ਅੰਮ੍ਰਿਤਸਰ ਦੇ ਟਿਮੋਵਾਲ ਨੇੜੇ ਮੁਕਾਬਲਾ, ਪੁਲਿਸ ਫਾਈਰਿੰਗ ਵਿੱਚ ਕਪੂਰਥਲਾ ਕਤਲ ਕਾਂਡ ਦਾ ਆਰੋਪੀ ਜਖਮੀ; ਹਥਿਆਰ ਬਰਾਮਦ
Amritsar Encounter: ਸਪੈਸ਼ਲ DGP ਅਰਪਿਤ ਸ਼ੁਕਲਾ ਨੇ ਐਲਾਨ ਕੀਤਾ ਕਿ ਲੋਕ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਗੈਂਗਸਟਰ ਹੈਲਪਲਾਈਨ ਨੰਬਰ 'ਤੇ ਦੇਣ। ਜੇਕਰ ਕੋਈ ਗ੍ਰਿਫ਼ਤਾਰੀ ਹੁੰਦੀ ਹੈ, ਤਾਂ ਪੁਲਿਸ 10 ਲੱਖ ਦਾ ਇਨਾਮ ਦੇਵੇਗੀ। ਮੁਕਾਬਲੇ ਤੋਂ ਬਾਅਦ, ਪੁਲਿਸ ਨੇ ਮੁਲਜ਼ਮ ਤੋਂ ਇੱਕ ਚੀਨ ਵਿੱਚ ਬਣੀ ਹੋਈ ਪਿਸਤੌਲ ਬਰਾਮਦ ਕੀਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ ਅਤੇ ਉਸਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਦੇ ਗੈਂਗਸਟਰਾਂ ਵਿਰੁੱਧ ਆਪ੍ਰੇਸ਼ਨ ਪ੍ਰਹਾਰ ਦੇ ਤੀਜੇ ਦਿਨ, ਅੰਮ੍ਰਿਤਸਰ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਕਾਬਲਾ ਹੋਇਆ। ਗੋਲੀਬਾਰੀ ਵਿੱਚ ਜਸਪਾਲ ਉਰਫ਼ ਭੱਟੀ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਜ਼ਖਮੀ ਦੋਸ਼ੀ ਜਸਪਾਲ ਉਰਫ਼ ਭੱਟੀ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਲਗਭਗ ਇੱਕ ਸਾਲ ਪਹਿਲਾਂ ਕਪੂਰਥਲਾ ਵਿੱਚ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ। ਵਾਰਦਾਤ ਤੋਂ ਬਾਅਦ ਉਹ ਲਗਾਤਾਰ ਪੁਲਿਸ ਨੂੰ ਚਕਮਾ ਦੇ ਰਿਹਾ ਸੀ।
ਆਪ੍ਰੇਸ਼ਨ ਪ੍ਰਹਾਰ ਦੌਰਾਨ ਇਹ ਛੇਵਾਂ ਮੁਕਾਬਲਾ ਹੈ। ਡੀਜੀਪੀ ਗੌਰਵ ਯਾਦਵ ਨੇ ਆਪ੍ਰੇਸ਼ਨ ਪ੍ਰਹਾਰ ਦਾ ਐਲਾਨ ਕਰਦੇ ਹੋਏ ਗੈਂਗਸਟਰਾਂ ਵਿਰੁੱਧ 72 ਘੰਟੇ ਦੀ ਜੰਗ ਦਾ ਐਲਾਨ ਕੀਤਾ ਸੀ, ਜਿਸਦਾ ਅੱਜ ਆਖਰੀ ਦਿਨ ਹੈ। ਸਪੈਸ਼ਲ DGP ਅਰਪਿਤ ਸ਼ੁਕਲਾ ਨੇ ਐਲਾਨ ਕੀਤਾ ਕਿ ਲੋਕ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਗੈਂਗਸਟਰ ਹੈਲਪਲਾਈਨ ਨੰਬਰ ‘ਤੇ ਦੇਣ। ਜੇਕਰ ਕੋਈ ਗ੍ਰਿਫ਼ਤਾਰੀ ਹੁੰਦੀ ਹੈ, ਤਾਂ ਪੁਲਿਸ 10 ਲੱਖ ਦਾ ਇਨਾਮ ਦੇਵੇਗੀ।
ਕਿਵੇਂ ਹੋਇਆ ਮੁਕਾਬਲਾ?
ਡੀਆਈਜੀ ਸੰਦੀਪ ਗੋਇਲ ਦੇ ਅਨੁਸਾਰ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਵਿੱਚ ਕਤਲ ਕਰਨ ਤੋਂ ਬਾਅਦ ਭੱਜਣ ਵਾਲਾ ਮੁਲਜ਼ਮ ਭੱਟੀ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਲੁਕਿਆ ਹੋਇਆ ਹੈ। ਇੱਕ ਪੁਲਿਸ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਸੀ। ਪਹੁੰਚਣ ‘ਤੇ, ਟੀਮ ਨੇ ਇਲਾਕੇ ਵਿੱਚ ਨਾਕਾਬੰਦੀ ਕੀਤੀ। ਜਦੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੁਲਿਸ ਨੂੰ ਦੇਖ ਕੇ ਫਾਈਰਿੰਗ ਕਰ ਦਿੱਤੀ।
ਜਵਾਬੀ ਫਾਈਰਿੰਗ ਵਿੱਚ ਲੱਗੀ ਗੋਲੀ
ਡੀਆਈਜੀ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਗੋਲੀ ਚਲਾਉਣ ਤੋਂ ਬਾਅਦ, ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਪੁਲਿਸ ਵੱਲੋਂ ਚਲਾਈ ਗਈ ਇੱਕ ਗੋਲੀ ਜਸਪਾਲ ਉਰਫ਼ ਭੱਟੀ ਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਕੇ ਡਿੱਗ ਪਿਆ। ਪੁਲਿਸ ਨੇ ਉਸਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਮੁਲਜ਼ਮ ਦੀ ਹਾਲਤ ਸਥਿਰ ਹੈ।


