ਕਰਨਾਟਕ ਹਾਦਸਾ: ਟਰੱਕ ਨਾਲ ਟਕਰਾਉਣ ਤੋਂ ਬਾਅਦ ਸਲੀਪਰ ਬੱਸ ਬਣੀ ਅੱਗ ਦਾ ਗੋਲਾ, 9 ਲੋਕ ਜ਼ਿੰਦਾ ਸੜੇ
ਕਰਨਾਟਕ ਦੇ ਚਿੱਤਰਦੁਰਗ ਜ਼ਿਲ੍ਹੇ 'ਚ NH-48 'ਤੇ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 9 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ।
ਕਰਨਾਟਕ ਦੇ ਚਿੱਤਰਦੁਰਗ ਜ਼ਿਲ੍ਹੇ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਬੱਸ ਨੂੰ ਅੱਗ ਲੱਗਣ ਤੋਂ ਬਾਅਦ 9 ਯਾਤਰੀ ਜ਼ਿੰਦਾ ਸੜ ਗਏ। ਕਈ ਹੋਰ ਗੰਭੀਰ ਰੂਪ ‘ਚ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦਰਅਸਲ, ਇੱਕ ਟਰੱਕ ਤੇ ਇੱਕ ਨਿੱਜੀ ਸਲੀਪਰ ਬੱਸ ‘ਚ ਭਿਆਨਕ ਟੱਕਰ ਹੋਈ ਕਿ ਬੱਸ ਅੱਗ ਦਾ ਗੋਲਾ ਬਣ ਗਈ, ਜਿਸ ‘ਚ ਸਵਾਰ 9 ਲੋਕਾਂ ਦੀ ਮੌਤ ਹੋ ਗਈ।
ਬੁੱਧਵਾਰ ਦੇਰ ਰਾਤ, ਚਿੱਤਰਦੁਰਗ ਜ਼ਿਲ੍ਹੇ ਦੇ ਰਾਸ਼ਟਰੀ ਰਾਜਮਾਰਗ 48 ‘ਤੇ ਗੋਰਲਾਥੂ ਕਰਾਸ ਨੇੜੇ, ਇੱਕ ਤੇਜ਼ ਰਫ਼ਤਾਰ ਟਰੱਕ ਡਿਵਾਈਡਰ ਪਾਰ ਕਰ ਸਾਹਮਣੇ ਤੋਂ ਆ ਰਹੀ ਸਲੀਪਰ ਬੱਸ ਨਾਲ ਟਕਰਾ ਗਿਆ। ਟੱਕਰ ਤੋਂ ਤੁਰੰਤ ਬਾਅਦ, ਬੱਸ ਨੂੰ ਸੜਕ ਦੇ ਵਿਚਕਾਰ ਅੱਗ ਲੱਗ ਗਈ। ਯਾਤਰੀਆਂ ਦੇ ਕੁਝ ਸਮਝਣ ਤੋਂ ਪਹਿਲਾਂ, ਬੱਸ ਅੱਗ ਦੀ ਲਪੇਟ ‘ਚ ਆ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਹਿਰੀਯੂਰ ਤੋਂ ਬੈਂਗਲੁਰੂ ਜਾ ਰਿਹਾ ਸੀ ਤੇ ਬੱਸ ਬੈਂਗਲੁਰੂ ਤੋਂ ਸ਼ਿਵਮੋਗਾ ਜਾ ਰਹੀ ਸੀ।
9 ਯਾਤਰੀ ਜ਼ਿੰਦਾ ਸੜੇ
ਹਾਦਸੇ ‘ਚ, ਬੱਸ ਸਵਾਰ 9 ਯਾਤਰੀ ਜ਼ਿੰਦਾ ਸੜ ਗਏ। ਕਈ ਹੋਰ ਜ਼ਖਮੀ ਯਾਤਰੀਆਂ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ, ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਹਿਰੀਯੂਰ ਦਿਹਾਤੀ ਪੁਲਿਸ ਸਟੇਸ਼ਨ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਸ ‘ਚ 15 ਔਰਤਾਂ ਅਤੇ 14 ਪੁਰਸ਼ ਸਵਾਰ ਸਨ।
29 ਯਾਤਰੀ ਸਵਾਰ ਸਨ
ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 32 ਸੀਟਾਂ ‘ਤੇ 29 ਯਾਤਰੀ ਸਵਾਰ ਸਨ। ਹਾਦਸੇ ਦੌਰਾਨ ਬੱਸ ਡਰਾਈਵਰ, ਕੰਡਕਟਰ ਤੇ ਕੁੱਝ ਯਾਤਰੀਆਂ ਨੇ ਬੱਸ ਤੋਂ ਛਾਲ ਮਾਰ ਦਿੱਤੀ। ਹਾਦਸੇ ‘ਚ ਟਰੱਕ ਡਰਾਈਵਰ ਕੁਲਦੀਪ ਦੀ ਵੀ ਮੌਤ ਹੋ ਗਈ। ਬੈਂਗਲੁਰੂ ਦਾ ਰਹਿਣ ਵਾਲਾ ਗਗਨ ਸ਼੍ਰੀ-ਰਸ਼ਿਮ ਤੇ ਗੋਕਰਨ ਦੀ ਰਹਿਣ ਵਾਲੀ ਰਕਸ਼ਿਤਾ ਵੀ ਬੱਸ ‘ਚ ਸਫ਼ਰ ਕਰ ਰਹੇ ਸਨ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਰਾਸ਼ਟਰੀ ਰਾਜਮਾਰਗ-48 ‘ਤੇ 30 ਕਿਲੋਮੀਟਰ ਲੰਬਾ ਜਾਮ ਲੱਗ ਗਿਆ।