Project Cheetah: ਕੁਨੋ ਨੈਸ਼ਨਲ ਪਾਰਕ ‘ਚ ਫਿਰ ਤੋਂ ਪਸਰਿਆ ਮਾਤਮ, 42 ਦਿਨਾਂ ‘ਚ ਤੀਜੇ ਚੀਤੇ ਦੀ ਮੌਤ, ਜਾਣੋ ਕਾਰਨ
ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਇੱਕ ਹੋਰ ਮਾਦਾ ਚੀਤੇ ਦੀ ਮੌਤ ਹੋ ਗਈ ਹੈ, ਪਿਛਲੇ ਕੁਝ ਦਿਨਾਂ ਵਿੱਚ ਚੀਤੇ ਦੀ ਇਹ ਤੀਜੀ ਮੌਤ ਹੈ।
ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਇੱਕ ਹੋਰ ਚੀਤੇ ਦੀ ਮੌਤ ਹੋ ਗਈ ਹੈ। ਮਾਦਾ ਚੀਤਾ ਪਾਰਕ ‘ਚ ਨਿਗਰਾਨੀ ਟੀਮ ਨੂੰ ਜ਼ਖਮੀ ਹਾਲਤ ‘ਚ ਮਿਲੀ, ਜਿਸ ਤੋਂ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਦਕਸ਼ਾ ਕੁਨੋ ਨੈਸ਼ਨਲ ਪਾਰਕ (Kuno National Park) ਵਿੱਚ ਮਰਨ ਵਾਲਾ ਤੀਜਾ ਚੀਤਾ ਹੈ। ਸਿਰਫ਼ 42 ਦਿਨਾਂ ਵਿੱਚ ਇਨ੍ਹਾਂ ਚੀਤਿਆਂ ਦੀ ਮੌਤ ਹੋਈ ਹੈ। ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਦਕਸ਼ਾ ਨੂੰ ਜ਼ਖਮੀ ਹਾਲਤ ‘ਚ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਜ਼ਰੂਰੀ ਦਵਾਈਆਂ ਅਤੇ ਇਲਾਜ ਦਿੱਤਾ ਗਿਆ। ਇਸ ਦੇ ਬਾਵਜੂਦ ਦੁਪਹਿਰ 12 ਵਜੇ ਦੇ ਕਰੀਬ ਉਸ ਦੀ ਮੌਤ ਹੋ ਗਈ।
ਮੱਧ ਪ੍ਰਦੇਸ਼ ਦੇ ਚੀਫ ਕੰਜ਼ਰਵੇਟਰ ਜੇਐਸ ਚੌਹਾਨ ਨੇ ਦੱਸਿਆ ਹੈ ਦਕਸ਼ਾ ਦੀ ਮੌਤ ਹਿੰਸਕ ਇੰਟਰੈਕਸ਼ਨ ਦੌਰਾਨ ਹੋਈ ਹੈ। ਦਕਸ਼ਾ ਦੋ ਮੇਲ ਚੀਤੇ ਵਾਯੂ ਅਤੇ ਅਗਨੀ ਨਾਲ ਮੇਟਿੰਗ ਕਰ ਰਹੀ ਸ਼ੀ ਅਤੇ ਇਸ ਦੌਰਾਨ ਉਹ ਜਖਮੀ ਹੋਈ ਹੋਵੇਗਾ। ਇੱਥੇ ਬੋਮਾ 7 ਤੋਂ ਦੋ ਮੇਲ ਚੀਤੇ ਛੱਡੇ ਗਏ ਸਨ। ਸੰਭਵ ਹੈ ਕਿ ਨਰ ਚੀਤਾ ਸੰਭੋਗ ਦੌਰਾਨ ਹਿੰਸਕ ਹੋ ਗਿਆ ਹੋਵੇ। ਹਾਲਾਂਕਿ ਇਹ ਪ੍ਰਕਿਰਿਆ ਬਹੁਤ ਆਮ ਹੈ।
ਦੱਖਣੀ ਅਫ਼ਰੀਕਾ ਤੋਂ ਕੁਨੋ ਨੈਸ਼ਨਲ ਪਾਰਕ ਵਿੱਚ 20 ਚੀਤੇ ਲਿਆਂਦੇ ਗਏ ਸਨ। ਇਨ੍ਹਾਂ ਸਾਰੇ ਚੀਤਿਆਂ ਨੂੰ ਵਿਸ਼ੇਸ਼ ਤੌਰ ‘ਤੇ ਪਿਛਲੇ ਸਾਲ ਪ੍ਰੋਜੈਕਟ ਚੀਤਾ ਤਹਿਤ ਭਾਰਤ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ ਦੋ ਚੀਤੇ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਮਰ ਚੁੱਕੇ ਹਨ। ਚੀਤਾ ਸਾਸ਼ਾ ਅਤੇ ਉਦੈ ਨੂੰ 2 ਵੱਖ-ਵੱਖ ਬੈਚਾਂ ਵਿੱਚ ਨਾਮੀਬੀਆ ਅਤੇ ਦੱਖਣੀ ਅਫਰੀਕਾ ਤੋਂ ਲਿਆ ਕੇ ਕੁਨੋ ਨੈਸ਼ਨਲ ਪਾਰਕ ਵਿੱਚ ਸ਼ਿਫਟ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ 27 ਮਾਰਚ ਅਤੇ 23 ਅਪ੍ਰੈਲ ਨੂੰ ਹੋਈ ਸੀ।
ਪਿਛਲੇ ਸਾਲ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 72ਵੇਂ ਜਨਮ ਦਿਨ ‘ਤੇ ਨਾਮੀਬੀਆ ਤੋਂ ਕੁਨੋ ਨੈਸ਼ਨਲ ਪਾਰਕ ‘ਚ ਲਿਆਂਦੇ ਗਏ ਪੰਜ ਮਾਦਾ ਅਤੇ ਤਿੰਨ ਨਰ ਚੀਤਿਆਂ ਨੂੰ ਛੱਡਿਆ ਸੀ। ਇਸ ਤੋਂ ਬਾਅਦ ਇਸ ਸਾਲ ਫਰਵਰੀ ‘ਚ ਦੱਖਣੀ ਅਫਰੀਕਾ ਤੋਂ 12 ਹੋਰ ਚੀਤੇ ਲਿਆਂਦੇ ਗਏ ਅਤੇ ਕੁਨੋ ਨੈਸ਼ਨਲ ਪਾਰਕ ‘ਚ ਛੱਡੇ ਗਏ ਸਨ।