ਇਜ਼ਰਾਈਲ-ਹਮਾਸ ਜੰਗ ‘ਤੇ PM ਮੋਦੀ ਦੀ ਪੈਨੀ ਨਜ਼ਰ, ਹੁਣ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਨਾਲ ਕੀਤੀ ਗੱਲਬਾਤ
ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਨਾਲ ਫੋਨ 'ਤੇ ਗੱਲ ਕੀਤੀ ਹੈ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਮਿਸਰ ਨੇ ਦੋਹਾਂ ਨੇਤਾਵਾਂ ਨੇ ਗਾਜ਼ਾ 'ਚ ਇਜ਼ਰਾਈਲੀ ਫੌਜ ਦੇ ਮੌਜੂਦਾ ਆਪਰੇਸ਼ਨ ਬਾਰੇ ਵਿਸਥਾਰ 'ਚ ਗੱਲਬਾਤ ਕੀਤੀ। ਇਜ਼ਰਾਇਲੀ ਹਮਲਿਆਂ ਕਾਰਨ ਗਾਜ਼ਾ 'ਚ ਕਰੀਬ 7700 ਲੋਕ ਮਾਰੇ ਗਏ ਹਨ, ਜਿਨ੍ਹਾਂ 'ਚ ਕਰੀਬ ਤਿੰਨ ਹਜ਼ਾਰ ਨਾਬਾਲਗ ਵੀ ਸ਼ਾਮਲ ਹਨ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 23 ਦਿਨਾਂ ਤੋਂ ਖੂਨੀ ਯੁੱਧ ਚੱਲ ਰਿਹਾ ਹੈ। ਇਜ਼ਰਾਈਲ ਦੀ ਜਲ ਸੈਨਾ ਅਤੇ ਹਵਾਈ ਸੈਨਾ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ‘ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਜੰਗ ‘ਤੇ ਨਜ਼ਰ ਰੱਖ ਰਹੇ ਹਨ। ਪੀਐਮ ਮੋਦੀ ਜੰਗ ਨੂੰ ਲੈ ਕੇ ਲਗਾਤਾਰ ਗਲੋਬਲ ਨੇਤਾਵਾਂ ਨਾਲ ਗੱਲਬਾਤ ਕਰ ਰਹੇ ਹਨ। ਹੁਣ ਪੀਐਮ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ ਅਤੇ ਗਾਜ਼ਾ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।
ਗੱਲਬਾਤ ਬਾਰੇ, ਪੀਐਮ ਮੋਦੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, ਕੱਲ੍ਹ ਰਾਸ਼ਟਰਪਤੀ ਅਲ ਸੀਸੀ ਨਾਲ ਗੱਲ ਕੀਤੀ। ਅਸੀਂ ਪੱਛਮੀ ਏਸ਼ੀਆ ਵਿੱਚ ਵਿਗੜਦੀ ਸੁਰੱਖਿਆ ਅਤੇ ਮਨੁੱਖਤਾਵਾਦੀ ਸਥਿਤੀ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਅਸੀਂ ਅੱਤਵਾਦ, ਹਿੰਸਾ ਅਤੇ ਆਮ ਨਾਗਰਿਕਾਂ ਦੇ ਨੁਕਸਾਨ ਬਾਰੇ ਚਿੰਤਾਵਾਂ ਸਾਂਝੀਆਂ ਕੀਤੀਆਂ। “ਅਸੀਂ ਸ਼ਾਂਤੀ ਅਤੇ ਸਥਿਰਤਾ ਨੂੰ ਜਲਦੀ ਬਹਾਲ ਕਰਨ ਅਤੇ ਮਾਨਵਤਾਵਾਦੀ ਸਹਾਇਤਾ ਦੀ ਸਹੂਲਤ ਦੀ ਜ਼ਰੂਰਤ ‘ਤੇ ਸਹਿਮਤ ਹਾਂ।”
ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਤੋਂ ਗਾਜ਼ਾ ਲਈ ਮਨੁੱਖੀ ਸਹਾਇਤਾ ਭੇਜਣ ਤੋਂ ਬਾਅਦ, ਪੀਐਮ ਮੋਦੀ ਨੇ ਜੌਰਡਨ ਦੇ ਕਿੰਗ ਅਬਦੁੱਲਾ ਦੂਜੇ ਨਾਲ ਫੋਨ ‘ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਯੁੱਧ ਦੇ ਸਬੰਧ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਫਲਿਸਤੀਨੀ ਨੇਤਾ ਮਹਿਮੂਦ ਅੱਬਾਸ ਨਾਲ ਵੀ ਫੋਨ ‘ਤੇ ਗੱਲ ਕੀਤੀ। ਪੀਐਮ ਮੋਦੀ ਨੇ ਜਾਰਡਨ ਕਿੰਗ ਨੂੰ ਕਿਹਾ ਕਿ ਸੁਰੱਖਿਆ ਅਤੇ ਮਨੁੱਖੀ ਸੰਕਟ ਵਰਗੇ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਤਵਾਦ ਅਤੇ ਹਿੰਸਾ ‘ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਇਲਾਕੇ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਗਾਜ਼ਾ ਦੇ 23 ਲੱਖ ਲੋਕਾਂ ਦਾ ਇੱਕ ਦੂਜੇ ਅਤੇ ਬਾਹਰੀ ਦੁਨੀਆ ਨਾਲ ਸੰਪਰਕ ਟੁੱਟ ਗਿਆ ਹੈ। ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਜੰਗ ਹੁਣ ਨਵੇਂ ਪੜਾਅ ‘ਤੇ ਪਹੁੰਚ ਗਈ ਹੈ। ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਇਜ਼ਰਾਇਲੀ ਫੌਜ ਨੇ ਗਾਜ਼ਾ ਵਿੱਚ ਹਮਾਸ ਦੇ ਅੱਤਵਾਦੀਆਂ ਨੂੰ ਖਤਮ ਕਰਨ ਦੀ ਕਸਮ ਖਾਧੀ ਹੈ। ਅਸੀਂ ਹੌਲੀ-ਹੌਲੀ ਪੂਰੇ ਗਾਜ਼ਾ ‘ਤੇ ਕਬਜ਼ਾ ਕਰਨ ਦੇ ਨੇੜੇ ਜਾ ਰਹੇ ਹਾਂ।
ਜ਼ਿਕਰਯੋਗ ਹੈ ਕਿ ਜੰਗ ਦੇ 23 ਦਿਨਾਂ ਦੇ ਅੰਦਰ ਗਾਜ਼ਾ ‘ਚ ਕਰੀਬ 7700 ਲੋਕ ਮਾਰੇ ਜਾ ਚੁੱਕੇ ਹਨ। ਮਰਨ ਵਾਲਿਆਂ ਵਿੱਚ 2900 ਤੋਂ ਵੱਧ ਨਾਬਾਲਗ ਅਤੇ 1500 ਤੋਂ ਵੱਧ ਔਰਤਾਂ ਸ਼ਾਮਲ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਅਜੇ ਵੀ ਕਰੀਬ 1700 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।