Diljit Dosanjh: ਦਿਲਜੀਤ ਦੋਸਾਂਝ ਦੀ ਫਿਲਮ ਵਿੱਚ ਲੱਗੇ 127 ਕੱਟ, ਸੈਂਸਰ ਬੋਰਡ ਬੋਲਿਆ- ਨਹੀਂ ਲੈ ਸਕਦੇ ਇਹ ਨਾਂ…
Punjab 95: ਦਿਲਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ, ਜਿਸ 'ਚ ਉਹ ਆਪਣੇ ਚਿਹਰੇ 'ਤੇ ਜ਼ਖਮੀ ਅਤੇ ਖੂਨ ਨਾਲ ਲੱਥਪੱਥ ਦਿਖਾਈ ਦੇ ਰਹੇ ਹਨ। ਹਾਲਾਂਕਿ, ਚਿੰਤਾ ਨਾ ਕਰੋ, ਇਹ ਅਸਲੀ ਨਹੀਂ ਬਲਕਿ ਨਕਲੀ ਖੂਨ ਅਤੇ ਸੱਟਾਂ ਹਨ, ਜੋ ਉਸਦੀ ਆਉਣ ਵਾਲੀ ਫਿਲਮ ਪੰਜਾਬ 95 ਦੀ ਪਹਿਲੀ ਝਲਕ ਹੈ। ਇੰਸਟਾਗ੍ਰਾਮ 'ਤੇ ਤਿੰਨ ਤਸਵੀਰਾਂ ਦੇ ਨਾਲ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ, ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਦੋ ਸਾਲਾਂ ਤੋਂ ਸੈਂਸਰ ਬੋਰਡ ਦੀ ਹਰੀ ਝੰਡੀ ਦਾ ਇੰਤਜਾਰ ਕਰ ਰਹੀ ਹੈ। ਬੋਰਡ ਇਸ ਫਿਲਮ ਨੂੰ ਲੈ ਕੇ ਇੰਨਾ ਸਖ਼ਤ ਦਿਖਾਈ ਦੇ ਰਿਹਾ ਹੈ ਕਿ ਹੁਣ ਫਿਲਮ ਨਿਰਮਾਤਾ ਵੀ ਇਹ ਸਮਝਣ ਵਿੱਚ ਅਸਮਰੱਥ ਹਨ ਕਿ ਜਦੋਂ ਅਜਿਹੀਆਂ ਫਿਲਮਾਂ ਪਹਿਲਾਂ ਰਿਲੀਜ਼ ਹੋ ਚੁੱਕੀਆਂ ਹਨ ਤੇ ਕੋਈ ਹੰਗਾਮਾ ਨਹੀਂ ਹੋਇਆ, ਤਾਂ ਸੈਂਸਰ ਬੋਰਡ ਨੂੰ ਸੱਚੀ ਘਟਨਾ ‘ਤੇ ਆਧਾਰਿਤ ਉਨ੍ਹਾਂ ਦੀ ਫਿਲਮ ਨਾਲ ਇੰਨੀ ਸਮੱਸਿਆ ਕਿਉਂ ਹੈ। ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਇੱਕ ਮੀਡੀਆ ਅਦਾਰੇ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਸੈਂਸਰ ਬੋਰਡ ਉਨ੍ਹਾਂ ਦੀ ਫਿਲਮ ਲਈ ਕਿਸ ਤਰ੍ਹਾਂ ਦੇ ਕੱਟ ਲਗਾਉਣ ਦੀ ਸਲਾਹ ਦੇ ਰਿਹਾ ਹੈ।
ਜਦੋਂ ਹਨੀ ਤ੍ਰੇਹਨ ਨੂੰ ਪੁੱਛਿਆ ਕਿ ਸੈਂਸਰ ਬੋਰਡ ਵੱਲੋਂ ਕਿਸ ਤਰ੍ਹਾਂ ਦੇ ਸੀਨ ਤੇ ਕੱਟ ਲਗਾਉਣ ਲਈ ਕਿਹਾ ਗਿਆ ਹੈ ਜਾਂ ਉਨ੍ਹਾਂ ਨੂੰ ਕਿਹੜੇ ਦ੍ਰਿਸ਼ ਇਤਰਾਜ਼ਯੋਗ ਲੱਗਦੇ ਹਨ, ਤਾਂ ਹਨੀ ਨੇ ਕਿਹਾ, ਫਿਲਮ ਵਿੱਚ ਗੁਰਬਾਣੀ ਹੈ…ਹੁਣ ਇਹ ਪੰਜਾਬ ਦੀ ਫਿਲਮ ਹੈ, ਇਸ ਵਿੱਚ ਗੁਰਬਾਣੀ ਹੈ, ਤਾਂ ਕੀ ਸਮੱਸਿਆ ਹੋ ਸਕਦੀ ਹੈ। ਤੁਸੀਂ ਗੁਰਬਾਣੀ ਹਟਾ ਦਿਓ। ਇਸਦਾ ਕਾਰਨ ਕੀ ਹੈ, ਉਹ ਵੀ ਨਹੀਂ ਜਾਣਦੇ। ਇਸ ਤੋਂ ਇਲਾਵਾ, ਉਨ੍ਹਾਂ ਦਾ ਕਹਿਣਾ ਹੈ ਕਿ ਤਰਨ ਤਾਰਨ ਦਾ ਨਾਮ ਨਹੀਂ ਲਿਆ ਜਾਵੇਗਾ। ਦੁਰਗਿਆਣਾ ਪੱਟੀ… ਇਨ੍ਹਾਂ ਸਾਰੀਆਂ ਥਾਵਾਂ ਦੇ ਫੈਕਟਸ ਕਾਨੂੰਨੀ ਦਸਤਾਵੇਜ਼ਾਂ ਵਿੱਚ ਹਨ, ਤਾਂ ਫਿਰ ਸਾਨੂੰ ਹੀ ਕਿਉਂ ਇਹ ਸਭ ਕੁਝ ਹਟਾਉਣ ਲਈ ਕਿਹਾ ਜਾ ਰਿਹਾ ਹੈ।
View this post on Instagram
ਸੈਂਸਰ ਬੋਰਡ ਨੂੰ ਸਾਰੀ ਫਿਲਮ ਤੇ ਇਤਰਾਜ – ਨਿਰਦੇਸ਼ਕ
ਹਨੀ ਨੇ ਦੱਸਿਆ, ਤਰਨ ਤਾਰਨ ਸ਼ਮਸ਼ਾਨਘਾਟ ਤੋਂ ਪਹਿਲਾਂ 600 ਲਾਸ਼ਾਂ ਮਿਲੀਆਂ ਸਨ। ਬਾਅਦ ਵਿੱਚ ਇਹ ਅੰਕੜਾ ਵਧ ਕੇ 2097 ਹੋ ਗਿਆ। ਉਸ ਤੋਂ ਬਾਅਦ 6017… ਇਸ ਤੋਂ ਬਾਅਦ ਜੱਜ ਜਸਵੰਤ ਸਿੰਘ ਖਾਲੜਾ ਦੀ ਲੜਾਈ ਅੰਦਾਜ਼ਨ 25 ਹਜ਼ਾਰ ਲਾਸ਼ਾਂ ‘ਤੇ ਸੀ। ਤੁਸੀਂ 25 ਹਜ਼ਾਰ ਦਾ ਅੰਕੜਾ ਨਹੀਂ ਦੱਸ ਸਕਦੇ। ਤੁਸੀਂ ਇਨ੍ਹਾਂ ਸਾਰੇ ਅੰਕੜਿਆਂ ਦੀ ਵਰਤੋਂ ਨਹੀਂ ਕਰ ਸਕਦੇ। ਤੁਸੀਂ ਇਨ੍ਹਾਂ ਥਾਵਾਂ ਦੇ ਨਾਮ ਨਹੀਂ ਲੈ ਸਕਦੇ। ਇਨ੍ਹਾਂ ਸਾਰਿਆਂ ਨੂੰ ਕਾਲਪਨਿਕ ਬਣਾਓ। ਤੁਸੀਂ ਇੰਦਰਾ ਗਾਂਧੀ ਦਾ ਨਾਮ ਨਹੀਂ ਲੈ ਸਕਦੇ। ਮੇਰੀ ਫਿਲਮ ਵਿੱਚ ਉਨ੍ਹਾਂ ਦੇ ਨਾਮ ਬਾਰੇ ਇੱਕ ਲਾਈਨ ਹੈ ਕਿ ਪੰਜਾਬ: 95- ਇੰਦਰਾ ਗਾਂਧੀ ਦੇ ਕਤਲ ਨੂੰ 11 ਸਾਲ ਬੀਤ ਚੁੱਕੇ ਹਨ ਅਤੇ ਪੰਜਾਬ ਵਿੱਚ ਸਰਕਾਰ ਬਣੇ ਤਿੰਨ ਸਾਲ ਬੀਤ ਚੁੱਕੇ ਹਨ… ਇਸ ਲਾਈਨ ਵਿੱਚ ਕੀ ਭਲਾ ਸੈਂਸਰ ਬੋਰਡ ਨੂੰ ਸਮੱਸਿਆ ਹੋ ਸਕਦੀ ਹੈ?
ਦਿਲਜੀਤ ਦੋਸਾਂਝ ਨਿਭਾ ਰਹੇ ਹਨ ਖਾਲੜਾ ਦਾ ਕਿਰਦਾਰ
ਫਿਲਮ ਪੰਜਾਬ ’95 ਵਿੱਚ ਪੰਜਾਬੀ ਐਕਟਰ ਅਤੇ ਸਿੰਗਰ ਦਿਲਜੀਤ ਦੋਸਾਂਝ ਸੋਸ਼ਲ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਵਿੱਚ ਹਨ। ਬੀਤੀ ਜਨਵਰੀ ਦੌਰਾਨ ਉਨ੍ਹਾਂ ਦਾ ਫਰਸਟ ਲੁੱਕ ਵੀ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਹ ਜੇਲ੍ਹ ਦੇ ਇੱਕ ਕੋਨੇ ਵਿੱਚ ਬੈਠੇ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਚਿਹਰੇ ‘ਤੇ ਖੂਨ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਉਹ ਦੋਵੇਂ ਅੱਖਾਂ ਬੰਦ ਕਰਕੇ ਬੈਠੇ ਸਨ। ਉਨ੍ਹਾਂ ਨੇ ਸਾਦਾ ਕੁੜਤਾ, ਪਜਾਮਾ ਅਤੇ ਪੱਗ ਪਾਈ ਹੋਇਆ ਸੀ, ਖੂਨ ਨਾਲ ਲੱਥਪੱਥ ਅਤੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਸਨ। ਅਦਾਕਾਰ ਦੇ ਚਿਹਰੇ ਦੀ ਹਾਲਤ ਖ਼ਰਾਬ ਨਜ਼ਰ ਆ ਰਹੀ ਹੈ, ਜੋ ਫ਼ਿਲਮ ਦੀ ਦਰਦਨਾਕ ਕਹਾਣੀ ਬਿਆਨ ਕਰਦੀ ਹੈ।
ਫਿਲਮ ਦੀ ਰਿਲੀਜ਼ ਦੀ ਉਡੀਕ ਕਰ ਰਹੇ ਫੈਨਸ
ਦਰਸ਼ਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਹ ਬੇਸਬਰੀ ਨਾਲ ਇਸ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ…ਪਰ ਇਹ ਫਿਲਮ ਲਗਾਤਾਰ ਸੈਂਸਰ ਬੋਰਡ ਦੇ ਇਤਰਾਜ਼ਾਂ ਦਾ ਸਾਹਮਣਾ ਕਰ ਰਹੀ ਹੈ। ਹੁਣ ਸਾਹਮਣੇ ਆਏ ਨਵੇਂ ਅਪਡੇਟ ਮੁਤਾਬਕ, ਇਸ ਫਿਲਮ ਵਿੱਚ 127 ਕੱਟ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ, ਫਿਲਮ ਵਿੱਚ ਇਨ੍ਹਾਂ ਕੱਟਾਂ ਤੋਂ ਬਾਅਦ ਇਹ ਸੱਚਾਈ ਨੂੰ ਕਿੰਨੇ ਨੇੜੇ ਤੋਂ ਵਿਖਾਉਣ ਵਿੱਚ ਸਮੱਰਥ ਰਹਿੰਦੀ ਹੈ…ਇਹ ਤਾਂ ਇਸਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।