ਬਠਿੰਡਾ ਕੋਰਟ ‘ਚ ਪੇਸ਼ ਹੋਵੇਗੀ ਕੰਗਨਾ ਰਣੌਤ: FIR ‘ਤੇ SC ਤੋਂ ਕੋਈ ਰਾਹਤ ਨਹੀਂ, ਕਿਸਾਨ ਬੀਬੀਆਂ ‘ਤੇ ਕੀਤੀ ਸੀ ਟਿੱਪਣੀ
Bathinda Court Issues Summons to Kangana Ranaut: ਕੰਗਨਾ ਰਣੌਤ ਨੂੰ ਇੱਕ ਵਾਰ ਫਿਰ ਅਦਾਲਤ ਨੇ ਸੰਮਨ ਭੇਜਿਆ ਹੈ। ਬਠਿੰਡਾ ਸੈਸ਼ਨ ਅਦਾਲਤ ਨੇ ਅਗਲੀ ਸੁਣਵਾਈ 29 ਸਤੰਬਰ ਨੂੰ ਤੈਅ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਮਹਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।
ਕਿਸਾਨ ਅੰਦੋਲਨ ਦੌਰਾਨ ਕੀਤੀ ਵਿਵਾਦਤ ਟਵੀਟ ਦੇ ਸਬੰਧ ਵਿੱਚ ਹਿਮਾਚਲ ਦੀ ਮੰਡੀ ਦੀ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਇੱਕ ਵਾਰ ਫਿਰ ਸੰਮਨ ਭੇਜਿਆ ਗਿਆ ਹੈ। ਬਠਿੰਡਾ ਸੈਸ਼ਨ ਅਦਾਲਤ ਨੇ ਅਗਲੀ ਸੁਣਵਾਈ 29 ਸਤੰਬਰ ਨੂੰ ਤੈਅ ਕੀਤੀ ਹੈ, ਜਿਸ ਵਿੱਚ ਕੰਗਨਾ ਦੀ ਹਾਜ਼ਰੀ ਲਾਜ਼ਮੀ ਹੋਵੇਗੀ।
ਦੱਸ ਦਈਏ ਕਿ ਚਾਰ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੰਗਨਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਮਾਮਲਾ 2021 ਦਾ ਹੈ, ਜਦੋਂ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਟਵੀਟ ਕੀਤਾ ਸੀ ਅਤੇ 87 ਸਾਲਾ ਕਿਸਾਨ ਔਰਤ ਮਹਿੰਦਰ ਕੌਰ ਨੂੰ 100 ਰੁਪਏ ਲਈ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ।
ਮਹਿੰਦਰ ਕੌਰ ਵੱਲੋਂ ਮਾਣਹਾਨੀ ਦਾ ਕੇਸ ਦਾਇਰ
ਇਸ ਮਾਮਲੇ ਨੂੰ ਲੈ ਕੇ ਮਹਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਕੰਗਨਾ ਦਾ ਕਹਿਣਾ ਹੈ ਕਿ ਉਸ ਨੇ ਸਿਰਫ਼ ਇੱਕ ਵਕੀਲ ਦੀ ਪੋਸਟ ਨੂੰ ਦੁਬਾਰਾ ਪੋਸਟ ਕੀਤਾ ਸੀ। ਦੂਜੇ ਪਾਸੇ, ਮਹਿੰਦਰ ਕੌਰ ਨੇ ਕਿਹਾ ਕਿ ਜੇਕਰ ਕੰਗਨਾ ਉਸ ਤੋਂ ਮੁਆਫੀ ਮੰਗਦੀ ਹੈ, ਤਾਂ ਉਹ ਉਸ ਨੂੰ ਮਾਫ਼ ਕਰ ਦੇਣਗੇ, ਕਿਉਂਕਿ ਉਸ ਦੀ ਕੰਗਨਾ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਪਰ ਉਸ ਨੇ ਸਪੱਸ਼ਟ ਕੀਤਾ ਕਿ ਕੰਗਨਾ ਅਜੇ ਵੀ ਆਪਣੀ ਗੱਲ ਨੂੰ ਜਾਇਜ਼ ਠਹਿਰਾ ਰਹੀ ਹੈ, ਇਸ ਲਈ ਉਹ ਅਦਾਲਤ ਤੋਂ ਹੀ ਇਨਸਾਫ਼ ਦੀ ਉਮੀਦ ਕਰਦੀ ਹੈ। ਮਹਿੰਦਰ ਕੌਰ ਨੇ ਕਿਹਾ ਕਿ ਉਹ ਲਾਲਚ ਵਿੱਚ ਨਹੀਂ ਸਗੋਂ ਆਪਣੀਆਂ ਜ਼ਮੀਨਾਂ ਦੀ ਖ਼ਾਤਰ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ।
ਸੁਪਰੀਮ ਕੋਰਟ ਨੇ ਕੰਗਣਾ ਨੂੰ ਲਗਾਈ ਫਟਕਾਰ
ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ, ਕੰਗਨਾ ਰਣੌਤ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਦਾਲਤ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਉਸ ਦੇ ਟਵੀਟ ਨੂੰ ਸਿਰਫ਼ ਰੀਟਵੀਟ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਸ ਨੇ ਖੁਦ ਉਨ੍ਹਾਂ ਵਿੱਚ ਸਮੱਗਰੀ ਸ਼ਾਮਲ ਕੀਤੀ ਹੈ।
ਇਹ ਵੀ ਪੜ੍ਹੋ
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਇਸ ਦਾ ਕੀ ਅਰਥ ਸਮਝੇਗੀ ਅਤੇ ਕੰਗਨਾ ਨੂੰ ਉੱਥੇ ਸਪੱਸ਼ਟੀਕਰਨ ਦੇਣਾ ਪਵੇਗਾ। ਦਰਅਸਲ, ਕਿਸਾਨ ਅੰਦੋਲਨ ਦੌਰਾਨ, ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਬਜ਼ੁਰਗ ਔਰਤ ਦੀ ਫੋਟੋ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ ਕਿ ਔਰਤਾਂ 100 ਰੁਪਏ ਦੇ ਕੇ ਅੰਦੋਲਨ ਵਿੱਚ ਸ਼ਾਮਲ ਹੁੰਦੀਆਂ ਹਨ।


