Gyani Raghbir Singh: ਕੌਣ ਹਨ ਗਿਆਨੀ ਰਘਬੀਰ ਸਿੰਘ? ਕਿਵੇਂ ਬਣੇ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੁਖੀ? ਪੜ੍ਹੋ ਇਹ ਖਾਸ ਰਿਪੋਰਟ…
ਗਿਆਨੀ ਰਘਬੀਰ ਸਿੰਘ ਦੇ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜੱਥੇਦਾਰ ਬਣਨ ਤੋਂ ਬਾਅਦ ਲੋਕ ਉਨ੍ਹਾਂ ਬਾਰੇ ਜਾਣਨ ਲਈ ਕਾਫੀ ਉੱਤਸਕ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਗਿਆਨੀ ਰਘੁਬੀਰ ਸਿੰਘ ਕੌਣ ਹਨ ਅਤੇ ਹੁਣ ਤੱਕ ਕਿਹੜੀਆਂ ਕਿਹੜੀਆਂ ਧਾਰਮਿਕ ਜਿੰਮੇਦਾਰੀਆਂ ਨਿਭਾ ਚੁੱਕੇ ਹਨ। ਉਨ੍ਹਾਂ ਬਾਰੇ ਵਿਸਥਾਰ ਨਾਲ ਜਾਣਨ ਲਈ ਪੜ੍ਹੋ ਸਾਡੀ ਇਹ ਖਾਸ ਰਿਪੋਰਟ...

ਐਸਜੀਪੀਸੀ ਵੱਲੋਂ ਬੁਲਾਈ ਗਈ ਅਚਨਚੇਤ ਅੰਤ੍ਰਿਗ ਕਮੇਟੀ ਦੀ ਬੈਠਕ ਵਿੱਚ ਲਏ ਗਏ ਫੈਸਲੇ ਮੁਤਾਬਕ, ਗਿਆਨੀ ਰਘਵੀਰ ਸਿੰਘ (Gyani Raghuvir Singh) ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ। ਨਾਲ ਹੀ ਉਹ ਸਚਖੰਡ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦਾ ਐਡਿਸ਼ਨਲ ਚਾਰਜ ਵੀ ਸਾਂਭਣ ਜਾ ਰਹੇ ਹਨ। ਦੱਸ ਦੇਈਏ ਕਿ ਗਿਆਨੀ ਰਘਬੀਰ ਸਿੰਘ ਹੁਣ ਤੱਕ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਨਿਭਾ ਰਹੇ ਸਨ। ਪਰ ਹੁਣ ਉਨ੍ਹਾਂ ਦੀ ਥਾਂ ਗਿਆਨੀ ਸੁਲਤਾਨ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋ ਸੇਵਾਵਾਂ ਨਿਭਾਉਣਗੇ।
ਕੌਣ ਹਨ ਗਿਆਨੀ ਰਘਬੀਰ ਸਿੰਘ?
ਗਿਆਨੀ ਰਘਬੀਰ ਸਿੰਘ ਦਾ ਜਨਮ ਪਿੰਡ ਸੁਲਤਾਨਵਿੰਡ, ਪੱਤੀ ਮਨਸੂਰ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਦਾਰ ਬਚਨ ਸਿੰਘ ਅਤੇ ਸਰਦਾਰਨੀ ਸਵਿੰਦਰ ਕੌਰ ਦੇ ਘਰ 29 ਮਾਰਚ 1970 ਨੂੰ ਹੋਇਆ। ਘਰ ਵਿੱਚ ਸ਼ੁਰੂ ਤੋਂ ਹੀ ਧਾਰਮਿਕ ਮਾਹੌਲ ਹੋਣ ਕਰਕੇ ਰਘਬੀਰ ਸਿੰਘ ਵੀ ਇਸ ਮਾਹੌਲ ‘ਚ ਢੱਲਦੇ ਚੱਲੇ ਗਏ। ਉਨ੍ਹਾਂ ਦਾ ਰੁਝਾਨ ਪ੍ਰਮਾਤਮਾ ਦੀ ਭਗਤੀ ਵੱਲ ਵੱਧਦਾ ਚਲਾ ਗਿਆ। ਉਮਰ ਹੋਣ ਤੇ ਪਰਿਵਾਰ ਨੇ ਉਨ੍ਹਾਂ ਦਾ ਵਿਆਹ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ 2 ਬੇਟੀਆਂ ਅਤੇ ਇੱਕ ਬੇਟਾ ਪੈਦਾ ਹੋਇਆ।
1989 ‘ਚ ਕੀਤੀ ਧਾਰਮਿਕ ਜਿੰਮੇਦਾਰੀਆਂ ਦੀ ਸ਼ੁਰੂਆਤ
ਗਿਆਨੀ ਰਘਬੀਰ ਸਿੰਘ ਨੇ ਸਾਲ 1989 ਵਿੱਚ ਆਪਣੀ ਧਾਰਮਿਕ ਜਿੰਮੇਦਾਰੀਆਂ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਹ ਅਖੰਡ ਪਾਠੀ ਦੇ ਤੌਰ ਤੇ ਭਰਤੀ ਹੋਏ। ਜਿਸਤੋਂ ਬਾਅਦ 1982 ਵਿੱਚ ਉਨ੍ਹਾਂ ਨੂੰ ਗ੍ਰੰਥੀ ਸਿੰਘ ਦੀ ਜਿੰਮੇਦਾਰੀ ਸੌਂਪੀ ਗਈ। ਸਾਲ 1992 ਤੋਂ 1995 ਤੱਕ ਉਨ੍ਹਾਂ ਨੇ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਗ੍ਰੰਥੀ ਸਿੰਘ ਵੱਜੋਂ ਸੇਵਾਵਾਂ ਨਿਭਾਈਆਂ। ਜਿਸ ਤੋਂ ਬਾਅਦ ਉਨ੍ਹਾਂ ਨੇ ਸਾਲ 1995 ਵਿੱਚ ਪੰਜ ਪਿਆਰਿਆਂ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੇਵਾ ਦੀ ਆਰੰਭ ਕੀਤੀ। ਉਨ੍ਹਾਂ ਦੀ ਇਹ ਸੇਵਾ ਸਾਲ 21 ਅਪ੍ਰੈਲ 2014 ਤੱਕ ਜਾਰੀ ਰਹੀ।
ਕਿਵੇਂ ਬਣੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ?
ਉਨ੍ਹਾਂ ਦੀਆਂ ਸੇਵਾਵਾਂ ਚ ਤਰੱਕੀ ਹੋਈ ਅਤੇ ਉਨ੍ਹਾਂ ਨੂੰ 21 ਅਪ੍ਰੈਲ 2014 ਨੂੰ ਪੰਜਾ ਪਿਆਰਿਆਂ ਦੀ ਜਿੰਮੇਦਾਰੀ ਤੋਂ ਮੁਕਤ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੇ ਤੋਰ ‘ਤੇ ਸੇਵਾ ਸੰਭਾਲ ਲਈ, ਜੋ 2017 ਤੱਕ ਜਾਰੀ ਰਹੀ। ਉੱਧਰ, 24 ਅਗਸਤ 2017 ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਮੱਲ ਸਿੰਘ ਦੇ ਦੇਹਾਂਤ ਤੋਂ ਬਾਅਦ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਸਿੰਘ ਦੇ ਨਾਲ-ਨਾਲ ਉਨ੍ਹਾਂ ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਜਿੰਮੇਦਾਰੀ ਵੀ ਸੌਂਪ ਦਿੱਤੀ ਗਈ, ਜੋ ਅੱਜ ਯਾਨੀ 16 ਜੂਨ ਨੂੰ ਉਨ੍ਹਾਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਜਾਣ ਤੱਕ ਜਾਰੀ ਸੀ। ਹੁਣ ਉਨ੍ਹਾਂ ਦੀ ਥਾਂ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਹੈ।
ਅੰਤ੍ਰਿੰਗ ਕਮੇਟੀ ਇਕੱਤਰਤਾ ਤੋਂ ਬਾਅਦ ਸ਼੍ਰੋਮਣੀ ਗੁ: ਪ੍ਰ: ਕਮੇਟੀ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦੀ ਪ੍ਰੈੱਸ ਕਾਨਫ਼ਰੰਸ#SGPCPressConference #SGPCPresident #HarjinderSinghDhami #Sikhs #Amritsar #SGPC #SGPCPresident2023 #SGPC_2023https://t.co/z31Z73OkIm
ਇਹ ਵੀ ਪੜ੍ਹੋ
— Shiromani Gurdwara Parbandhak Committee (@SGPCAmritsar) June 16, 2023
ਸਿੱਖ ਭਾਈਚਾਰੇ ਨੂੰ ਗਿਆਨੀ ਜੀ ਤੋਂ ਵੱਡੀ ਉਮੀਦ
ਗਿਆਨੀ ਰਘਬੀਰ ਸਿੰਘ ਜੀ ਨੇ ਹਮੇਸ਼ਾਂ ਆਪਣੀਆਂ ਜਿੰਮੇਵਾਰੀਆਂ ਬੜੀ ਹੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈਆਂ। ਉਨ੍ਹਾਂ ਨੇ ਆਪਣੇ ਅਹੁਦਿਆਂ ‘ਤੇ ਰਹਿੰਦਿਆਂ ਦੇਸ਼ ਦੇ ਨਾਲ-ਨਾਲ ਵਿਦੇਸ਼ ਦੀ ਸੰਗਤ ਨੂੰ ਵੀ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਣ ਦੀ ਹਮੇਸ਼ਾ ਕੋਸ਼ਿਸ਼ ਕੀਤੀ। ਹੁਣ ਉਨ੍ਹਾਂ ਦੇ ਮੌਢਿਆਂ ਤੇ ਸਿੱਖਾਂ ਦੀ ਸਭ ਤੋਂ ਪਵਿੱਤਰ ਅਤੇ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿੰਮੇਦਾਰੀ ਪਾਈ ਗਈ ਹੈ। ਪਹਿਲਾਂ ਵਾਂਗ ਇਸ ਵਾਰ ਵੀ ਸਿੱਖ ਭਾਈਚਾਰੇ ਨੂੰ ਆਸ ਹੈ ਕਿ ਹਮੇਸ਼ਾ ਵਾਂਗ ਉਹ ਹੁਣ ਵੀ ਇਸ ਜਿੰਮੇਦਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਸਾਰੀ ਸਿੱਖ ਸੰਗਤ ਨੂੰ ਜੋੜੇ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ