UK ‘ਚ 20 ਸਾਲਾ ਸਿੱਖ ਕੁੜੀ ਨਾਲ ਜਬਰ ਜਨਾਹ, ਬਰਮਿੰਘਮ ਦੇ ਓਲਡਬਰੀ ਨੇੜੇ ਦੀ ਘਟਨਾ, ਮੁਲਜ਼ਮਾਂ ਦੀ ਭਾਲ ਜਾਰੀ
Sikh woman rape in UK: ਯੂਕੇ ਵਿੱਚ 20 ਸਾਲਾ ਸਿੱਖ ਕੁੜੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਰਮਿੰਘਮ ਦੇ ਓਵਡਬਰੀ ਨੇੜੇ ਦੀ ਹੈ। ਪੁਲਿਸ ਵੱਲੋਂ 2 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਸ ਕੇਸ ਨੂੰ ਭੜਕਾਊ ਨਸਲੀ ਦੇ ਤੌਰ ਤੇ ਜਾਂਚ ਕਰ ਰਹੀ ਹੈ।
ਯੂਕੇ ਦੇ ਓਲਡਬਰੀ ਪਾਰਕ ਵਿੱਚ ਭਾਰਤੀ ਮੂਲ ਦੀ ਇੱਕ ਕੁੜੀ ਨਾਲ ਨਸਲੀ ਹਮਲੇ ਅਤੇ ਸਮੂਹਿਕ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਸਵੇਰੇ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਕੁੜੀ ਦੇ ਨਾਲ ਦਿਨ-ਦਿਹਾੜੇ ਜਬਰ ਜਨਾਹ ਕੀਤਾ ਗਿਆ। ਇਹ ਹਮਲਾ ਨਾ ਸਿਰਫ਼ ਇੱਕ ਜਿਨਸੀ ਅਪਰਾਧ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ ਵੀ ਸ਼ਾਮਲ ਸਨ, ਜਿਸ ਕਾਰਨ ਪੁਲਿਸ ਇਸ ਦੀ ਨਸਲੀ ਹਮਲੇ ਵਜੋਂ ਜਾਂਚ ਕਰ ਰਹੀ ਹੈ।
ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੌਰਾਨ ਹਮਲਾਵਰਾਂ ਨੇ ਉਸ ਨੂੰ ਕਿਹਾ- ਆਪਣੇ ਦੇਸ਼ ਵਾਪਸ ਚਲੇ ਜਾਓ, ਤੁਹਾਡਾ ਇਸ ਦੇਸ਼ ‘ਤੇ ਕੋਈ ਹੱਕ ਨਹੀਂ ਹੈ। ਪੀੜਤਾ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਹੈ।
2 ਮੁਲਜ਼ਮਾਂ ਨੇ ਕੀਤਾ ਅਪਰਾਧ, ਤਲਾਸ਼ ਜਾਰੀ
ਜਾਣਕਾਰੀ ਮੁਤਾਬਕ ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਅਪਰਾਧ ਵਿੱਚ 2 ਲੋਕ ਸ਼ਾਮਲ ਸਨ। ਪੁਲਿਸ ਅਨੁਸਾਰ, ਅਪਰਾਧ ਕਰਨ ਵਾਲੇ ਦੋਵੇਂ ਮੁਲਜ਼ਮ ਗੋਰੇ (ਅੰਗਰੇਜ਼ੀ) ਸਨ। ਇੱਕ ਸ਼ੱਕੀ ਥੋੜ੍ਹਾ ਮੋਟਾ ਸੀ ਅਤੇ ਉਸ ਦਾ ਸਿਰ ਮੁੰਨਿਆ ਹੋਇਆ ਸੀ। ਉਸ ਨੇ ਕਾਲੀ ਸਵੈਟ-ਸ਼ਰਟ ਅਤੇ ਦਸਤਾਨੇ ਪਾਏ ਹੋਏ ਸਨ। ਦੂਜੇ ਸ਼ੱਕੀ ਨੇ ਚਾਂਦੀ ਦੀ ਜ਼ਿਪ ਦੇ ਨਾਲ ਸਲੇਟੀ ਰੰਗ ਦਾ ਟੌਪ ਪਾਇਆ ਹੋਇਆ ਸੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਇਸ ਦਿੱਖ ਦੀ ਪਛਾਣ ਕੀਤੀ ਹੈ।
ਯੂਕੇ ਸਿੱਖ ਫੈਡਰੇਸ਼ਨ ਨੇ ਕੀਤੀ ਸਖ਼ਤ ਨਿੰਦਾ
ਇਸ ਮਾਮਲੇ ਵਿੱਚ ਵੈਸਟ ਮਿਡਲੈਂਡਜ਼ ਪੁਲਿਸ ਨੇ ਸੀਸੀਟੀਵੀ ਫੁਟੇਜ ਸਕੈਨ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਫੋਰੈਂਸਿਕ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਘਟਨਾ ਨੇ ਸਥਾਨਕ ਭਾਈਚਾਰੇ ਵਿੱਚ ਗੁੱਸਾ ਅਤੇ ਡਰ ਪੈਦਾ ਕੀਤਾ ਹੈ। ਅਸੀਂ ਪੀੜਤ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ।
ਯੂਕੇ ਸਿੱਖ ਫੈਡਰੇਸ਼ਨ ਨੇ ਇਸ ਪੂਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਰਕਾਰ ਤੋਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫੈਡਰੇਸ਼ਨ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ ਨੇ ਕਿਹਾ – ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਇਸ ਵਹਿਸ਼ੀ ਹਮਲੇ ਦੀ ਜਨਤਕ ਤੌਰ ‘ਤੇ ਨਿੰਦਾ ਕਰਨ ਦੀ ਮੰਗ ਕਰਦੇ ਹਾਂ। ਇਸ ਦੇ ਨਾਲ ਹੀ, ਯੂਕੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਭਵਿੱਖ ਵਿੱਚ ਚੌਕਸ ਰਹਿਣ ਲਈ ਕਿਹਾ ਗਿਆ ਹੈ।


