣਾ ਵਿੱਤੀ ਫ਼ਾਇਦਾ ਹੋਵੇਗਾ।
ਸੂਬੇ ਦੀ 97 ਫ਼ੀਸਦੀ ਆਬਾਦੀ ਹੋਵੇਗੀ ਕਵਰ
ਪੰਜਾਬ ਸਰਕਾਰ ਦੇ ਅਧਿਕਾਰਤ ਅੰਕੜਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਲੋਕ-ਪੱਖੀ ਯੋਜਨਾ ਦੇ ਘੇਰੇ ਵਿੱਚ ਪੰਜਾਬ ਦੀਆਂ ਤਕਰੀਬਨ 97 ਫ਼ੀਸਦੀ ਔਰਤਾਂ ਆ ਜਾਣਗੀਆਂ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸ ਮਹਾਂ-ਯੋਜਨਾ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲਤਾਪੂਰਵਕ ਲਾਗੂ ਕਰਨ ਅਤੇ ਇਸ ਦੇ ਨਿਰਵਿਘਨ ਸੰਚਾਲਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ 9,300 ਕਰੋੜ ਰੁਪਏ ਦਾ ਸਾਲਾਨਾ ਬਜਟ ਰਾਖਵਾਂ ਰੱਖਿਆ ਗਿਆ ਹੈ, ਤਾਂ ਜੋ ਫੰਡਾਂ ਦੀ ਕਦੇ ਕੋਈ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੁਕ ਹੁੰਦਿਆਂ ਕਿਹਾ, “ਇਹ ਮਹੀਨਾਵਾਰ ਰਾਸ਼ੀ ਸ਼ਾਇਦ ਕਿਸੇ ਨੂੰ ਬਹੁਤ ਅਮੀਰ ਨਾ ਬਣਾ ਸਕੇ, ਪਰ ਇਸ ਨਾਲ ਸਾਡੀਆਂ ਮਾਵਾਂ ਅਤੇ ਭੈਣਾਂ ਨੂੰ ਪਰਿਵਾਰ ਤੇ ਸਮਾਜ ਵਿੱਚ ਇੱਕ ਵਿਸ਼ੇਸ਼ ਸਨਮਾਨ, ਨਵਾਂ ਆਤਮ-ਵਿਸ਼ਵਾਸ ਅਤੇ ਆਰਥਿਕ ਆਤਮਨਿਰਭਰਤਾ ਜ਼ਰੂਰ ਮਿਲੇਗੀ। ਹੁਣ ਉਨ੍ਹਾਂ ਨੂੰ ਆਪਣੇ ਛੋਟੇ-ਮੋਟੇ ਖ਼ਰਚਿਆਂ ਜਾਂ ਲੋੜਾਂ ਲਈ ਕਿਸੇ ਹੋਰ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪਵੇਗੀ।”


