‘ਆਪ’ ਸਰਪੰਚ ਦੇ ਕਤਲ ਮਾਮਲੇ ਵਿੱਚ 7 ਮੁਲਜ਼ਮ ਗ੍ਰਿਫ਼ਤਾਰ, DGP ਯਾਦਵ ਦੀ ਚੇਤਾਵਨੀ- ਬਖਸ਼ੇ ਨਹੀਂ ਜਾਣਗੇ ਅਪਰਾਧੀ
Sarpanch Jarmal Singh Murder Case Update: 4 ਜਨਵਰੀ ਨੂੰ 'ਆਪ' ਸਰਪੰਚ ਜਰਮਲ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੋਲੀ ਚਲਾਉਣ ਵਾਲੇ ਸੀਸੀਟੀਵੀ ਵਿੱਚ ਕੈਦ ਹੋ ਗਏ ਸਨ। ਦੋ ਹਥਿਆਰਬੰਦ ਨੌਜਵਾਨਾਂ ਨੇ ਇਸ ਖੌਫਨਾਕ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਸਰਪੰਚ ਮੈਰੀ ਗੋਲਡ ਰਿਜ਼ੋਰਟ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਅਤੇ ਕੁਝ ਮਹਿਮਾਨਾਂ ਨਾਲ ਇੱਕ ਟੇਬਲ ਤੇ ਗੱਲਬਾਤ ਕਰ ਰਹੇ ਸਨ। ਅਚਾਨਕ ਹੋਏ ਹਮਲੇ ਨੇ ਪੂਰੇ ਪ੍ਰੋਗਰਾਮ ਵਿੱਚ ਦਹਿਸ਼ਤ ਫੈਲਾ ਦਿੱਤੀ ਸੀ।
ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਸਮਰਥਿਤ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਛੱਤੀਸਗੜ੍ਹ ਤੋਂ ਦੋ ਸ਼ੂਟਰ ਗ੍ਰਿਫ਼ਤਾਰ ਕੀਤੇ ਗਏ ਹਨ, ਅਤੇ ਸਾਜ਼ਿਸ਼ ਵਿੱਚ ਸ਼ਾਮਲ ਪੰਜ ਹੋਰਾਂ ਨੂੰ ਤਰਨਤਾਰਨ ਅਤੇ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੂਟਰਾਂ ਨੂੰ 14 ਦਿਨਾਂ ਦੇ ਟਰਾਂਜ਼ਿਟ ਰਿਮਾਂਡ ‘ਤੇ ਲਿਆ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਵਿੱਚ ਅਪਰਾਧ ਕਰਨ ਤੋਂ ਬਾਅਦ, ਉਹ ਦੇਸ਼ ਦੇ ਕਿਸੇ ਵੀ ਕੋਨੇ ਜਾਂ ਵਿਦੇਸ਼ ਵਿੱਚ ਲੁਕ ਜਾਣ; ਪੰਜਾਬ ਪੁਲਿਸ ਉਨ੍ਹਾਂ ਨੂੰ ਲੱਭ ਲਵੇਗੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇਗੀ ਅਤੇ ਸਖ਼ਤ ਸਜ਼ਾ ਯਕੀਨੀ ਬਣਾਏਗੀ। ਡੀਜੀਪੀ ਨੇ ਦਾਅਵਾ ਕੀਤਾ ਕਿ 2025 ਤੱਕ, ਪੁਲਿਸ ਸਾਰੇ ਵੱਡੇ ਮਾਮਲਿਆਂ ਨੂੰ ਹੱਲ ਕਰ ਲਵੇਗੀ।
2 ਮੁਲਜਮਾਂ ਨੂੰ ਪੰਜਾਬ ਲਿਆ ਰਹੀ ਪੁਲਿਸ
ਇਹ ਜਾਣਕਾਰੀ ਮਿਲੀ ਸੀ ਕਿ ਰਾਏਪੁਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੇ ਟਰਾਂਜ਼ਿਟ ਰਿਮਾਂਡ ‘ਤੇ ਲਿਆ ਗਿਆ। ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਪੰਜਾਬ ਲਿਆਂਦਾ ਜਾ ਰਿਹਾ ਹੈ। ਡੀਜੀਪੀ ਨੇ ਇਹ ਵੀ ਕਿਹਾ ਕਿ ਇਹ ਕਤਲ ਵਿਦੇਸ਼ ਵਿੱਚ ਬੈਠੇ ਇੱਕ ਹੈਂਡਲਰ ਦੁਆਰਾ ਕੀਤਾ ਗਿਆ ਸੀ। ਗੈਂਗਸਟਰ ਪ੍ਰਭ ਦਾਸੂਵਾਲ ਦੀ ਸਰਪੰਚ ਨਾਲ ਦੁਸ਼ਮਣੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਜਾਬ ਵਿੱਚ ਗੋਲੀ ਚਲਾਉਂਦਾ ਹੈ ਤਾਂ ਪੰਜਾਬ ਪੁਲਿਸ ਉਨ੍ਹਾਂ ਨੂੰ ਦੇਸ਼ ਜਾਂ ਵਿਦੇਸ਼ ਵਿੱਚ ਕਿਤੇ ਵੀ ਨਹੀਂ ਬਖਸ਼ੇਗੀ।
ਦੱਸ ਦੇਈਏ ਕਿ ਤਰਨਤਾਰਨ ਇਲਾਕੇ ਦੇ ਵਸਨੀਕ ਸਰਪੰਚ ਜਰਮਲ ਸਿੰਘ ਦਾ 4 ਜਨਵਰੀ ਨੂੰ ਉਦੋਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਗਏ ਹੋਏ ਸਨ। ਇਸ ਘਟਨਾ ਤੋਂ ਬਾਅਦ, ਦੋ ਸ਼ੂਟਰ ਛੱਤੀਸਗੜ੍ਹ ਭੱਜ ਗਏ ਅਤੇ ਰਾਏਪੁਰ ਸ਼ਹਿਰ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਲੁਕ ਗਏ ਸਨ। ਐਤਵਾਰ ਨੂੰ, ਰਾਏਪੁਰ ਅਤੇ ਪੰਜਾਬ ਪੁਲਿਸ ਨੇ ਦੋਵਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ।
ਪੂਰੀ ਪਲਾਨਿੰਗ ਨਾਲ ਦਿੱਤਾ ਕਤਲ ਨੂੰ ਅੰਜਾਮ
ਸੀਸੀਟੀਵੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਸੀ ਕਿ ਦੋ ਨੌਜਵਾਨ ਬਹੁਤ ਹੀ ਨਿਡਰਤਾ ਨਾਲ ਮੈਰਿਜ ਰਿਜ਼ੋਰਟ ਵਿੱਚ ਦਾਖਲ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਰਿਜ਼ੋਰਟ ਦੇ ਬਾਹਰ ਖੜ੍ਹੇ ਇੱਕ ਸ਼ੁਟਰ ਕੰਨ ‘ਤੇ ਮੋਬਾਈਲ ਫੋਨ ਫੜਿਆ ਹੋਇਆ ਦਿਖਾਈ ਦੇ ਰਿਹਾ ਸੀ। ਇਸ ਨਾਲ ਪੁਲਿਸ ਨੂੰ ਸ਼ੱਕ ਹੋਇਆ ਸੀ ਕਿ ਮੈਰਿਜ ਪੈਲੇਸ ਦੇ ਅੰਦਰ ਕੋਈ ਵਿਅਕਤੀ ਲਗਾਤਾਰ ਜਾਣਕਾਰੀ ਦੇ ਰਿਹਾ ਸੀ। ਹਮਲਾਵਰ ਹੌਲੀ-ਹੌਲੀ ਕਈ ਮੇਜ਼ਾਂ ‘ਤੇ ਬੈਠੇ ਮਹਿਮਾਨਾਂ ਦੀ ਭੀੜ ਵਿੱਚੋਂ ਲੰਘਦੇ ਹੋਏ ਸਰਪੰਚ ਜਰਮਲ ਸਿੰਘ ਕੋਲ ਪਹੁੰਚ ਿਆ ਅਤੇ ਫਿਰ ਪਿਸਤੌਲ ਕੱਢ ਕੇ ਉਸ ਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ ਸੀ।


