60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਫਸੇ Shilpa Shetty-Raj Kundra, ਲੁੱਕਆਊਟ ਨੋਟਿਸ ਹੋਵੇਗਾ ਜਾਰੀ?
Shilpa Shetty-Raj Kundra: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਸ ਸਮੇਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਇੱਕ ਸ਼ਖਸ ਨੇ ਉਨ੍ਹਾਂ ਖਿਲਾਫ 60 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ, ਜਿਸ ਤਹਿਤ ਉਨ੍ਹਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵੀ ਚੱਲ ਰਹੀਆਂ ਹਨ। ਪੁਲਿਸ ਕਪਲ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਸਕਦੀ ਹੈ।
Shilpa Shetty Case: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇੱਕ ਵਾਰ ਫਿਰ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਧੋਖਾਧੜੀ ਦੇ ਆਰੋਪਾਂ ਵਿੱਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਖਿਲਾਫ ਇੱਕ ਵਪਾਰੀ ਨਾਲ 60 ਕਰੋੜ ਰੁਪਏ ਦੀ ਠਗੀ ਦਾ ਮਾਮਲਾ ਹੈ ਜੋ ਇਸ ਸਮੇਂ ਖ਼ਬਰਾਂ ਵਿੱਚ ਹੈ। ਹੁਣ EOW ਇਸ ਮਾਮਲੇ ਵਿੱਚ ਅੱਗੇ ਵਧ ਰਿਹਾ ਹੈ ਅਤੇ ਦੋਵਾਂ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਦੀਪਕ ਕੋਠਾਰੀ ਨਾਮ ਦੇ ਇੱਕ ਕਾਰੋਬਾਰੀ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ‘ਤੇ 2015 ਤੋਂ 2023 ਦੇ ਵਿਚਕਾਰ 60 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਆਰੋਪ ਲਗਾਇਆ ਹੈ। ਕੋਠਾਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਪੈਸਾ ਜੋੜੇ ਦੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ (Best Deal TV Pvt. Ltd.) ਵਿੱਚ ਕਾਰੋਬਾਰ ਨੂੰ ਵਧਾਉਣ ਲਈ ਨਿਵੇਸ਼ ਕੀਤਾ ਸੀ, ਪਰ ਸ਼ਖਸ ਦਾ ਆਰੋਪ ਹੈ ਕਿ ਇਹ ਪੈਸਾ ਨਿੱਜੀ ਖਰਚਿਆਂ ਲਈ ਵਰਤਿਆ ਗਿਆ ਹੈ ਜੋ ਕਿ ਗਲਤ ਹੈ। ਰਿਪੋਰਟਾਂ ਅਨੁਸਾਰ, ਸਾਲ 2015 ਵਿੱਚ, ਕੋਠਾਰੀ ਇੱਕ ਏਜੰਟ ਰਾਹੀਂ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਕੰਪਨੀ ਨਾਲ ਜੁੜੇ ਸਨ। ਇਹ ਕੰਪਨੀ ਮੁੱਖ ਤੌਰ ‘ਤੇ ਇੱਕ ਔਨਲਾਈਨ ਸ਼ਾਪਿੰਗ ਪਲੇਟਫਾਰਮ ਚਲਾਉਂਦੀ ਸੀ।
ਸ਼ਿਕਾਇਤਕਰਤਾ ਦੇ ਅਨੁਸਾਰ, ਜਦੋਂ ਇਸ ਕੰਪਨੀ ਨੂੰ 75 ਕਰੋੜ ਰੁਪਏ ਦੀ ਲੋੜ ਪਈ, ਤਾਂ ਇਸਨੇ ਟੈਕਸ ਬਚਾਉਣ ਲਈ ਲੋਨ ਨੂੰ ਨਿਵੇਸ਼ ਵਿੱਚ ਬਦਲ ਦਿੱਤਾ। ਇਸ ਦੌਰਾਨ, ਕੋਠਾਰੀ ਨੇ ਕੰਪਨੀ ਵਿੱਚ ਵੱਖ-ਵੱਖ ਕਿਸ਼ਤਾਂ ਵਿੱਚ 60 ਕਰੋੜ 48 ਲੱਖ ਰੁਪਏ ਦਾ ਨਿਵੇਸ਼ ਕੀਤਾ। ਸ਼ਿਕਾਇਤਕਰਤਾ ਦਾ ਇਹ ਵੀ ਕਹਿਣਾ ਹੈ ਕਿ ਅਪ੍ਰੈਲ 2016 ਵਿੱਚ, ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਖੁਦ ਪੈਸੇ ਵਾਪਸ ਕਰਨ ਦੀ ਨਿੱਜੀ ਗਰੰਟੀ ਦਿੱਤੀ ਸੀ। ਪਰ ਸਭ ਕੁਝ ਇਸ ਤਰ੍ਹਾਂ ਨਹੀਂ ਹੋਇਆ। ਕੁਝ ਸਮੇਂ ਬਾਅਦ ਸ਼ਿਲਪਾ ਸ਼ੈੱਟੀ ਨੇ ਇਸ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕੰਪਨੀ ਦੀਵਾਲੀਆ ਹੋ ਗਈ। ਪਰ ਕੋਠਾਰੀ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕਰਨਾ ਜ਼ਰੂਰੀ ਨਹੀਂ ਸਮਝਿਆ।
ਪੈਸੇ ਵਾਪਸ ਮੰਗੇ ਤਾਂ ਕੀ ਕਿਹਾ ਗਿਆ?
ਜਦੋਂ ਕੋਠਾਰੀ ਨੇ ਕੰਪਨੀ ਤੋਂ ਆਪਣੇ ਪੈਸੇ ਵਾਪਸ ਮੰਗੇ, ਤਾਂ ਉਨ੍ਹਾਂ ਨੂੰ ਲਗਾਤਾਰ ਟਾਲਿਆ ਗਿਆ ਅਤੇ 9 ਸਾਲਾਂ ਤੱਕ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ। ਹੁਣ ਇਸ ਮਾਮਲੇ ਵਿੱਚ EOW ਨੇ ਭਾਰਤੀ ਦੰਡਾਵਲੀ (IPC) ਦੀ ਧਾਰਾ 403, 406 ਅਤੇ 34 ਦੇ ਤਹਿਤ FIR ਦਰਜ ਕੀਤੀ ਹੈ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੂਰੇ ਮਾਮਲੇ ਵਿੱਚ, ਪੁਲਿਸ ਇਸ ਸਮੇਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨਿਵੇਸ਼ ਕੀਤਾ ਪੈਸਾ ਕਿੱਥੇ ਗਿਆ ਅਤੇ ਕਿਸ ਮਕਸਦ ਲਈ ਵਰਤਿਆ ਗਿਆ।
ਹੁਣ ਪੁਲਿਸ ਕੱਸੇਗੀ ਸ਼ਿਕੰਜਾ
ਇਸ ਕ੍ਰਮ ਵਿੱਚ, ਪੁਲਿਸ ਕਪਲ ਦੇ ਟ੍ਰੈਵਲ ਰਿਕਾਰਡ ਦੀ ਜਾਂਚ ਕਰ ਰਹੀ ਹੈ ਅਤੇ ਲੋੜ ਪੈਣ ‘ਤੇ ਲੁੱਕਆਊਟ ਸਰਕੂਲਰ ਜਾਰੀ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਿਲਪਾ ਅਤੇ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਦੇਸ਼ ਛੱਡਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
(Sandeep Kumar Singh, Mumbai)


