ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤ, ਆਰਐਮਐਲ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ
Satyapal Malik Passed Away: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਆਰਐਮਐਲ ਹਸਪਤਾਲ ਵਿੱਚ ਇਲਾਜ ਅਧੀਨ ਸਨ। ਮਲਿਕ ਦਾ ਰਾਜਨੀਤਿਕ ਕਰੀਅਰ 50 ਸਾਲਾਂ ਤੋਂ ਵੱਧ ਲੰਬਾ ਰਿਹਾ, ਜਿਸ ਵਿੱਚ ਉਨ੍ਹਾਂ ਨੇ ਕਈ ਪਾਰਟੀਆਂ ਵਿੱਚ ਕੰਮ ਕੀਤਾ।
ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦਾ ਆਰਐਮਐਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮਲਿਕ ਦੇ ਦੇਹਾਂਤ ਦੀ ਖ਼ਬਰ ਉਨ੍ਹਾਂ ਦੀ ਅਧਿਕਾਰਿਤ ਟਵਿਟਰ ਹੈਂਡਲ ਤੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਰਕੇ ਪੁਰਮ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਲਿਜਾਇਆ ਜਾਵੇਗਾ ਅਤੇ ਕੱਲ੍ਹ ਲੋਧੀ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਮਲਿਕ ਨੂੰ ਇਸ ਸਾਲ ਮਈ ਵਿੱਚ ਪਿਸ਼ਾਬ ਨਾਲੀ ਦੀ ਲਾਗ ਨਾਲ ਸਬੰਧਤ ਗੰਭੀਰ ਸਮੱਸਿਆਵਾਂ ਕਾਰਨ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਕਿਡਨ ਫੇਲ੍ਹ ਹੋ ਗਈ ਸੀ।ਦਰਅਸਲ, ਮਲਿਕ ਨੂੰ 11 ਮਈ ਨੂੰ ਪਿਸ਼ਾਬ ਕਰਦੇ ਸਮੇਂ ਬਹੁਤ ਦਰਦ ਅਤੇ ਬੇਅਰਾਮੀ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਨਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੁੰਦੀ ਗਈ।
ਉਨ੍ਹਾਂ 7 ਜੂਨ ਨੂੰ ਟਵੀਟ ਕਰਦਿਆਂ ਲਿਖਿਆ ਸੀ, ‘ਨਮਸਕਾਰ ਸਾਥੀਓ। ਮੈਂ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖਲ ਹਾਂ ਅਤੇ ਕਿਡਨੀ ਦੀ ਸਮੱਸਿਆ ਤੋਂ ਪੀੜਤ ਹਾਂ। ਮੇਰੀ ਹਾਲਤ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ।’
पूर्व गवर्नर चौधरी सत्यपाल सिंह मलिक जी नहीं रहें।#satyapalmalik
— Satyapal Malik (@SatyapalMalik6) August 5, 2025
ਇਹ ਵੀ ਪੜ੍ਹੋ
ਕੌਣ ਹਨ ਸਤਿਆਪਾਲ ਮਲਿਕ?
ਡਾ. ਰਾਮ ਮਨੋਹਰ ਲੋਹੀਆ ਦੀ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ, ਮਲਿਕ ਨੇ 1965-66 ਵਿੱਚ ਸਰਗਰਮ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਹ ਵਿਦਿਆਰਥੀ ਰਾਜਨੀਤੀ ਵਿੱਚ ਤੇਜ਼ੀ ਨਾਲ ਉੱਭਰੇ ਅਤੇ ਮੇਰਠ ਕਾਲਜ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਤੇ ਬਾਅਦ ਵਿੱਚ ਮੇਰਠ ਯੂਨੀਵਰਸਿਟੀ, ਜਿਸਨੂੰ ਹੁਣ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਵਜੋਂ ਜਾਣਿਆ ਜਾਂਦਾ ਹੈ, ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ।
ਮਲਿਕ ਨੇ 1970 ਦੇ ਦਹਾਕੇ ਵਿੱਚ ਵਿਧਾਇਕ ਵਜੋਂ ਸ਼ੁਰੂਆਤ ਕੀਤੀ ਸੀ। ਆਪਣੇ ਪੰਜਾਹ ਸਾਲਾਂ ਦੇ ਰਾਜਨੀਤਿਕ ਜੀਵਨ ਵਿੱਚ ਉਨ੍ਹਾਂ ਨੇ ਕਈ ਪਾਰਟੀਆਂ ਬਦਲੀਆਂ। ਪੱਛਮੀ ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ ਮਲਿਕ ਪਹਿਲੀ ਵਾਰ ਚੌਧਰੀ ਚਰਨ ਸਿੰਘ ਦੇ ਭਾਰਤੀ ਕ੍ਰਾਂਤੀ ਦਲ ਦੀ ਟਿਕਟ ‘ਤੇ ਚੁਣੇ ਗਏ ਸਨ। 1980 ਵਿੱਚ, ਉਨ੍ਹਾਂ ਨੂੰ ਚਰਨ ਸਿੰਘ ਦੀ ਅਗਵਾਈ ਵਾਲੇ ਲੋਕ ਦਲ ਦੁਆਰਾ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ, ਪਰ 1984 ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਿਸਨੇ ਉਨ੍ਹਾਂ ਨੂੰ 1986 ਵਿੱਚ ਰਾਜ ਸਭਾ ਭੇਜਿਆ।
ਮਲਿਕ ਨੇ ਅਗਸਤ 2018 ਤੋਂ ਅਕਤੂਬਰ 2019 ਤੱਕ ਜੰਮੂ-ਕਸ਼ਮੀਰ ਰਾਜ ਦੇ ਆਖਰੀ ਰਾਜਪਾਲ ਵਜੋਂ ਸੇਵਾ ਨਿਭਾਈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ 5 ਅਗਸਤ, 2019 ਨੂੰ ਧਾਰਾ 370 ਨੂੰ ਰੱਦ ਕਰਕੇ ਇਸਨੂੰ ਰਾਜ ਦਾ ਵਿਸ਼ੇਸ਼ ਦਰਜਾ ਰੱਦ ਕਰ ਦਿੱਤਾ ਗਿਆ ਸੀ। ਅੱਜ ਇਸ ਫੈਸਲੇ ਦੀ ਛੇਵੀਂ ਵਰ੍ਹੇਗੰਢ ਹੈ। ਉਹ ਗੋਆ ਅਤੇ ਮੇਘਾਲਿਆ ਦੇ ਰਾਜਪਾਲ ਵੀ ਰਹੇ ਹਨ।


