Barnala By Elections: ਬਰਨਾਲਾ ‘ਚ ਸਿਆਸੀ ‘ਅਖਾੜਾ’… ਕੇਵਲ ਅਤੇ ਕਾਲਾ ਢਿੱਲੋਂ ਅੱਜ ਭਰਨਗੇ ਆਪਣੀਆਂ ਨਾਮਜ਼ਦਗੀਆਂ
Dhillon Vs Dhillon In Barnala: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਕਾਲਾ ਢਿੱਲੋਂ ਨੂੰ ਸਮਰਥਨ ਦੇਣ ਲਈ ਬਰਨਾਲਾ ਪਹੁੰਚ ਰਹੇ ਹਨ। ਇਨ੍ਹਾਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਬਰਨਾਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਸਨ।
ਬਰਨਾਲਾ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ। ਹਾਲਾਂਕਿ ਕੱਲ੍ਹ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ ਅਤੇ ਦੁਪਹਿਰ 3 ਵਜੇ ਤੱਕ ਉਮੀਦਵਾਰ ਨਾਮਜ਼ਦਗੀਆਂ ਭਰ ਸਕਣਗੇ। ਫਿਲਹਾਲ ਹੁਣ ਤੱਕ ਕਿਸੇ ਵੱਡੇ ਆਗੂ ਨੇ ਇੱਥੋਂ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਹੈ। ਅੱਜ (ਵੀਰਵਾਰ) ਬਰਨਾਲਾ ਵਿੱਚ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ਅਤੇ ਕਾਂਗਰਸ ਦੇ ਕਾਲਾ ਢਿੱਲੋਂ ਨਾਮਜ਼ਦਗੀ ਦਾਖ਼ਲ ਕਰਨਗੇ। ਦੋਵੇਂ ਹੀ ਉਮੀਦਵਾਰ ਨਾਮਜ਼ਦਗੀ ਤੋਂ ਪਹਿਲਾਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਕਾਲਾ ਢਿੱਲੋਂ ਨੂੰ ਸਮਰਥਨ ਦੇਣ ਲਈ ਬਰਨਾਲਾ ਪਹੁੰਚ ਰਹੇ ਹਨ। ਇਨ੍ਹਾਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਬਰਨਾਲਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਸਨ।
ਪਰਿਵਾਰ ਨਾਲ ਨਾਮਜ਼ਦਗੀਆਂ ਭਰਨਗੇ ਢਿੱਲੋਂ
ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਅੱਜ ਬਰਨਾਲਾ ਵਿਖੇ ਪਰਿਵਾਰ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਉਹ ਸ਼ਹਿਰ ਵਿੱਚ ਰੈਲੀ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਕੇਵਲ ਢਿੱਲੋਂ ਜਿੱਥੇ 2007 ਅਤੇ 2012 ਵਿੱਚ ਦੋ ਵਾਰ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਉੱਥੇ ਹੀ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।
2019 ਦੀਆਂ ਲੋਕ ਸਭਾ ਚੋਣਾਂ ‘ਚ ਉਹ ਭਗਵੰਤ ਮਾਨ ਦੇ ਖਿਲਾਫ ਚੋਣ ਲੜੇ ਸਨ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2022 ਵਿੱਚ, ਕੇਵਲ ਢਿੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਤੋਂ ਬਾਅਦ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਕੇਵਲ ਢਿੱਲੋਂ, ਜੋ ਕਿ ਪੇਸ਼ੇ ਤੋਂ ਵਪਾਰੀ ਹਨ, ਆਪਣੀ ਪਤਨੀ ਅਤੇ ਪੁੱਤਰਾਂ ਕਰਨ ਅਤੇ ਕੰਵਰ ਨਾਲ ਚੰਡੀਗੜ੍ਹ ਵਿੱਚ ਰਹਿੰਦੇ ਹਨ। ਟਿਕਟ ਦਾ ਐਲਾਨ ਹੋਣ ਦੇ ਬਾਅਦ ਤੋਂ ਹੀ ਪੂਰੇ ਪਰਿਵਾਰ ਨੇ ਬਰਨਾਲਾ ਵਿੱਚ ਡੇਰੇ ਲਾਏ ਹੋਏ ਹਨ।
ਕਾਲਾ ਢਿੱਲੋਂ ਖੋਲ੍ਹਣਗੇ ਦਫ਼ਤਰ
ਕਾਂਗਰਸ ਦੇ ਕਾਲਾ ਢਿੱਲੋਂ ਵੀ ਆਪਣੀ ਨਾਮਜ਼ਦਗੀ ਤੋਂ ਪਹਿਲਾਂ ਤਾਕਤ ਦਿਖਾਉਣ ਦੀ ਤਿਆਰੀ ਕਰ ਰਹੇ ਹਨ। ਕਾਲਾ ਢਿੱਲੋਂ ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਤੋਂ ਪਹਿਲਾਂ ਆਪਣਾ ਚੋਣ ਦਫ਼ਤਰ ਖੋਲ੍ਹਣ ਜਾ ਰਹੇ ਹਨ। ਕਾਲਾ ਢਿੱਲੋਂ ਯੁਵਾ ਆਗੂ ਹਨ ਅਤੇ ਸੂਬਾ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਬਹੁਤ ਕਰੀਬੀ ਹਨ। ਕਾਲਾ ਢਿੱਲੋਂ ਫਰਵਾਹੀ ਬਾਜ਼ਾਰ ਵਿੱਚ ਆਪਣਾ ਚੋਣ ਦਫ਼ਤਰ ਖੋਲ ਰਹੇ ਹਨ। ਇਸ ਮੌਕੇ ਪੁੱਜੇ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਸ਼ਹਿਰ ਵਿੱਚ ਰੈਲੀ ਨੂੰ ਵੀ ਸੰਬੋਧਨ ਕਰਨਗੇ।