ਬਠਿੰਡਾ ‘ਚ ਪੁਲਿਸ ਨੇ ਲੁਟੇਰਿਆਂ ਦਾ ਕੀਤਾ ਐਨਕਾਉਂਟਰ, ਗੋਲ਼ੀ ਲੱਗਣ ਨਾਲ ਇੱਕ ਜ਼ਖ਼ਮੀ ਤੇ ਦੂਜਾ ਮੌਕੇ ‘ਤੇ ਗ੍ਰਿਫ਼ਤਾਰ
Bathida Police Encounter: ਇਸ ਘਟਨਾ ਤੋਂ ਬਾਅਦ ਕੋਤਵਾਲੀ ਥਾਣੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸ਼ਨੀਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦੋਵੇਂ ਲੁਟੇਰੇ ਬਹਿਮਣ ਨਹਿਰ ਦੇ ਪੁਲ ਦੇ ਨੇੜੇ ਹਨ, ਜਿਸ ਤੋਂ ਬਾਅਦ ਜਦੋਂ ਪੁਲਿਸ ਟੀਮ ਨੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਦੋਸ਼ੀ ਅਮਨਪ੍ਰੀਤ ਸਿੰਘ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ।
ਬਠਿੰਡਾ ‘ਚ ਕੋਤਵਾਲੀ ਥਾਣਾ ਖੇਤਰ ਵਿੱਚ ਦੋ ਔਰਤਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਅਤੇ ਪੁਲਿਸ ਵਿਚਕਾਰ ਐਨਕਾਊਂਟਰ ਹੋਇਆ। ਇਸ ਦੌਰਾਨ ਪੁਲਿਸ ਦੀ ਗੋਲ਼ੀ ਨਾਲ ਲੁਟੇਰਾ ਅਮਨਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂਕਿ ਦੂਜੇ ਮੁਲਜ਼ਮ ਅਮਨਦੀਪ ਸਿੰਘ ਨੂੰ ਵੀ ਪੁਲਿਸ ਨੇ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਜ਼ਖ਼ਮੀ ਨਹੀਂ ਹੋਇਆ।
20 ਅਗਸਤ ਨੂੰ ਕੋਤਵਾਲੀ ਥਾਣੇ ਵਿੱਚ ਦਿੱਤੀ ਸੀ ਸ਼ਿਕਾਇਤ
ਮਿਲੀ ਜਾਣਕਾਰੀ ਮੁਤਾਬਕ 20 ਅਗਸਤ ਨੂੰ ਕੋਤਵਾਲੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਆਪਣੀ ਭਰਜਾਈ ਕਿਰਨ ਬਾਂਸਲ ਨਾਲ ਵਿਸ਼ਾਲ ਨਗਰ ਟੀ ਪੁਆਇੰਟ ਤੋਂ ਸਬਜ਼ੀਆਂ ਖਰੀਦ ਕੇ ਘਰ ਵੱਲ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਪਿੱਛੇ ਤੋਂ ਆ ਕੇ ਅਚਾਨਕ ਕਿਰਨ ਬਾਂਸਲ ਦੇ ਮੋਢੇ ‘ਤੇ ਲਟਕਿਆ ਪਰਸ ਖੋਹ ਲਿਆ ਅਤੇ ਸਕੂਟਰ ਨੂੰ ਧੱਕਾ ਦੇ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ।
ਭਾਵੇਂ ਬੈਗ ‘ਚ ਸਿਰਫ਼ 250 ਰੁਪਏ ਸਨ, ਪਰ ਹਾਦਸੇ ‘ਚ ਉਸ ਦੀ ਭਰਜਾਈ ਕਿਰਨ ਬਾਂਸਲ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ।
ਪੁਲਿਸ ਟੀਮ ਨੇ ਲੁਟੇਰਿਆਂ ਨੂੰ ਫੜਨ ਦੀ ਕੀਤੀ ਕੋਸ਼ਿਸ਼
ਇਸ ਘਟਨਾ ਤੋਂ ਬਾਅਦ ਕੋਤਵਾਲੀ ਥਾਣੇ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸ਼ਨੀਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦੋਵੇਂ ਲੁਟੇਰੇ ਬਹਿਮਣ ਨਹਿਰ ਦੇ ਪੁਲ ਦੇ ਨੇੜੇ ਹਨ, ਜਿਸ ਤੋਂ ਬਾਅਦ ਜਦੋਂ ਪੁਲਿਸ ਟੀਮ ਨੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਦੋਸ਼ੀ ਅਮਨਪ੍ਰੀਤ ਸਿੰਘ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ, ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਅਮਨਪ੍ਰੀਤ ‘ਤੇ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਦੋਵਾਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ ਨਾਜਾਇਜ਼ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ।
ਇਨਪੁਟ- ਅਮਨਦੀਪ ਗੋਸਲ


