ਲੁਧਿਆਣਾ (Ludhiana) ਦੇ ਜਗਰਾਉਂ ‘ਚ ਪਤੀ ਦਾ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਨੇ ਪਿੰਡ ਖੁਰਸ਼ੇਦਪੁਰਾ ਦੇ ਬੱਸ ਸਟੈਂਡ ਤੋਂ ਪਤਨੀ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੇਮੀ ਰਾਤ ਨੂੰ ਔਰਤ ਨਾਲ ਸਬੰਧ ਬਣਾਉਣ ਲਈ ਆਇਆ ਸੀ, ਇਸ ਦੌਰਾਨ ਉਸ ਔਰਤ ਦਾ ਪਤੀ ਜਾਗ ਗਿਆ। ਇਸ ਤੋਂ ਬਾਅਦ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਵਾਰਦਾਤ ਲੁਧਿਆਣਾ ਦੇ ਜਗਰਾਊਂ ਦੇ ਪਿੰਡ ਮੱਦੇਪੁਰ ਦੀ ਦੱਸੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਸੋਮਵਾਰ ਦੇਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਆਇਆ ਸੀ। ਇਸ ਦੌਰਾਨ ਰਾਤ ਕਰੀਬ 2 ਵਜੇ ਔਰਤ ਦੇ ਪਤੀ ਦੀ ਅੱਖ ਖੁੱਲ੍ਹ ਗਈ ਸੀ। ਪਤੀ ਨੇ ਆਪਣੀ ਪਤਨੀ ‘ਤੇ ਉਸ ਦੇ ਪ੍ਰੇਮੀ ਦੋਵਾਂ ਨੂੰ ਇੱਕਠਿਆਂ ਵੇਖ ਲਿਆ ਸੀ। ਉਸ ਗੱਲ ਦਾ ਖੁਲਾਸਾ ਹੋਣ ਤੋਂ ਬਚਨ ਲਈ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਪਤੀ ਦਾ ਕਤਲ ਕਰ ਦਿੱਤਾ। ਸਾਰੇ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਉਸ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਤੋਂ ਬਾਅਦ ਔਰਤ ਤੇ ਉਸ ਦੇ ਪ੍ਰੇਮੀ ਨੇ ਪਤੀ ਦੀ ਲਾਸ਼ ਨੂੰ ਚੁੰਨੀ ਨਾਲ ਲਟਕਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਘਟਨਾ ਨੂੰ ਖ਼ੁਦਕੁਸ਼ੀ ਦਿਖਾਇਆ ਜਾ ਸਕੇ। ਇਸ ਵਾਰਦਾਤ ‘ਚ ਤੀਜੇ ਮੁਲਜ਼ਮ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਭੈਣ ਦਾ ਇਲਜ਼ਾਮ
ਮ੍ਰਿਤਕ ਦੀ ਭੈਣ ਦੇ ਪੁਲਿਸ ਨੂੰ ਦੱਸਿਆ ਕਿ ਉਹ 4 ਭੈਣ-ਭਰਾ ਸਨ। ਉਨ੍ਹਾਂ ਦਾ ਭਰਾ ਸਭ ਤੋਂ ਛੋਟਾ ਸੀ। ਕਰੀਬ 15 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹ ਦੋਵੇਂ 3 ਸਾਲਾਂ ਤੋਂ ਪਿੰਡ ਮੱਦੇਪੁਰ ਵਿਖੇ ਰਹਿ ਰਹੇ ਸਨ। ਇਲਜ਼ਾਮ ਹਨ ਕਿ ਮ੍ਰਿਤਕ ਦੀ ਪਤਨੀ ਦੇ ਇੱਕ ਵਿਅਕਤੀ ਨਾਲ ਸਬੰਧ ਸਨ ਅਤੇ ਉਹ ਅਕਸਰ ਇਨ੍ਹਾਂ ਦੇ ਘਰ ਆਉਂਦਾ ਸੀ। ਇਸ ਬਾਰੇ ਉਸ ਦੇ ਪਤੀ ਨੂੰ ਪਤਾ ਲੱਗ ਚੁੱਕਿਆ ਸੀ। ਇਸ ਗੱਲ ਨੂੰ ਲੈ ਕੇ ਪਤੀ ਪਤਨੀ ਵਿਚਾਲੇ ਕਈ ਵਾਰ ਲੜਾਈ-ਝਗੜਾ ਵੀ ਹੋ ਚੁੱਕੀ ਸੀ।