ਪਾਕਿਸਤਾਨ: ਰਾਕੇਟ ਦੇ ਸ਼ੈਲ ਨਾਲ ਖੇਡ ਰਹੇ ਸਨ ਬੱਚੇ, ਅਚਾਨਕ ਹੋਏ ਧਮਾਕੇ ਕਾਰਨ ਵਿਛ ਗਈਆਂ ਲਾਸ਼ਾ
ਪਾਕਿਸਤਾਨ ਦੇ ਸਿੰਧ ਸੂਬੇ ਦੇ ਕੰਧਕੋਟ ਜ਼ਿਲ੍ਹੇ 'ਚ ਰਾਕੇਟ ਸ਼ੈਲ ਫੱਟਣ ਕਾਰਨ ਧਮਾਕਾ ਹੋਇਆ ਜਿਸ 'ਚ 8 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਚਾਰ ਬੱਚੇ ਅਤੇ ਦੋ ਔਰਤਾਂ ਵੀ ਸ਼ਾਮਲ ਹਨ। ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਸਿੰਧ ਦੇ ਕਾਰਜਕਾਰੀ ਮੁੱਖ ਮੰਤਰੀ ਮਕਬੂਲ ਬਕਰ ਨੇ ਆਈਜੀ ਰਿਫਤ ਮੁਖਤਾਰ ਤੋਂ ਰਿਪੋਰਟ ਮੰਗੀ ਹੈ।

ਪਾਕਿਸਤਾਨ ਦੇ ਸਿੰਧ ‘ਚ ਰਾਕੇਟ ਲਾਂਚਰ ਸ਼ੈਲ ‘ਚ ਧਮਾਕਾ ਹੋਣ ਕਾਰਨ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਕੰਧਕੋਟ ਜ਼ਿਲ੍ਹੇ ਵਿੱਚ ਵਾਪਰਿਆ ਹੈ। ਮਰਨ ਵਾਲਿਆਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ, ਮਰਨ ਵਾਲੇ ਸਾਰੇ ਇੱਕ ਹੀ ਪਰਿਵਾਰ ਦੇ ਸਨ। ਕੁਝ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਕੰਢਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਬੱਚੇ ਘਰ ‘ਚ ਰਾਕੇਟ ਲਾਂਚਰ ਦੇ ਸ਼ੈਲ ਨਾਲ ਖੇਡ ਰਹੇ ਸਨ ਕਿ ਇਸ ਦੌਰਾਨ ਇਹ ਫਟ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਕੰਧਕੋਟ ਦਾਖਲ ਕਰਵਾਇਆ। ਲਾਸ਼ਾਂ ਨੂੰ ਵੀ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਪੁਲਿਸ ਨੇ ਕੰਧਕੋਟ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ।
ਰਾਕੇਟ ਲਾਂਚਰ ਸ਼ੈਲ ਨਾਲ ਖੇਡ ਰਹੇ ਸਨ ਬੱਚੇ
ਘਟਨਾ ਸਬੰਧੀ ਜਾਣਕਾਰੀ ਦਿੰਦੇ ਥਾਣਾ ਕੰਧਕੋਟ ਦੇ ਸੀਨੀਅਰ ਕਪਤਾਨ ਪੁਲਿਸ ਰੋਹਿਲ ਖੋਸਾ ਨੇ ਦੱਸਿਆ ਕਿ ਬੱਚੇ ਬਾਹਰ ਖੇਡ ਰਹੇ ਸਨ ਤਾਂ ਉਨ੍ਹਾਂ ਨੂੰ ਜ਼ਮੀਨ ‘ਤੇ ਰਾਕੇਟ ਸ਼ੈਲ ਪਿਆ ਮਿਲਿਆ। ਬੱਚੇ ਇਸ ਨੂੰ ਖੇਡਣ ਲਈ ਘਰ ਲੈ ਆਏ ਅਤੇ ਖੇਡਣ ਲੱਗ ਗਏ। ਇਸ ਦੌਰਾਨ ਰਾਕੇਟ ਦਾ ਗੋਲਾ ਫਟਣ ਨਾਲ ਘਰ ‘ਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਘਰ ‘ਚ ਮੌਜੂਦ 8 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਘਰ ‘ਚ ਹਫੜਾ-ਦਫੜੀ ਮਚ ਗਈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸਿੰਧ ਦੇ ਕਾਰਜਕਾਰੀ ਮੁੱਖ ਮੰਤਰੀ ਨੇ ਆਈਜੀ ਤੋਂ ਰਿਪੋਰਟ ਮੰਗੀ
ਧਮਾਕੇ ਦੀ ਸੂਚਨਾ ਮਿਲਣ ‘ਤੇ ਸਿੰਧ ਦੇ ਕਾਰਜਕਾਰੀ ਮੁੱਖ ਮੰਤਰੀ ਮਕਬੂਲ ਬਕਰ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਕਾਰਜਕਾਰੀ ਮੁੱਖ ਮੰਤਰੀ ਨੇ ਇੰਸਪੈਕਟਰ ਜਨਰਲ ਡਾ.ਰਿਫਤ ਮੁਖਤਾਰ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਚੁੱਕਿਆ ਹੈ ਕਿ ਰਾਕੇਟ ਪਿੰਡਾਂ ਤੱਕ ਕਿਵੇਂ ਪਹੁੰਚਿਆ, ਕੀ ਇਨ੍ਹਾਂ ਇਲਾਕਿਆਂ ‘ਚ ਹਥਿਆਰਾਂ ਦੀ ਤਸਕਰੀ ਹੋ ਰਹੀ ਹੈ?