Taliban-Pakistan Tussle: ਤਾਲਿਬਾਨ ਵੀ ਲੈ ਰਿਹਾ ਪਾਕਿਸਤਾਨ ਦੇ ਮਜੇ, ਸਰਹੱਦ ‘ਤੇ ਰੋਕ ਦਿੱਤੇ ਅਨਾਜ ਦੇ ਹਜ਼ਾਰਾਂ ਟਰੱਕ

Published: 

23 Feb 2023 18:54 PM

ਤਾਲਿਬਾਨ ਦੀ ਹਰਕਤ: ਪਾਕਿਸਤਾਨ ਨੂੰ ਹੁਣ ਅਫਗਾਨਿਸਤਾਨ ਵੀ ਅੱਖਾਂ ਦਿਖਾ ਰਿਹਾ ਹੈ। ਸਰਹੱਦੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਤਾਲਿਬਾਨ ਨੇ ਤੋਰਖਮ ਸਰਹੱਦ ਨੂੰ ਬੰਦ ਕਰ ਦਿੱਤਾ ਸੀ, ਜਿੱਥੋਂ ਹਰ ਰੋਜ਼ ਪਾਕਿਸਤਾਨ ਨੂੰ ਅਨਾਜ ਸਪਲਾਈ ਕੀਤਾ ਜਾਂਦਾ ਹੈ। ਹੁਣ ਇੱਥੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।

Taliban-Pakistan Tussle: ਤਾਲਿਬਾਨ ਵੀ ਲੈ ਰਿਹਾ ਪਾਕਿਸਤਾਨ ਦੇ ਮਜੇ, ਸਰਹੱਦ ਤੇ ਰੋਕ ਦਿੱਤੇ ਅਨਾਜ ਦੇ ਹਜ਼ਾਰਾਂ ਟਰੱਕ
Follow Us On

ਪਾਕਿਸਤਾਨ (Pakistan) ਨੂੰ ਆਪਣੇ ਗੁਆਂਢੀ ਦੇਸ਼ ਅਫਗਾਨਿਸਤਾਨ (Afganistan) ਤੋਂ ਵੀ ਮਾਰ ਪੈ ਰਹੀ ਹੈ। ਇੱਥੋਂ ਦੀ ਤਾਲਿਬਾਨ ਸਰਕਾਰ ਨੇ ਸਰਹੱਦ ‘ਤੇ ਹੀ ਪਾਕਿਸਤਾਨ ਨੂੰ ਅਨਾਜ, ਸਬਜ਼ੀਆਂ ਅਤੇ ਫਲਾਂ ਦੀ ਸਪਲਾਈ ਰੋਕ ਦਿੱਤੀ ਹੈ। ਘੱਟੋ-ਘੱਟ 6000 ਅਜਿਹੇ ਟਰੱਕ ਜ਼ਰੂਰੀ ਸਾਮਾਨ ਲੈ ਕੇ ਅਫਗਾਨਿਸਤਾਨ ਤੋਂ ਪਾਕਿਸਤਾਨ ਜਾਣ ਵਾਲੇ ਤੋਰਖਮ ਸਰਹੱਦ ‘ਤੇ ਫਸੇ ਹੋਏ ਹਨ। ਜੇਕਰ ਇਹ ਟਰੱਕ ਸਹੀ ਸਮੇਂ ‘ਤੇ ਪਾਕਿਸਤਾਨ ਨਹੀਂ ਪਹੁੰਚਦੇ ਤਾਂ ਇਸ ਨਾਲ ਕਈ ਹਿੱਸਿਆਂ ‘ਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਟਰੱਕਾਂ ‘ਚ ਲੱਦਿਆ ਅਨਾਜ, ਫਲ ਅਤੇ ਸਬਜ਼ੀਆਂ ਵੀ ਖਰਾਬ ਹੋ ਸਕਦੀਆਂ ਹਨ।

ਤਾਲਿਬਾਨ ਨੇ ਤੋਰਖਮ ਸਰਹੱਦ ਦੇ ਗੇਟ ਬੰਦ ਕੀਤੇ

ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੇ ਪਾਕਿਸਤਾਨ ਨਾਲ ਤਣਾਅ ਕਾਰਨ ਐਤਵਾਰ ਨੂੰ ਤੋਰਖਮ ਸਰਹੱਦ ਦੇ ਗੇਟ ਬੰਦ ਕਰ ਦਿੱਤੇ ਸਨ। ਇਹ ਆਵਾਜਾਈ ਮਾਰਗ ਵਿਸ਼ੇਸ਼ ਤੌਰ ‘ਤੇ ਇਸਲਾਮਾਬਾਦ ਅਤੇ ਕਾਬੁਲ ਵਿਚਕਾਰ ਆਵਾਜਾਈ ਅਤੇ ਵਪਾਰ ਲਈ ਵਰਤਿਆ ਜਾਂਦਾ ਹੈ। ਸਰਹੱਦ ਖੋਲ੍ਹਣ ਲਈ ਦੋਵਾਂ ਪਾਸਿਆਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ।

ਸਰਹੱਦ ‘ਤੇ 6000 ਟਰੱਕਾਂ ਦੀਆਂ ਲੰਬੀਆਂ ਕਤਾਰਾਂ

ਤੋਰਖਮ ਬਾਰਡਰ ਬੰਦ ਹੋਣ ਕਾਰਨ ਨਾ ਸਿਰਫ ਪਾਕਿਸਤਾਨੀ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ, ਸਗੋਂ ਅਫਗਾਨ ਵਪਾਰੀਆਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਹਰ ਰੋਜ਼ ਅਨਾਜ ਅਤੇ ਹੋਰ ਸਮਾਨ ਨਾਲ ਲੱਦੇ ਸੈਂਕੜੇ ਟਰੱਕ ਇੱਕ ਦੂਜੇ ਦੇ ਦੇਸ਼ ਵਿੱਚ ਦਾਖਲ ਹੁੰਦੇ ਹਨ, ਅਤੇ ਤੋਰਖਾਨ ਨੂੰ ਇਸਦਾ ਮੁੱਖ ਰਸਤਾ ਮੰਨਿਆ ਜਾਂਦਾ ਹੈ। ਬਾਰਡਰ ਬੰਦ ਹੋਣ ਕਾਰਨ ਦੋਵੇਂ ਪਾਸੇ ਟਰੱਕਾਂ ਦੀ ਲੰਬੀ ਲਾਈਨ ਲੱਗ ਗਈ ਹੈ। ਐਤਵਾਰ ਤੋਂ ਇੱਥੇ 6000 ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

ਹੈਰਾਨੀ ਦੀ ਗੱਲ ਹੈ ਕਿ ਅਫਗਾਨਿਸਤਾਨ ਜਰੂਰੀ ਵਸਤਾਂ ਲਈ ਵੀ ਪਾਕਿਸਤਾਨ ‘ਤੇ ਨਿਰਭਰ ਹੈ। ਪਾਕਿਸਤਾਨ-ਅਫਗਾਨਿਸਤਾਨ ਜੁਆਇੰਟ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਾਇਰੈਕਟਰ ਜ਼ਿਆ-ਉਲ ਹੱਕ ਨੇ ਕਿਹਾ ਕਿ ਖਾਸ ਤੌਰ ‘ਤੇ ਉਹ ਵਪਾਰੀ ਜੋ ਰੋਜ਼ਾਨਾ ਆਧਾਰ ‘ਤੇ ਸਬਜ਼ੀਆਂ ਜਾਂ ਫਲਾਂ ਦੀ ਸਪਲਾਈ ਕਰਦੇ ਹਨ, ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਗੱਲਬਾਤ ਲਈ ਦੋ ਕਦਮ ਅੱਗੇ ਆਇਆ ਪਾਕਿਸਤਾਨ

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਇਸ ਮੁੱਦੇ ‘ਤੇ ਦੋ ਕਦਮ ਅੱਗੇ ਆ ਕੇ ਗੱਲਬਾਤ ਕਰਨ ਲਈ ਤਿਆਰ ਹੈ। ਪਾਕਿਸਤਾਨ ਵਾਲੇ ਪਾਸੇ ਤੋਂ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਨੇ ਆਪਣੀ ਮਰਜ਼ੀ ਨਾਲ ਇਕਪਾਸੜ ਫੈਸਲਾ ਲਿਆ ਅਤੇ ਸਰਹੱਦ ਨੂੰ ਬੰਦ ਕਰ ਦਿੱਤਾ। ਅਜਿਹੇ ਵਿੱਚ ਉਨ੍ਹਾਂ ਨੂੰ ਵੀ ਸਰਹੱਦ ਖੋਲ੍ਹਣ ਸਬੰਧੀ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।

ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਗੋਲੀਬਾਰੀ

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਗੋਲੀਬਾਰੀ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੀਆਂ-ਆਪਣੀਆਂ ਸਰਹੱਦਾਂ ‘ਤੇ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਸਨ। ਤਣਾਅ ਨੂੰ ਘੱਟ ਕਰਨ ਵੱਲ ਕਦਮ ਚੁੱਕਦੇ ਹੋਏ ਪਾਕਿਸਤਾਨ ਨੇ ਆਪਣੀ ਸਰਹੱਦ ਤੋਂ ਸੁਰੱਖਿਆ ਬਲਾਂ ਦੀ ਗਿਣਤੀ ਘਟਾ ਦਿੱਤੀ ਹੈ। ਦੂਜੇ ਪਾਸੇ ਪਾਕਿਸਤਾਨ ਦੇ ਇਸ ਫੈਸਲੇ ਤੋਂ ਬਾਅਦ ਅਫਗਾਨਿਸਤਾਨ ਨੇ ਵੀ ਸਰਹੱਦ ਤੋਂ ਸੁਰੱਖਿਆ ਬਲਾਂ ਨੂੰ ਘਟਾ ਦਿੱਤਾ, ਜਿਸ ਨੂੰ ਪਾਕਿਸਤਾਨ ਨੇ ਸਕਾਰਾਤਮਕ ਸੰਕੇਤ ਦੱਸਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ