ਗੁਰਦਾਸਪੁਰ: ਮਹਿਲਾ ਸਰਪੰਚ ਦੇ ਪਤੀ ਦੀ ਗੁੰਡਾਗਰਦੀ, ਪਿੰਡ ਵਾਲਿਆਂ ‘ਤੇ ਕੀਤਾ ਹਮਲਾ
ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਦਾ ਮਾਮਲ ਸਾਹਮਣੇ ਆਇਆ ਹੈ। ਮਹਿਲਾ ਸਰਪੰਚ ਦੇ ਪਤੀ, ਗੁਰਨਾਮ ਸਿੰਘ ਨੇ ਪਿੰਡ ਵਾਸੀਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸਦੀ ਰਾਈਫਲ ਖੋਹ ਲਈ ਗਈ। ਗੁਰਨਾਮ ਸਿੰਘ ਨੇ ਰਾਤ ਨੂੰ ਵੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਗੁੰਡਾਗਰਦੀ ਦਿਖਾਈ ਹੈ ਪਿੰਡ ਦੀ ਦੂਜੀ ਧਿਰ ਵੱਲੋਂ ਪਿੰਡ ਵਿੱਚ ਨਾਲੀ ਬਣਾਈ ਗਈ ਸੀ ਜਿਸ ਨੂੰ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਪਿੰਡ ਦੀ ਦੂਜੀ ਧਿਰ ਨੇ ਇਸ ਦਾ ਵਿਰੋਧ ਕੀਤਾ ਤਾਂ ਸਰਪੰਚ ਦੇ ਪਤੀ ਨੇ ਆਪਣੀ ਰਫਲ ਕੱਢ ਲਈ ਅਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਉਸ ਦੀ ਰਫਲ ਖੋਹ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਅਤੇ ਪੁਲਿਸ ਆਉਣ ਤੋਂ ਪਹਿਲਾਂ ਹੀ ਆਰੋਪੀ ਗੁਰਨਾਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਜਿਸ ਤੋਂ ਬਾਅਦ ਰਾਤ 2 ਵਜੇ ਫਿਰ ਪਿੰਡ ਆ ਕੇ ਆਪਣੇ ਟਰੈਕਟਰ ਦੇ ਨਾਲ ਦੂਜੀ ਧਿਰ ਦੇ ਲੋਕਾਂ ਦੀ ਫਸਲ ਖਰਾਬ ਕਰ ਦਿੱਤੀ ਅਤੇ ਇੱਕ ਹਵੇਲੀ ਦੇ ਕੋਠੇ ਨੂੰ ਵੀ ਢਾਹ ਦਿੱਤਾ। ਜਿਸ ਤੋਂ ਬਾਅਦ ਫਿਰ ਤੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਆ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦੇ ਪਤੀ ਗੁਰਨਾਮ ਸਿੰਘ ਦੀ ਰਫਲ ਵੀ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੰਬੜਦਾਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਇੱਕ ਨਾਲੀ ਟੁੱਟੀ ਹੋਈ ਸੀ। ਇਸ ਸਬੰਧੀ ਕਈ ਵਾਰ ਸਰਪੰਚ ਨੂੰ ਕਿਹਾ ਗਿਆ ਸੀ ਕਿ ਨਾਲੀ ਨੂੰ ਬਣਾਇਆ ਜਾਵੇ ਪਰ ਸਰਪੰਚ ਨੇ ਕੋਈ ਗੌਰ ਨਹੀਂ ਕੀਤੀ। ਪਿੰਡ ਵਿੱਚ ਮੇਲਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਕੋਲੋਂ ਪੈਸੇ ਪਾ ਕੇ ਉਸ ਨਾਲੀ ਵਿੱਚ ਪਾਈਪ ਪਾ ਕੇ ਉਸ ਨੂੰ ਬਣਾ ਦਿੱਤਾ। ਪਰ ਸਰਪੰਚ ਦੇ ਪਤੀ ਨੇ ਆ ਕੇ ਉਸ ਨਾਲੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ।
ਮਹਿਲਾ ਸਰਪੰਚ ਦੇ ਪਤੀ ਨੇ ਪਿੰਡ ਵਾਲਿਆਂ ‘ਤੇ ਕੀਤੀ ਹਮਲੇ ਦੀ ਕੋਸ਼ਿਸ਼
ਜਦੋਂ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਨੇ ਆਪਣੀ ਰਫਲ ਕੱਢ ਕੇ ਉਹਨਾਂ ਉੱਪਰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਰਫਲ ਖੋ ਲਈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੀ। ਜਦੋਂ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ ਸਰਪੰਚ ਦਾ ਪਤੀ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ ਸਬੰਧੀ ਦੋਵਾਂ ਧਿਰਾਂ ਨੂੰ ਸਵੇਰੇ ਥਾਣੇ ਹਾਜ਼ਰ ਹੋਣ ਦੇ ਲਈ ਕਿਹਾ ਸੀ ਪਰ ਰਾਤ ਨੂੰ 2 ਵਜੇ ਦੇ ਕਰੀਬ ਗੁਰਨਾਮ ਸਿੰਘ ਆਪਣਾ ਟਰੈਕਟਰ ਲੈਕੇ ਆਇਆ।
ਇਹ ਵੀ ਪੜ੍ਹੋ
ਉਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ ਅਤੇ ਉਹਨਾਂ ਦੇ ਪਲਾਟਾਂ ਦੀਆਂ ਕੰਧਾਂ ਵੀ ਤੋੜ ਦਿੱਤੀਆਂ ਅਤੇ ਪੰਚਾਇਤੀ ਜਮੀਨ ਨੂੰ ਜਾਣ ਵਾਲੇ ਰਸਤੇ ਨੂੰ ਵੀ ਖਰਾਬ ਕਰ ਦਿੱਤਾ। ਇਕ ਹਵੇਲੀ ਦੇ ਕੋਠੇ ਦਾ ਵੀ ਕਾਫੀ ਨੁਕਸਾਨ ਕੀਤਾ ਹੈ ਉਹਨਾਂ ਕਿਹਾ ਕਿ ਸਵੇਰੇ ਇਸ ਸਬੰਧੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਹਿਲਾ ਸਰਪੰਚ ਦੇ ਪਤੀ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨੇ ਪਿੰਡ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਹੈ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਇਸ ਸਬੰਧੀ ਜਦੋਂ ਥਾਣਾ ਧਾਰੀਵਾਲ ਦੇ ਐਸਐਚਓ ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਘਟਨਾ ਸਥਲ ਦਾ ਮੌਕਾ ਦੇਖਣ ਆਏ ਹਨ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਗੁਰਨਾਮ ਸਿੰਘ ਉੱਪਰ ਪਿੰਡ ਵਿੱਚ ਗੁੰਡਾਗਰਦੀ ਕਰਨ ਦੇ ਆਰੋਪ ਲਗਾਏ ਹਨ। ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਦੀ ਇੱਕ ਰਫਲ ਵੀ ਉਨ੍ਹਾਂ ਨੇ ਆਪਣੇ ਕਬਜ਼ੇ ਵਿੱਚ ਲਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।