ਰਾਜਵੀਰ ਜਵੰਦਾ ਨੂੰ ਹਸਪਤਾਲ ‘ਚ 10ਵਾਂ ਦਿਨ, ਸਿਹਤ ‘ਚ ਸੁਧਾਰ ਨਹੀਂ, 2 ਦਿਨਾਂ ਤੋਂ ਮੈਡਿਕਲ ਬੁਲੇਟਿਨ ਬੰਦ
Rajvir Jawanda Health Update: ਆਖਿਰੀ ਬੁਲੇਟਿਨ 'ਚ ਦੱਸਿਆ ਗਿਆ ਸੀ ਜਵੰਦਾ ਅਜੇ ਵੀ ਲਾਈਫ ਸਪੋਰਟ ਸਿਸਟਮ 'ਤੇ ਹਨ ਤਾਂ ਜੋ ਉਨ੍ਹਾਂ ਦਾ ਦਿਲ ਧੜਕਦਾ ਰਹੇ। ਉਨ੍ਹਾਂ ਦੇ ਸਿਰ ਤੇ ਰੀੜ ਦੀ ਹੱਡੀ 'ਚ ਗਹਿਰੀਆਂ ਸੱਟਾਂ ਆਈਆਂ ਹਨ। ਜਿਸ ਨਾਲ ਉਨ੍ਹਾਂ ਦੇ ਸਰੀਰ ਦੇ ਅੰਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ।
ਪੰਜਾਬ ਸਿੰਗਰ ਰਾਜਵੀਰ ਜਵੰਦਾ ਨੂੰ ਅੱਜ ਹਸਪਤਾਲ ‘ਚ 10ਵਾਂ ਦਿਨ ਹੋਣ ਜਾ ਰਿਹਾ ਹੈ। ਉਨ੍ਹਾਂ ਦੀ ਸਿਹਤ ‘ਚ ਕੋਈ ਖਾਸ ਸੁਧਾਰ ਨਹੀਂ ਹੈ। ਰਾਜਵੀਰ ਜਵੰਦਾ 27 ਸਤੰਬਰ ਨੂੰ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ, ਉਸੇ ਦਿਨ ਤੋਂ ਹੀ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹਨ। ਹਸਪਤਾਲ ਵੱਲੋਂ ਹੁਣ ਮੈਡਿਕਲ ਬੁਲੇਟਿਨ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ। ਆਖਿਰੀ ਵਾਰ 3 ਅਕਤੂਬਰ ਨੂੰ ਹਸਪਤਾਲ ਵੱਲੋਂ ਮੈਡਿਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ। ਆਖਿਰੀ ਬੁਲੇਟਿਨ ‘ਚ ਦੱਸਿਆ ਗਿਆ ਸੀ ਜਵੰਦਾ ਅਜੇ ਵੀ ਲਾਈਫ ਸਪੋਰਟ ਸਿਸਟਮ ‘ਤੇ ਹਨ ਤਾਂ ਜੋ ਉਨ੍ਹਾਂ ਦਾ ਦਿਲ ਧੜਕਦਾ ਰਹੇ। ਉਨ੍ਹਾਂ ਦੇ ਸਿਰ ਤੇ ਰੀੜ ਦੀ ਹੱਡੀ ‘ਚ ਗਹਿਰੀਆਂ ਸੱਟਾਂ ਆਈਆਂ ਹਨ। ਜਿਸ ਨਾਲ ਉਨ੍ਹਾਂ ਦੇ ਸਰੀਰ ਦੇ ਅੰਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ।
ਅਰਦਾਸਾਂ ਦਾ ਦੌਰ
ਦੂਜੇ ਪਾਸੇ ਰਾਜਵੀਰ ਜਵੰਦਾ ਲਈ ਅਰਦਾਸਾਂ ਦਾ ਦੌਰ ਜਾਰੀ ਹੈ। ਬੀਤੇ ਦਿਨ ਸਿੰਗਰ ਦੀ ਸਲਾਮਤੀ ਲਈ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਹ ਪਾਠ ਜਵੰਦਾ ਦੀ ਮਾਂ ਤੇ ਸਾਥੀ ਕਲਾਕਾਰਾਂ ਨੇ ਕਰਵਾਇਆ ਸੀ, ਜਿਸ ‘ਚ ਪੰਜਾਬੀ ਸਿੰਗਰ ਹਰਭਜਨ ਮਾਨ ਵੀ ਸ਼ਾਮਲ ਹੋਏ ਸਨ।
ਬਾਈਕ ਰਾਈਡਿੰਗ ਦੌਰਾਨ ਹਾਦਸਾ
ਦੱਸ ਦੇਈਏ ਕਿ ਰਾਜਵੀਰ ਜਵੰਦਾ ਬਾਈਕ ਰਾਈਡਿੰਗ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਸੜਕ ਹਾਦਸਾ ਹੋ ਗਿਆ ਸੀ। ਉਹ ਆਪਣੇ ਦੋਸਤਾਂ ਨਾਲ ਸ਼ਿਮਲਾ ਜਾ ਰਹੇ ਸਨ। ਇਸ ਦੌਰਾਨ ਪਿੰਜੌਰ-ਨਾਲਾਗੜ੍ਹ ਰੋਡ ‘ਤੇ ਉਨ੍ਹਾਂ ਦਾ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ ਦੋ ਪਸ਼ੂ ਸੜਕ ਦੇ ਲੜ੍ਹ ਰਹੇ ਸਨ। ਇਨ੍ਹਾਂ ਤੋਂ ਬਚਣ ਦੇ ਚੱਕਰ ‘ਚ ਜਵੰਦਾ ਦੀ ਬਾਈਕ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ। ਉਸ ਤੋਂ ਬਾਅਦ ਉਨ੍ਹਾਂ ਨੂੰ ਪੰਚਕੁਲਾ ਲਿਆਂਦਾ ਗਿਆ ਤੇ ਫਿਰ ਮੁਹਾਲੀ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਉਹ ਲਗਾਤਾਰ ਵੈਂਟੀਲੇਟਰ ‘ਤੇ ਹਨ।
ਹਸਪਤਾਲ ਨੇ ਮੈਡਿਕਲ ਬੁਲੇਟਿਨ ਕੀਤਾ ਬੰਦ
ਰਾਜਵੀਰ ਜਵੰਦਾ ਦੇ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਫੋਰਟਿਸ ਹਸਪਤਾਲ ਵੱਲੋਂ 27 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਰੋਜ਼ਾਨਾ ਮੈਡਿਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਸੀ। ਹਾਲਾਂਕਿ, 3 ਅਕਤੂਬਰ ਤੋਂ ਬਾਅਦ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ‘ਚ ਕਿਹਾ ਗਿਆ ਸੀ ਕਿ ਜਵੰਦਾ ਦੀ ਹਾਲਤ ਪਹਿਲੇ ਵਰਗੀ ਬਣੀ ਹੋਈ ਹੈ, ਇਸ ਲਈ ਉਨ੍ਹਾਂ ਕੋਲ ਦੱਸਣ ਨੂੰ ਕੁੱਝ ਨਹੀਂ ਹੈ। ਇਸ ਕਾਰਨ ਮੈਡਿਕਲ ਬੁਲੇਟਿਨ ਬੰਦ ਕੀਤਾ ਜਾ ਰਿਹਾ ਹੈ।