AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੈਂਗਸਟਰ ਦੁਨੀਆ ‘ਚ ਕਿਤੇ ਵੀ ਨਹੀਂ ਲੁਕ ਸਕਦੇ… ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਤੇਜ਼ ਕੀਤੀ ਮੁਹਿੰਮ

ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਛੇੜੀ ਗਈ ਫ਼ੈਸਲਾਕੁੰਨ ਜੰਗ ਹੁਣ ਪੰਜਾਬ ਦੀਆਂ ਹੱਦਾਂ ਪਾਰ ਕਰਕੇ ਕੌਮਾਂਤਰੀ ਪੱਧਰ 'ਤੇ ਪਹੁੰਚ ਚੁੱਕੀ ਹੈ।

ਗੈਂਗਸਟਰ ਦੁਨੀਆ 'ਚ ਕਿਤੇ ਵੀ ਨਹੀਂ ਲੁਕ ਸਕਦੇ... ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਤੇਜ਼ ਕੀਤੀ ਮੁਹਿੰਮ
tv9-punjabi
| Published: 15 Sep 2026 19:54 PM IST
Share

ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਛੇੜੀ ਗਈ ਫ਼ੈਸਲਾਕੁੰਨ ਜੰਗ ਹੁਣ ਪੰਜਾਬ ਦੀਆਂ ਹੱਦਾਂ ਪਾਰ ਕਰਕੇ ਕੌਮਾਂਤਰੀ ਪੱਧਰ ‘ਤੇ ਪਹੁੰਚ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਹੁਣ ਤੱਕ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚੋਂ ਇੱਕ ਦਰਜਨ ਤੋਂ ਵੱਧ ਨਾਮੀ ਗੈਂਗਸਟਰਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆ ਕੇ ਵਾਪਸ ਲਿਆ ਚੁੱਕੀ ਹੈ। ਇਸੇ ਲੜੀ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਦੇ ਬੇਹੱਦ ਕਰੀਬੀ ਸਾਥੀ ਕਰਮਵੀਰ ਦੇਵ ਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਮਗਰੋਂ ਦਿੱਲੀ ਹਵਾਈ ਅੱਡੇ ‘ਤੇ ਕਾਬੂ ਕਰ ਲਿਆ ਗਿਆ ਹੈ।

ਪੁਲਿਸ ਨੂੰ ਹਾਈਟੈੱਕ ਬਣਾ ਕੇ ਵਿਦੇਸ਼ਾਂ ਤੱਕ ਪਹੁੰਚਾਇਆ ਸ਼ਿਕੰਜਾ

ਬਲਤੇਜ ਪੰਨੂ ਨੇ ਵਿਸਥਾਰ ਨਾਲ ਦੱਸਿਆ ਕਿ ਅਮਰੀਕਾ, ਦੁਬਈ, ਮਲੇਸ਼ੀਆ ਤੋਂ ਲੈ ਕੇ ਮੋਲਦੋਵਾ ਵਰਗੇ ਦੇਸ਼ਾਂ ਤੱਕ ਪੰਜਾਬ ਪੁਲਿਸ ਗੈਂਗਸਟਰਾਂ ਦੀ ਪੈੜ ਨੱਪ ਰਹੀ ਹੈ। ਮਾਨ ਸਰਕਾਰ ਨੇ ਪੁਲਿਸ ਫੋਰਸ ਨੂੰ ਅਤਿ-ਆਧੁਨਿਕ ਤਕਨੀਕਾਂ, ਗੱਡੀਆਂ ਅਤੇ ਨਵੇਂ ਹਥਿਆਰਾਂ ਨਾਲ ਲੈਸ ਕੀਤਾ ਹੈ। ਇਸ ਸਖ਼ਤ ਕਾਰਜਸ਼ੈਲੀ ਨੇ ਵਿਸ਼ਵ ਪੱਧਰ ‘ਤੇ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਪੰਜਾਬ ਵਿੱਚ ਜੁਰਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਵਿਦੇਸ਼ ਭੱਜਣ ਵਾਲਾ ਕੋਈ ਵੀ ਅਪਰਾਧੀ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿੱਚ ਆਪਣੇ-ਆਪ ਨੂੰ ਸੁਰੱਖਿਅਤ ਨਾ ਸਮਝੇ।

ਅਕਾਲੀ-ਕਾਂਗਰਸ ਰਾਜ ‘ਚ ਫੈਲਿਆ ਗੈਂਗਸਟਰ ਕਲਚਰ

ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਅੱਜ ਵਿਰੋਧੀਆਂ ਕੋਲ ਲੋਕਾਂ ਨੂੰ ਦੱਸਣ ਲਈ ਕੋਈ ਕਾਰਗੁਜ਼ਾਰੀ ਨਹੀਂ ਬਚੀ, ਇਸੇ ਕਰਕੇ ਉਹ ਝੂਠੇ ਮੁੱਦੇ ਚੁੱਕ ਕੇ ਸਰਕਾਰ ਨੂੰ ਬਦਨਾਮ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਤਿਹਾਸ ਦੇ ਹਵਾਲੇ ਨਾਲ ਦੋਸ਼ ਲਾਇਆ ਕਿ 2007 ਤੋਂ 2017 ਦਰਮਿਆਨ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਪੰਜਾਬ ਅੰਦਰ ਗੈਂਗਸਟਰਵਾਦ ਸਿਖ਼ਰਾਂ ‘ਤੇ ਪੁੱਜਿਆ ਅਤੇ ‘ਗੈਂਗਸਟਰ’ ਸ਼ਬਦ ਪੰਜਾਬੀ ਸਮਾਜ ਦੇ ਜਨਤਕ ਦਾਇਰੇ ਦਾ ਹਿੱਸਾ ਬਣ ਗਿਆ।

ਇਸ ਤੋਂ ਬਾਅਦ 2017 ਤੋਂ 2022 ਤੱਕ ਕਾਂਗਰਸ ਦੀ ਸਰਕਾਰ ਨੇ ਇਸ ਜੁਰਮ ਦੇ ਨੈੱਟਵਰਕ ਨੂੰ ਤੋੜਨ ਦੀ ਥਾਂ ਉੱਤਰ ਪ੍ਰਦੇਸ਼ ਦੇ ਇੱਕ ਗੈਂਗਸਟਰ ਨੂੰ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਲਿਆ ਕੇ ਵੀਆਈਪੀ ਸਹੂਲਤਾਂ ਦਿੱਤੀਆਂ, ਜਿਸ ਨੂੰ ਵਾਪਸ ਭੇਜਣ ਲਈ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਪਈ ਸੀ।

ਵਿਦੇਸ਼ਾਂ ਤੋਂ ਵਾਪਸ ਲਿਆਂਦੇ ਗਏ ਵੱਡੇ ਗੈਂਗਸਟਰਾਂ ਦਾ ਵੇਰਵਾ

ਬਲਤੇਜ ਪੰਨੂ ਨੇ ਕਿਹਾ ਕਿ ਮਾਨ ਸਰਕਾਰ ਨੇ ਇਸ ਢਾਂਚੇ ਨੂੰ ਜੜ੍ਹੋਂ ਬਦਲ ਦਿੱਤਾ ਹੈ। ਪੰਜਾਬ ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਵਿਦੇਸ਼ਾਂ ਤੋਂ ਵਾਪਸ ਲਿਆਂਦੇ ਗਏ ਅਪਰਾਧੀਆਂ ਵਿੱਚ ਸਚਿਨ ਬਿਸ਼ਨੋਈ, ਮਨਪ੍ਰੀਤ ਸਿੰਘ ਉਰਫ਼ ਪੀਤਾ, ਰਮਨਜੀਤ ਸਿੰਘ ਉਰਫ਼ ਰੋਮੀ, ਪਰਮਿੰਦਰ ਸਿੰਘ ਉਰਫ਼ ਪਿੰਡੀ, ਅਨਮੋਲ ਬਿਸ਼ਨੋਈ, ਅੰਮ੍ਰਿਤਪਾਲ ਉਰਫ਼ ਮਹਿਰੋ, ਗੁਰਵਿੰਦਰ ਸਿੰਘ ਅਤੇ ਜੋਬਨਦੀਪ ਸਿੰਘ ਉਰਫ਼ ਜੋਬਨ ਬਿੱਲਾ ਸ਼ਾਮਲ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਲਾਰੈਂਸ ਦੇ ਮੁੱਖ ਸਾਥੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ, ਇੱਕ ਇੰਸਟਾਗ੍ਰਾਮ ਇਨਫਲੂਐਂਸਰ ਦੇ ਕਤਲ ਦੇ ਮੁਲਜ਼ਮ ਅੰਮ੍ਰਿਤਪਾਲ ਮਹਿਰੋ ਨੂੰ ਦੁਬਈ ਤੋਂ, ਗੁਰਵਿੰਦਰ ਸਿੰਘ ਨੂੰ ਮਲੇਸ਼ੀਆ ਤੋਂ ਅਤੇ ਦੋ ਦਿਨ ਪਹਿਲਾਂ ਏਜੀਟੀਐੱਫ ਟੀਮ ਵੱਲੋਂ ਗੈਂਗਸਟਰ ਅੰਮ੍ਰਿਤਪਾਲ ਉਰਫ਼ ਅੰਮ੍ਰਿਤ ਢੱਲਮ ਨੂੰ ਮੋਲਦੋਵਾ ਤੋਂ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਗਿਆ ਹੈ। ਹੁਣ ਕੈਨੇਡਾ ਤੋਂ ਆਏ ਕਰਮਵੀਰ ਦੇਵ ਨੂੰ ਵੀ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਕੇ ਪੰਜਾਬ ਲਿਆਂਦਾ ਜਾ ਰਿਹਾ ਹੈ।

ਅਗਾਊਂ ਸੂਚਨਾ ਤੰਤਰ ਅਤੇ ਆਧੁਨਿਕ ਤਕਨਾਲੋਜੀ ਨੇ ਪੁਲਿਸ ਨੂੰ ਬਣਾਇਆ ਮਜ਼ਬੂਤ

ਉਨ੍ਹਾਂ ਲੁਧਿਆਣਾ ਵਿੱਚ ਹਾਲ ਹੀ ਵਿੱਚ ਹੋਏ ਮੁਕਾਬਲੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਖ਼ੁਫ਼ੀਆ ਸੂਚਨਾ ਪ੍ਰਣਾਲੀ ਇੰਨੀ ਮਜ਼ਬੂਤ ਹੋ ਚੁੱਕੀ ਹੈ ਕਿ ਪੁਲਿਸ ਨੂੰ ਬਲੱਡ ਡੋਨੇਸ਼ਨ ਕੈਂਪ ‘ਤੇ ਹੋਣ ਵਾਲੇ ਹਮਲੇ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ, ਜਿਸ ਕਾਰਨ ਮੁਲਜ਼ਮਾਂ ਦੇ ਮਨਸੂਬੇ ਪੂਰੇ ਹੋਣ ਤੋਂ ਪਹਿਲਾਂ ਹੀ ਉਨ੍ਹਾਂ ‘ਤੇ ਸਖ਼ਤ ਕਾਰਵਾਈ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇਸ਼ਾਂ ਨਾਲ ਭਾਰਤ ਦੀ ਹਵਾਲਗੀ ਸੰਧੀ (ਐਕਸਟ੍ਰਾਡੀਸ਼ਨ ਟ੍ਰੀਟੀ) ਨਹੀਂ ਹੈ, ਉੱਥੇ ਵੀ ਕੂਟਨੀਤਕ ਅਤੇ ਕਾਨੂੰਨੀ ਤਰੀਕਿਆਂ ਰਾਹੀਂ ਅਪਰਾਧੀਆਂ ਨੂੰ ਘੇਰਿਆ ਜਾ ਰਿਹਾ ਹੈ ਕਿਉਂਕਿ ਇਹ ਗੈਂਗਸਟਰ ਹੁਣ ਉਨ੍ਹਾਂ ਦੇਸ਼ਾਂ ਲਈ ਵੀ ਵੱਡੀ ਸਿਰਦਰਦੀ ਬਣ ਰਹੇ ਹਨ।

ਪੰਨੂ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਸੂਬੇ ਦੇ ਲੋਕਾਂ ਨੂੰ ਡਰਾਉਣ-ਧਮਕਾਉਣ ਵਾਲੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Follow Us