ਅੰਮ੍ਰਿਤਸਰ: ਰਾਜਾਸਾਂਸੀ ‘ਚ ਸਾਬਕਾ ਸਰਪੰਚ ਦਾ ਕਤਲ, ਨਿੱਜੀ ਰੰਜ਼ਿਸ਼ ਦੇ ਚਲਦਿਆਂ ਗੁਆਂਢੀ ਨੇ ਮਾਰੀਆਂ ਗੋਲੀਆਂ
ਅੰਮ੍ਰਿਤਸਰ ਦੇ ਪਿੰਡ ਸੈਦੂਪੁਰ ਵਿੱਚ ਸਾਬਕਾ ਅਕਾਲੀ ਸਰਪੰਚ ਪਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਹੁਰਿਆਂ ਘਰ ਰਹਿ ਰਹੇ ਗਵਾਂਢੀ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ 3 ਗੋਲੀਆਂ ਮਾਰ ਕੇ ਅਕਾਲੀ ਆਗੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ।

ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਸੈਦੂਪੁਰ ਵਿੱਚ ਸੋਮਵਾਰ-ਮੰਗਲਵਾਰ ਰਾਤ ਨੂੰ ਲਗਭਗ 12 ਵਜੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਪਲਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ, ਗੋਲੀ ਮਾਰਨ ਵਾਲਾ ਦੋਸ਼ੀ ਸ਼ੁਭਮ ਮਸੀਹ ਹੈ, ਜੋ ਗੁਆਂਢੀ ਦੇ ਘਰ ਵਿੱਚ ਰਹਿੰਦਾ ਸੀ। ਉਨ੍ਹਾਂ ਦਾ ਪਹਿਲਾਂ ਵੀ ਕਈ ਵਾਰ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ।
ਜਾਂਚ ਅਧਿਕਾਰੀ ਬਘੇਲ ਸਿੰਘ ਨੇ ਦੱਸਿਆ ਕਿ ਇਹ ਲੜਾਈ ਰਾਤ ਨੂੰ ਇੱਕ ਪੌੜੀ ਨੂੰ ਲੈ ਕੇ ਹੋਈ ਸੀ, ਜਿਸ ਨੂੰ ਪਲਵਿੰਦਰ ਸਿੰਘ ਨੇ ਲਾਈਟ ਠੀਕ ਕਰਵਾਉਣ ਲਈ ਖੰਭੇ ‘ਤੇ ਲਗਾਇਆ ਸੀ। ਜਿਸ ਤੋਂ ਬਾਅਦ ਸ਼ੁਭਮ ਉੱਥੇ ਪਹੁੰਚਿਆ ਅਤੇ ਪਲਵਿੰਦਰ ਸਿੰਘ ਨਾਲ ਕਾਰ ਪਾਰਕ ਕਰਨ ਨੂੰ ਲੈ ਕੇ ਝਗੜਾ ਕੀਤਾ। ਸ਼ੁਭਮ ਨੇ ਆਪਣਾ ਲਾਇਸੈਂਸੀ ਪਿਸਤੌਲ ਕੱਢ ਕੇ ਪਲਵਿੰਦਰ ਸਿੰਘ ‘ਤੇ ਗੋਲੀ ਚਲਾ ਦਿੱਤੀ। ਦੋਸ਼ੀ ਨੇ ਪਲਵਿੰਦਰ ਸਿੰਘ ‘ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।