ਫਿਲੀਪੀਨਜ਼ ‘ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ, ਮ੍ਰਿਤਕ ਕਰਦਾ ਸੀ ਫਾਈਨਾਂਸ ਦਾ ਕਾਰੋਬਾਰ
ਫਿਲੀਪੀਨਜ਼ ਦੇ ਮਨੀਲਾ ਵਿੱਚ ਇੱਕ ਪੰਜਾਬੀ ਵਿਅਕਤੀ ਦਾ ਗੌਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪੁੱਤਰ ਨਾਲ ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਦਾ ਸੀ। ਉਸ ਦਾ ਪੁੱਤਰ ਪੰਜਾਬ ਆਇਆ ਹੋਇਆ ਸੀ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਵਿਦੇਸ਼ਾਂ ਵਿੱਚ ਪੰਜਾਬੀਆਂ ‘ਤੇ ਹਮਲਿਆਂ ਦੇ ਮਾਮਲਿਆਂ ‘ਚ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਾਧਾ ਹੋਇਆ ਹੈ। ਇਹ ਮਾਮਲਿਆਂ ਦੇ ਪਿੱਛੇ ਦੇ ਕਾਰਨ ਵਿੱਚ ਨਸਲਵਾਦ, ਪੈਸਿਆਂ ਦਾ ਲੈਣ- ਦੇਣ ਜਾਂ ਫਿਰ ਹੋਰ ਗੈਰਕਾਨੂੰਨੀ ਮਕਸਦ ਦੇ ਐਂਗਲ ਸਾਹਮਣੇ ਆਉਂਦੇ ਰਹੇ ਹਨ। ਹੁਣ ਅਜਿਹਾ ਹੀ ਮਾਮਲਾ ਫਿਲੀਪੀਨਜ਼ ਦੇ ਮਨੀਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਫਾਈਨਾਂਸਰ ਦਾ ਮੱਥੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਗੁਰਦੇਵ ਸਿੰਘ ਨਿਵਾਸੀ ਖੰਨਾ ਵਜੋਂ ਹੋਈ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਲਖਵੀਰ ਸਿੰਘ ਭੱਟੀ ਨੇ ਦੱਸਿਆ ਕਿ ਗੁਰਦੇਵ ਸਿੰਘ ਆਪਣੇ ਪੁੱਤਰ ਨਾਲ ਮਨੀਲਾ ‘ਚ ਫਾਈਨਾਂਸ ਦਾ ਕੰਮ ਕਰਦਾ ਸੀ ਅਤੇ ਉਸ ਦਾ ਪੁੱਤਰ ਪੰਜਾਬ ਆਇਆ ਹੋਇਆ ਸੀ। ਲਖਵੀਰ ਨੇ ਦੱਸਿਆ ਕਿ ਪਰਿਵਾਰ ਨੂੰ ਸ਼ਨੀਵਾਰ ਸ਼ਾਮ ਨੂੰ ਗੁਰਦੇਵ ਸਿੰਘ ਦੇ ਕਤਲ ਦੀ ਸੂਚਨਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ। ਲਖਵੀਰ ਦਾ ਕਹਿਣਾ ਹੈ ਕਿ ਵਿਦੇਸ਼ਾਂ ‘ਚ ਰਹਿਣਾ ਪੰਜਾਬੀਆਂ ਲਈ ਸੁਰੱਖਿਅਤ ਨਹੀਂ ਹੈ, ਇਸ ਤੇ ਸਰਕਾਰਾਂ ਨੂੰ ਨੋਟਿਸ ਲੈਣਾ ਚਾਹੀਦਾ ਹੈ।
ਉੱਥੇ ਹੀ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਵਿੱਚ ਡਰ ਦਾ ਮਾਹੌਲ ਹੈ, ਕਿਉਂਕਿ ਮ੍ਰਿਤਕ ਦੇ ਪੁੱਤਰ ਦਾ ਵੀ ਮਨੀਲਾ ‘ਚ ਫਾਈਨਾਂਸ ਦਾ ਕਾਰੋਬਾਰ ਹੈ। ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਬੇਨਤੀ ਕੀਤੀ ਹੈ।