Kishtwar Cloud Burst: 46 ਮੌਤਾਂ, 70 ਲਾਪਤਾ, 100 ਗੰਭੀਰ… ਕਿਸ਼ਤਵਾੜ ‘ਚ ਕੁਦਰਤ ਨੇ ਮਚਾਈ ਤਬਾਹੀ, ਹੜ੍ਹ ‘ਚ ਕਈ ਜਾਨਾਂ ਵਹਿ ਗਈਆਂ
Kishtwar Cloud Burst: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਵੀਰਵਾਰ ਦੁਪਹਿਰ 12.30 ਵਜੇ ਅਚਾਨਕ ਬੱਦਲ ਫਟਿਆ। ਇਹ ਆਫ਼ਤ ਮਚੈਲ ਮਾਤਾ ਮੰਦਰ ਦੇ ਤੀਰਥ ਮਾਰਗ 'ਤੇ ਵਾਪਰੀ, ਜਿਸ 'ਚ ਦੋ CISF ਜਵਾਨਾਂ ਸਮੇਤ 46 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 200 ਤੋਂ ਵੱਧ ਲੋਕ ਲਾਪਤਾ ਹਨ।
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਵੀਰਵਾਰ ਦੁਪਹਿਰ 12.30 ਵਜੇ ਅਚਾਨਕ ਬੱਦਲ ਫਟਿਆ। ਇਹ ਹਾਦਸਾ ਮਚੈਲ ਮਾਤਾ ਮੰਦਰ ਦੇ ਤੀਰਥ ਮਾਰਗ ‘ਤੇ ਵਾਪਰਿਆ, ਜਿਸ ‘ਚ ਦੋ ਸੀਆਈਐਸਐਫ ਜਵਾਨਾਂ ਸਮੇਤ 46 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 70 ਤੋਂ ਵੱਧ ਲੋਕ ਲਾਪਤਾ ਹਨ। ਇਸ ਘਟਨਾ ਤੋਂ ਬਾਅਦ ਅਚਾਨਕ ਹੜ੍ਹ ਆਇਆ ਤੇ ਵੱਡੇ ਪੱਧਰ ‘ਤੇ ਤਬਾਹੀ ਮਚ ਗਈ। 100 ਤੋਂ ਵੱਧ ਲੋਕ ਜ਼ਖਮੀ ਹਨ, ਜਿਨ੍ਹਾਂ ‘ਚੋਂ 37 ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਕਿਸ਼ਤਵਾੜ ਦੇ ਜ਼ਿਲ੍ਹਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੱਡਾਰ ਦੇ ਉਪ-ਜ਼ਿਲ੍ਹਾ ਹਸਪਤਾਲ ਵਿੱਚ ਲਗਭਗ 70 ਤੋਂ 80 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਪੁਲਿਸ-ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ ਮਚੈਲ ਮਾਤਾ ਮੰਦਰ ਨੂੰ ਜਾਂਦੇ ਰਸਤੇ ‘ਤੇ ਚਸ਼ੋਟੀ ਪਿੰਡ ‘ਚ ਵਾਪਰਿਆ। ਹਾਦਸੇ ਸਮੇਂ ਵੱਡੀ ਗਿਣਤੀ ‘ਚ ਲੋਕ ਮਚੈਲ ਮਾਤਾ ਯਾਤਰਾ ਲਈ ਇਕੱਠੇ ਹੋਏ ਸਨ। 9500 ਫੁੱਟ ਦੀ ਉਚਾਈ ‘ਤੇ ਸਥਿਤ ਮਚੈਲ ਮਾਤਾ ਮੰਦਰ ਜਾਣ ਲਈ ਸ਼ਰਧਾਲੂ ਸਿਰਫ਼ ਮੋਟਰ ਵਾਹਨ ਰਾਹੀਂ ਹੀ ਚਸ਼ੋਤੀ ਪਿੰਡ ਪਹੁੰਚ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ 8.5 ਕਿਲੋਮੀਟਰ ਪੈਦਲ ਯਾਤਰਾ ਕਰਨੀ ਪੈਂਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 38 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਲੋਕਾਂ ਨੂੰ ਬਚਾਇਆ ਗਿਆ ਹੈ। ਲਗਭਗ 200 ਅਜੇ ਵੀ ਲਾਪਤਾ ਹਨ।
ਚਸ਼ੋਤੀ ਪਿੰਡ ਕਿਸ਼ਤਵਾੜ ਸ਼ਹਿਰ ਤੋਂ 90 ਕਿਲੋਮੀਟਰ ਦੂਰ
ਚਸ਼ੋਤੀ ਪਿੰਡ ਕਿਸ਼ਤਵਾੜ ਸ਼ਹਿਰ ਤੋਂ ਲਗਭਗ 90 ਕਿਲੋਮੀਟਰ ਦੂਰ ਹੈ। ਇੱਥੇ ਸ਼ਰਧਾਲੂਆਂ ਲਈ ਬਣਾਇਆ ਗਿਆ ਲੰਗਰ (ਸਮੁਦਾਇਕ ਰਸੋਈ) ਇਸ ਘਟਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ ਤੇ ਦੁਕਾਨਾਂ ਤੇ ਇੱਕ ਸੁਰੱਖਿਆ ਚੌਕੀ ਸਮੇਤ ਕਈ ਇਮਾਰਤਾਂ ਵਹਿ ਗਈਆਂ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਆਫ਼ਤ ਤੋਂ ਤੁਰੰਤ ਬਾਅਦ ਬਚਾਅ ਟੀਮ ਨੂੰ ਰਵਾਨਾ ਕੀਤਾ ਤੇ ਸੀਨੀਅਰ ਪੁਲਿਸ ਸੁਪਰਡੈਂਟ ਦੇ ਨਾਲ, ਕਾਰਜ ਦੀ ਨਿਗਰਾਨੀ ਕਰਨ ਲਈ ਨਿੱਜੀ ਤੌਰ ‘ਤੇ ਮੌਕੇ ‘ਤੇ ਗਏ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ‘ਚ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ X ‘ਤੇ ਲਿਖਿਆ, ਚਸ਼ੋਤੀ ਖੇਤਰ ‘ਚ ਇੱਕ ਵੱਡੀ ਬੱਦਲ ਫਟਣ ਦੀ ਘਟਨਾ ਵਾਪਰੀ ਹੈ, ਜਿਸ ਨਾਲ ਭਾਰੀ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਤੁਰੰਤ ਹਰਕਤ ‘ਚ ਆ ਗਿਆ ਹੈ ਤੇ ਬਚਾਅ ਟੀਮ ਮੌਕੇ ‘ਤੇ ਰਵਾਨਾ ਹੋ ਗਈ ਹੈ।
ਮਚੈਲ ਮਾਤਾ ਮੰਦਰ ਯਾਤਰਾ ਰੱਦ
ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ, ਮੰਦਰ ਦੀ ਸਾਲਾਨਾ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਸਾਰੇ ਬਚਾਅ ਕਾਰਜਾਂ ‘ਤੇ ਧਿਆਨ ਕੇਂਦਰਿਤ ਕਰਨ ਤੇ ਵੱਡੇ ਪੱਧਰ ‘ਤੇ ਬਚਾਅ ਤੇ ਰਾਹਤ ਕਾਰਜ ਲਈ ਮੌਕੇ ‘ਤੇ ਰਵਾਨਾ ਹੋ ਗਏ ਹਨ। ਊਧਮਪੁਰ ਤੋਂ ਕਿਸ਼ਤਵਾੜ ਲਈ ਦੋ ਐਨਡੀਆਰਐਫ ਟੀਮਾਂ ਭੇਜੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਕਿਹਾ ਕਿ ਇਲਾਕੇ ‘ਚ ਵੱਡੇ ਪੱਧਰ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਉਹ ਖੁਦ ਮੌਕੇ ‘ਤੇ ਪਹੁੰਚ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਪਹਾੜੀ ਦੇ ਤਲਹਟੀ ‘ਚ ਸੰਘਣੀ ਵਸੋਂ ਵਾਲੀ ਬਸਤੀ ‘ਚ ਅਚਾਨਕ ਆਏ ਹੜ੍ਹ ਨੇ ਕਈ ਘਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ
ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਘਟਨਾ ‘ਚ ਜਾਨ-ਮਾਲ ਦੇ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ X ‘ਤੇ ਲਿਖਿਆ, ਕਿਸ਼ਤਵਾੜ ਦੇ ਚਸ਼ੋਤੀ ‘ਚ ਬੱਦਲ ਫਟਣ ਦੀ ਘਟਨਾ ਤੋਂ ਮੈਂ ਦੁਖੀ ਹਾਂ। ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ। ਸਿਵਲ, ਪੁਲਿਸ, ਫੌਜ, NDRF ਤੇ SDRF ਅਧਿਕਾਰੀਆਂ ਨੂੰ ਬਚਾਅ ਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਤੇ ਪ੍ਰਭਾਵਿਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੱਦਲ ਫਟਣ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਜੰਮੂ ਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ‘ਚ ਬੱਦਲ ਫਟਣ ਨਾਲ ਪ੍ਰਭਾਵਿਤ ਸਾਰੇ ਲੋਕਾਂ ਦੇ ਨਾਲ ਹਨ। ਲੋੜਵੰਦ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ X ‘ਤੇ ਇੱਕ ਪੋਸਟ ‘ਚ ਕਿਹਾ, “ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ‘ਚ ਬੱਦਲ ਫਟਣ ‘ਤੇ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਮੇਰੀਆਂ ਸੰਵੇਦਨਾ ਤੇ ਪ੍ਰਾਰਥਨਾਵਾਂ। ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ।”


