ਨਗਰ ਕੀਰਤਨ ‘ਚ ਵੜੀ ਕਾਰ, ਲੋਕਾਂ ਨੂੰ ਮਾਰੀ ਟੱਕਰ, 4 ਜ਼ਖਮੀ; ਗੁੱਸੇ ਵਿੱਚ ਆਏ ਲੋਕਾਂ ਨੇ ਘੇਰੀ ਗੱਡੀ
ਜੈਪੁਰ ਦੇ ਆਦਰਸ਼ ਨਗਰ ਇਲਾਕੇ ਵਿੱਚ ਵੀਰਵਾਰ ਰਾਤ ਨੂੰ ਇੱਕ ਤੇਜ਼ ਰਫ਼ਤਾਰ ਥਾਰ ਜੀਪ ਨੇ ਦੇ ਨਗਰ ਕੀਰਤਨ ਵਿੱਚ ਟੱਕਰ ਮਾਰ ਦਿੱਤੀ। ਜਿਸ ਕਾਰਨ ਇੱਕ ਬਜ਼ੁਰਗ ਵਿਅਕਤੀ ਤੇ ਇੱਕ ਬੱਚਾ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਜੀਪ ਦੀ ਭੰਨਤੋੜ ਕੀਤੀ ਅਤੇ ਥਾਣੇ ਜਾ ਕੇ ਕਾਰਵਾਈ ਦੀ ਮੰਗ ਕੀਤੀ। ਜਾਂਚ 'ਚ ਸਾਹਮਣੇ ਆਇਆ ਕਿ ਜੀਪ ਦਾ ਡਰਾਈਵਰ ਨਾਬਾਲਗ ਸੀ ਤੇ ਪੁਲਿਸ ਮੁਲਾਜ਼ਮ ਦਾ ਲੜਕਾ ਸੀ।
ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਇੱਕ ਇਲਾਕੇ ਵਿੱਚ ਵੀਰਵਾਰ ਰਾਤ ਨੂੰ ਇੱਕ ਤੇਜ਼ ਰਫ਼ਤਾਰ ਥਾਰ ਜੀਪ ਦਾ ਕਹਿਰ ਦੇਖਣ ਨੂੰ ਮਿਲਿਆ। ਥਾਰ ਜੀਪ ਨੇ ਨਗਰ ਕੀਰਤਨ ਵਿੱਚ ਟੱਕਰ ਮਾਰ ਦਿੱਤੀ। ਇਸ ਹਾਦਸੇ ਕਾਰਨ ਕੀਰਤਨ ਵਿੱਚ ਮੌਜੂਦ ਇੱਕ ਬਜ਼ੁਰਗ ਤੇ ਇੱਕ ਬੱਚਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਗੁੱਸੇ ‘ਚ ਆਈ ਭੀੜ ਨੇ ਥਾਰ ਜੀਪ ਦੀ ਭੰਨਤੋੜ ਕੀਤੀ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਆਦਰਸ਼ ਨਗਰ ਥਾਣੇ ਪੁੱਜੇ ਅਤੇ ਡਰਾਈਵਰ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਮੁਤਾਬਕ ਵੀਰਵਾਰ ਰਾਤ ਨੂੰ ਸੈਥੀ ਕਲੋਨੀ ਗੁਰਦੁਆਰਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਪਾਰਕ ਤੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਜਦੋਂ ਇਹ ਕੀਰਤਨ ਪੰਚਵਟੀ ਸਰਕਲ ਨੇੜੇ ਪੁੱਜਾ ਤਾਂ ਇੱਕ ਤੇਜ਼ ਰਫ਼ਤਾਰ ਥਾਰ ਜੀਪ ਨੇ ਕੀਰਤਨ ਵਿੱਚ ਸ਼ਾਮਲ ਲੋਕਾਂ ਨੂੰ ਟੱਕਰ ਮਾਰ ਦਿੱਤੀ। ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਜੀਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਜੀਪ ਰੋਕਣ ਦੀ ਬਜਾਏ ਗੱਡੀ ਦੀ ਰਫ਼ਤਾਰ ਵਧਾ ਦਿੱਤੀ।
ਪੁਲਿਸ ਵੱਲੋਂ ਕਾਰਵਾਈ
ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਗੁੱਸੇ ‘ਚ ਆਏ ਲੋਕਾਂ ਨੇ ਥਾਰ ਜੀਪ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਥਾਣਾ ਆਦਰਸ਼ ਨਗਰ ਪੁੱਜੇ ਅਤੇ ਪੁਲਿਸ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਜੀਪ ਚਲਾਉਣ ਵਾਲਾ ਨੌਜਵਾਨ ਨਾਬਾਲਗ ਸੀ ਅਤੇ ਉਹ ਪੁਲਿਸ ਮੁਲਾਜ਼ਮ ਦਾ ਲੜਕਾ ਹੈ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਜੀਪ ਨੂੰ ਜ਼ਬਤ ਕਰ ਲਿਆ।
ਘਟਨਾ ਤੋਂ ਬਾਅਦ ਤਿੰਨ ਵਿਅਕਤੀ ਫਰਾਰ
ਘਟਨਾ ਸਮੇਂ ਜੀਪ ਵਿੱਚ ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਹੋਰ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਆਸ-ਪਾਸ ਦੇ ਥਾਣਿਆਂ ਤੋਂ ਵਾਧੂ ਪੁਲਿਸ ਫੋਰਸ ਬੁਲਾਈ ਗਈ ਅਤੇ ਲੋਕਾਂ ਨੂੰ ਸ਼ਾਂਤ ਕਰਨ ਲਈ ਸਮਝਾਇਆ ਗਿਆ। ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾ ਕੇ ਨਾਬਾਲਗ ਡਰਾਈਵਰ ਤੇ ਉਸ ਦੇ ਸਾਥੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।