ਰਾਜਪੁਰਾ ਨੇੜੇ ਇੱਕੋ ਪਰਿਵਾਰ ਦੇ 3 ਜੀਆਂ ਦੀਆਂ ਲਾਸ਼ ਮਿਲੀਆਂ, ਵੱਡੇ ਕਾਰੋਬਾਰੀ ਨੇ ਪੁੱਤਰ, ਪਤਨੀ ਨੂੰ ਮਾਰਨ ਤੋਂ ਬਾਅਦ ਖੁਦ ਨੂੰ ਮਾਰੀ ਗੋਲੀ
ਐਤਵਾਰ ਨੂੰ, ਪੰਜਾਬ ਦੇ ਰਾਜਪੁਰਾ ਵਿੱਚ ਬਨੂੜ-ਟੇਪਲਾ ਸੜਕ ਤੇ ਚੰਗੇੜਾ ਪਿੰਡ ਦੇ ਨੇੜੇ ਖੇਤਾਂ ਵਿੱਚ ਖੜੀ ਇੱਕ ਫਾਰਚੂਨਰ ਕਾਰ ਵਿੱਚੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਤਿੰਨਾਂ ਨੂੰ ਗੋਲੀ ਮਾਰ ਦਿੱਤੀ ਗਈ। ਇਹ ਕਾਰ ਸੜਕ ਤੋਂ ਥੋੜ੍ਹੀ ਹੇਠਾਂ ਖੇਤਾਂ ਵੱਲ ਖੜੀ ਸੀ। ਜਦੋਂ ਪਿੰਡ ਵਾਸੀਆਂ ਨੇ ਖੇਤ ਵਿੱਚ ਟਿਊਬਵੈੱਲ ਲਗਾਉਣ ਲਈ ਗੱਡੀ ਵੱਲ ਦੇਖਿਆ ਤਾਂ ਉਨ੍ਹਾਂ ਨੇ ਉਸ ਵਿੱਚ ਤਿੰਨ ਲਾਸ਼ਾਂ ਦੇਖੀਆਂ।

ਬਨੂੜ- ਤੇਪਲਾ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਚੰਗੇਰਾ ਨੂੰ ਜਾਂਦੀ ਸੜਕ ਦੇ ਨੇੜੇ ਫ਼ਾਰਚੂਨਰ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਇਹ ਲਾਸ਼ਾਂ ਪ੍ਰਾਪਰਟੀ ਦਾ ਕੰਮ ਕਰਦੇ ਸੰਦੀਪ ਸਿੰਘ (45) ਵਾਸੀ ਪਿੰਡ ਸਿੱਖਵਾਲਾ, ਨੇੜੇ ਲੰਬੀ (ਜ਼ਿਲ੍ਹਾ ਬਠਿੰਡਾ), ਉਸ ਦੀ ਪਤਨੀ ਮਨਦੀਪ ਕੌਰ (42) ਅਤੇ ਉਸ ਦੇ ਪੁੱਤਰ ਅਭੇ (15 ਸਾਲ) ਦੀਆਂ ਹਨ।
ਮ੍ਰਿਤਕ ਸੰਦੀਪ ਸਿੰਘ ਦੇ ਹੱਥ ਵਿਚ ਪਿਸਟਲ ਫੜਿਆ ਹੋਇਆ ਸੀ ਅਤੇ ਤਿੰਨੋਂ ਮ੍ਰਿਤਕਾਂ ਦੇ ਸਿਰ ਵਿੱਚ ਗੋਲੀਆਂ ਦੇ ਨਿਸ਼ਾਨ ਹਨ। ਕਿਆਸ ਲਗਾਇਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਨੇ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰਨ ਮਗਰੋਂ ਖ਼ੁਦ ਨੂੰ ਗੋਲੀ ਮਾਰੀ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਕਿਸਾਨਾਂ ਨੇ ਗੱਡੀ ਵਿੱਚ ਪਈਆਂ ਲਾਸ਼ਾਂ ਦੇਖਿਆ
ਘਟਨਾ ਦਾ ਪਤਾ ਖੇਤਾਂ ਵਿੱਚੋਂ ਟਿਊਬਵੈੱਲ ਲਗਾਉਣ ਆਏ ਕੁੱਝ ਵਿਅਕਤੀਆਂ ਤੋਂ ਲੱਗਿਆ, ਜਿਨ੍ਹਾਂ ਨੇ ਗੱਡੀ ਵਿੱਚ ਲਾਸ਼ਾਂ ਵੇਖ ਕੇ ਬਨੂੰੜ ਪੁਲਿਸ ਨੂੰ ਫ਼ੋਨ ਕੀਤਾ, ਜਿਸ ਮਗਰੋਂ ਥਾਣਾ ਬਨੂੜ ਦੀ ਪੁਲਿਸ ਅਤੇ ਰਾਜਪੁਰਾ ਤੋਂ ਡੀਐਸਪੀ ਮਨਜੀਤ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ। ਦੱਸ ਦਈਏ ਕਿ ਪੁਲਿਸ ਦੇ ਪਹੁੰਚਣ ਤੱਕ ਗੱਡੀ ਸਟਾਰਟ ਹੀ ਖੜੀ ਸੀ, ਜਿਸ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਚਾਰ ਵਜੇ ਦੇ ਕਰੀਬ ਵਾਪਰੀ। ਸਾਰਾ ਪਰਿਵਾਰ ਪੀਬੀ-65 ਏਐਮ-0082 ਨੰਬਰ ਵਿਚ ਫਾਰਚੂਨਰ ਗੱਡੀ ਵਿੱਚ ਮੌਜੂਦ ਸੀ। ਇਹ ਖ਼ਬਰ ਲਿਖੇ ਜਾਣ ਤੱਕ ਤਿੰਨੋਂ ਲਾਸ਼ਾਂ ਅਤੇ ਗੱਡੀ ਘਟਨਾ ਸਥਾਨ ‘ਤੇ ਹੀ ਮੌਜੂਦ ਸੀ। ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਸੀ।
ਸਮੂਹਿਕ ਖੁਦਕੁਸ਼ੀ ਦਾ ਸੱਕ
ਮੌਕੇ ‘ਤੇ ਪਹੁੰਚੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦਾ ਪਰਿਵਾਰ ਪਹਿਲਾਂ ਗੁੜਗਾਉਂ ਰਹਿੰਦੇ ਸੀ ਪਰ ਪਿਛਲੇ 7-8 ਸਾਲਾਂ ਤੋਂ ਮੁਹਾਲੀ ਦੇ ਸੈਕਟਰ 109 ਐਮਅਰ ਅਸਟੇਟ ਵਿੱਚ ਰਹਿ ਰਹੇ ਸੀ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵੇਵ ਅਸਟੇਟ ਵਿੱਚ ਮ੍ਰਿਤਕਾਂ ਦੇ ਪਰਿਵਾਰ ਦੇ ਗਵਾਂਢੀ ਵੱਡੀ ਗਿਣਤੀ ਵਿਚ ਮੌਕੇ ‘ਤੇ ਪਹੁੰਚ ਗਏ।
ਇਹ ਵੀ ਪੜ੍ਹੋ