Pakistan ‘ਚ ਸੁਪਰੀਮ ਕੋਰਟ ਦਾ ਆਦੇਸ਼ ਦਰਕਿਨਾਰ, ਪੰਜਾਬ ‘ਚ ਨਹੀਂ ਹੋਣਗੀਆਂ ਚੋਣਾਂ, ਪਟੀਸ਼ਨ ‘ਤੇ ਮੁੜ ਹੋਵੇਗੀ ਸੁਣਵਾਈ
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਅਜੇ ਤੱਕ ਚੋਣਾਂ ਨਹੀਂ ਹੋਈਆਂ ਹਨ। ਸੁਪਰੀਮ ਕੋਰਟ ਵੱਲੋਂ 14 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਚੋਣ ਕਮਿਸ਼ਨ ਚੋਣਾਂ ਨਹੀਂ ਕਰਵਾ ਸਕਿਆ। ਹੁਣ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਮੁੜ ਸੁਣਵਾਈ ਹੋਣੀ ਹੈ।
ਪਾਕਿਸਤਾਨ ਨਿਊਜ। ਪਾਕਿਸਤਾਨ ਦੇ ਪੰਜਾਬ ‘ਚ ਚੋਣਾਂ ਕਦੋਂ ਹੋਣਗੀਆਂ, ਇਹ ਕੋਈ ਨਹੀਂ ਜਾਣਦਾ। ਸੁਪਰੀਮ ਕੋਰਟ (Supreme Court) ਵੱਲੋਂ 14 ਮਈ ਤੱਕ ਦੀ ਤਰੀਕ ਤੈਅ ਕੀਤੀ ਗਈ ਸੀ, ਜੋ ਹੁਣ ਲੰਘ ਗਈ ਹੈ।
ਅੱਜ ਯਾਨੀ ਸੋਮਵਾਰ ਨੂੰ ਸੁਪਰੀਮ ਕੋਰਟ ਚੋਣ ਕਮਿਸ਼ਨ (Election Commission) ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰੇਗਾ, ਜਿਸ ‘ਚ 4 ਅਪ੍ਰੈਲ ਦੇ ਆਪਣੇ ਹੁਕਮ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ।
14 ਮਈ ਤੱਕ ਚੋਣਾਂ ਕਰਵਾਉਣ ਦੇ ਦਿੱਤੇ ਸਨ ਹੁਕਮ
ਸੁਪਰੀਮ ਕੋਰਟ ਨੇ 4 ਅਪਰੈਲ ਨੂੰ ਆਪਣੇ ਹੁਕਮਾਂ ਵਿੱਚ ਚੋਣ ਕਮਿਸ਼ਨ ਦੇ ਉਸ ਹੁਕਮ ਨੂੰ ਅਸੰਵਿਧਾਨਕ ਕਰਾਰ ਦਿੱਤਾ ਸੀ ਜਿਸ ਵਿੱਚ ਪੰਜਾਬ ਵਿੱਚ 30 ਅਪਰੈਲ ਦੀ ਬਜਾਏ 8 ਅਕਤੂਬਰ ਨੂੰ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਚੋਣ ਕਮਿਸ਼ਨ ਨੂੰ ਪੰਜਾਬ ਸੂਬੇ ਵਿੱਚ 14 ਮਈ ਤੱਕ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਸਨ।
‘ਸੰਵਿਧਾਨ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼’
ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ (Pakistan) ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਕਿਹਾ ਕਿ ਪੰਜਾਬ ਵਿੱਚ ਕਾਰਜਕਾਰੀ ਸਰਕਾਰ ਦਾ ਕੋਈ ਕਾਨੂੰਨੀ ਜਾਂ ਸੰਵਿਧਾਨਕ ਦਰਜਾ ਨਹੀਂ ਹੈ। ਪੀਟੀਆਈ ਨੇ ਚੋਣ ਕਮਿਸ਼ਨ ਦੀ ਪਟੀਸ਼ਨ ਅਤੇ ਅਕਤੂਬਰ ਵਿੱਚ ਚੋਣਾਂ ਕਰਵਾਉਣ ਦੇ ਆਦੇਸ਼ ਦਾ ਵੀ ਵਿਰੋਧ ਕੀਤਾ। ਪੀਟੀਆਈ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ 14 ਮਈ ਨੂੰ ਚੋਣਾਂ ਨਾ ਕਰਵਾਉਣਾ ਸੰਵਿਧਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਕੋਸ਼ਿਸ਼ ਹੈ।
’21 ਅਰਬ ਰੁਪਏ ਦੇਣ ਦੇ ਦਿੱਤੇ ਸਨ ਨਿਰਦੇਸ਼’
ਆਪਣੇ ਫੈਸਲੇ ‘ਚ ਸੁਪਰੀਮ ਕੋਰਟ ਨੇ ਸਟੇਟ ਬੈਂਕ ਆਫ ਪਾਕਿਸਤਾਨ ਨੂੰ 14 ਮਈ ਤੱਕ ਚੋਣਾਂ ਕਰਵਾਉਣ ਦਾ ਹੁਕਮ ਦਿੰਦੇ ਹੋਏ ਸਟੇਟ ਬੈਂਕ ਆਫ ਪਾਕਿਸਤਾਨ ਨੂੰ ਚੋਣ ਕਮਿਸ਼ਨ ਨੂੰ 21 ਅਰਬ ਰੁਪਏ ਅਲਾਟ ਕਰਨ ਦਾ ਹੁਕਮ ਦਿੱਤਾ ਹੈ। 18 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਮੁੜ ਸੁਪਰੀਮ ਕੋਰਟ ਪਹੁੰਚ ਕੇ ਕਿਹਾ ਕਿ ਉਸ ਨੂੰ ਅਜੇ ਤੱਕ ਬੈਂਕ ਤੋਂ 21 ਅਰਬ ਰੁਪਏ ਨਹੀਂ ਮਿਲੇ ਹਨ।