BJP foundation day: ਅਸ਼ਵਨੀ ਸ਼ਰਮਾ ਨੇ BJP ਦੇ ਸਥਾਪਨਾ ਦਿਵਸ ਮੌਕੇ ਲਹਿਰਾਇਆ ਭਾਜਪਾ ਦਾ ਝੰਡਾ
Bharatiya Janata Party ਦੇ 44ਵੇਂ ਸਥਾਪਨਾ ਦਿਵਸ ਮੌਕੇ 'ਤੇ ਅਸ਼ਵਨੀ ਸ਼ਰਮਾ ਨੇ ਬੀਜੇਪੀ ਦਾ ਝੰਡਾ ਲਹਿਰਾਇਆ। ਪੰਜਾਬ ਭਰ ਦੇ ਭਾਜਪਾ ਵਰਕਰਾਂ ਨੇ ਜ਼ਿਲਾ ਪੱਧਰ 'ਤੋਂ ਲੈ ਕੇ ਬੂਥ ਪੱਧਰ ਤੱਕ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ।
ਜੰਲਧਰ ਨਿਊਜ਼: ਭਾਰਤੀ ਜਨਤਾ ਪਾਰਟੀ ਦੇ 44ਵੇਂ ਸਥਾਪਨਾ ਦਿਵਸ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਦੇ ਸੱਦੇ ‘ਤੇ ਪੰਜਾਬ ਭਰ ਦੇ ਭਾਜਪਾ ਵਰਕਰਾਂ ਨੇ ਜ਼ਿਲਾ ਪੱਧਰ ‘ਤੋਂ ਲੈ ਕੇ ਬੂਥ ਪੱਧਰ ਤੱਕ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ। ਇਸੇ ਲੜੀ ਤਹਿਤ ਕਰਤਾਰਪੁਰ ਹਲਕੇ ‘ਚ ਪੈਂਦੇ ਦਿਆਲਪੁਰ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਕਰਵਾਏ ਗਏ।
ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਵਰਕਰਾਂ ਸਮੇਤ ਭਾਜਪਾ ਦਾ ਝੰਡਾ ਲਹਿਰਾ ਕੇ ਸਥਾਪਨਾ ਦਿਵਸ ਮਨਾਇਆ ਅਤੇ ਵਰਕਰਾਂ ਵਿੱਚ ਮਠਿਆਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਭਾਜਪਾ ਦਾ 44ਵਾਂ ਸਥਾਪਨਾ ਦਿਵਸ
ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮੌਕੇ ਹਾਜ਼ਰ ਸਮੂਹ ਵਰਕਰਾਂ ਨੂੰ ਭਾਜਪਾ ਦੇ ਸਥਾਪਨਾ ਦਿਵਸ ਅਤੇ ਹਨੂੰਮਾਨ ਜਯੰਤੀ (Hanuman Jayanti) ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਭਾਜਪਾ ਵਰਕਰਾਂ ਦੇ ਆਧਾਰ ‘ਤੇ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਦਾ ਗਠਨ 44 ਸਾਲ ਪਹਿਲਾਂ ਭਾਜਪਾ ਦੇ ਸੰਸਥਾਪਕ ਮੈਂਬਰਾਂ ਵਲੋਂ ਦੇਸ਼ ਨੂੰ ਰਾਸ਼ਟਰੀ ਸੇਵਾ ਅਤੇ ਰਾਜਨੀਤਿਕ ਸਫਾਈ ਅਤੇ ਭ੍ਰਿਸ਼ਟਾਚਾਰ ਨਾਲ ਲੜਨ ਲਈ ਸਰਵਉੱਚ ਰੱਖਦੇ ਹੋਏ ਕੀਤਾ ਗਿਆ ਸੀ।
‘ਕੁਰਬਾਨੀਆਂ ਨਾਲ ਬਣੀ ਭਾਜਪਾ’
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਸ ਸਮੇਂ ਲਾਇਆ ਬੂਟਾ ਅੱਜ ਭਾਜਪਾ ਵਰਕਰਾਂ ਦੀ ਕੁਰਬਾਨੀ ਅਤੇ ਅਣਥੱਕ ਮਿਹਨਤ ਸਦਕਾ ਇੱਕ ਵਿਸ਼ਾਲ ਰੁੱਖ ਬਣ ਗਿਆ ਹੈ। ਭਾਰਤੀ ਜਨਤਾ ਪਾਰਟੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਿਤ ਦੀਨਦਿਆਲ ਉਪਾਧਿਆਏ, ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਵਰਗੀਆਂ ਅਣਗਿਣਤ ਮਹਾਨ ਸ਼ਖ਼ਸੀਅਤਾਂ ਦੀਆਂ ਕੁਰਬਾਨੀਆਂ ਪ੍ਰਮੁੱਖ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਮੈਂਬਰਾਂ ਨੂੰ ਸਲਾਮ ਕਰਦੇ ਹੋਏ ਸਾਰੇ ਵਰਕਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
ਭੀਮ ਰਾਓ ਅੰਬੇਡਕਰ ਜਯੰਤੀ ‘ਤੇ ਸਦਭਾਵਨਾ ਮੁਹਿੰਮ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ਹੇਠ ਪਾਰਟੀ ਵੱਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਇੱਕ ਹਫ਼ਤਾ ਭਰ ਸਮਾਜਿਕ ਸਦਭਾਵਨਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਵਿੱਚ ਪੰਜਾਬ ਵਿੱਚ ਵੀ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ।
ਪੀਐੱਮ ਨਰਿੰਦਰ ਮੋਦੀ ਦਾ ਲਾਈਵ ਭਾਸ਼ਣ ਸੁਣਿਆ
ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮੌਕੇ ਵਰਕਰਾਂ ਨਾਲ ਬੈਠ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਵ ਭਾਸ਼ਣ ਵੀ ਸੁਣਿਆ। ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸੰਜੀਵ ਮਿਨਹਾਸ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਅਮਰਜੀਤ ਸਿੰਘ ਅਮਰੀ, ਸੁਦਰਸ਼ਨ ਸੋਬਤੀ, ਰਾਜੀਵ ਪਾਂਜਾ, ਨਿਧੀ ਤਿਵਾੜੀ ਸਮੇਤ ਸੈਂਕੜੇ ਵਰਕਰ ਵੀ ਹਾਜ਼ਰ ਸਨ।