ਅਮਰੀਕਾ ਦੇ ਕਾਲਜ ਵਿੱਚ ਪ੍ਰੋਫੈਸਰਾਂ ਨੂੰ ਧਮਕਾਉਣ ਵਾਲਾ ਭਾਰਤੀ ਵਿਦਿਆਰਥੀ ਗ੍ਰਿਫਤਾਰ
Threat to Professors : ਭਾਰਤੀ ਵਿਦਿਆਰਥੀ ਵੱਲੋਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਉਹ ਉਹਨਾਂ ਦੇ ਬੱਚਿਆਂ ਦੀ ਹਤਿਆ ਕਰਨ ਮਗਰੋਂ ਉਹਨਾਂ ਦਾ ਗੋਸ਼ਤ ਬਰਗਰ ਮੀਟ ਵਿੱਚ ਭਰ ਦੇਵੇਗਾ।
ਵਾਸ਼ਿੰਗਟਨ: ਯੂਨੀਵਰਸਿਟੀ ਆਫ਼ ਵਿਸਕੋਨਸਿਨ- ਮੇਡਿਸਨ ਵਿੱਚ ਪਹਿਲਾਂ ਪੜ੍ਹਦੇ ਰਹੇ ਭਾਰਤੀ ਮੂਲ ਦੇ 32 ਸਾਲ ਦੇ ਇੱਕ ਸਾਬਕਾ ਵਿਦਿਆਰਥੀ ਨੂੰ ਉੱਥੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਸਮੇਤ ਟੀਚਿੰਗ ਸਟਾਫ਼ ਦੇ 9 ਮੈਂਬਰਾਂ ਨੂੰ ਡਰਾਉਣ- ਧਮਕਾਉਣ (Intimidation) ਦੇ ਇਲਜ਼ਾਮ ‘ਚ ਡੈਟ੍ਰੋਆਇਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ, ਅਰਵਿਨ ਰਾਜ ਮਾਥੁਰ ਨਾਂ ਦੇ ਇਸ ਸਾਬਕਾ ਭਾਰਤੀ ਵਿਦਿਆਰਥੀ ਵੱਲੋਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਉਹ ਉਹਨਾਂ ਦੇ ਬੱਚਿਆਂ ਦੀ ਹਤਿਆ ਕਰਨ ਮਗਰੋਂ ਉਹਨਾਂ ਦਾ ਗੋਸ਼ਤ ਬਰਗਰ ਮੀਟ ਵਿੱਚ ਭਰ ਦੇਵੇਗਾ।
ਹਾਲੇ ਅਸਥਾਈ ਤੌਰ ਤੇ ਪੁਲਿਸ ਹਿਰਾਸਤ ਵਿੱਚ ਰੱਖਿਆ
ਦੋਸ਼ੀ ਸਾਬਕਾ ਵਿਦਿਆਰਥੀ ਨੂੰ ਫੈਡਰਲ ਏਜੰਟਾਂ (Federal agents) ਨੇ ਸ਼ੁੱਕਰਵਾਰ ਡੈਟ੍ਰੋਆਇਟ ਮੈਟ੍ਰੋਪੌਲੀਟਨ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਸੀ। ਇੱਕ ਖ਼ਬਰ ਦੇ ਮੁਤਾਬਕ, ਇਸ ਭਾਰਤੀ ਵਿਦਿਆਰਥੀ ਨੂੰ ਹਾਲੇ ਅਸਥਾਈ ਤੌਰ ਤੇ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਸ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਹੈ। ਇੱਕ ਹੋਰ ਖ਼ਬਰ ਦੇ ਮੁਤਾਬਿਕ, ਕੋਪਨਹੈਗਨ ਤੋਂ ਆਉਣ ‘ਤੇ ਗ੍ਰਿਫਤਾਰ ਕੀਤੇ ਜਾਣ ਮਗਰੋਂ ਐਤਵਾਰ ਨੂੰ ਵੀ ਮਾਥੁਰ ਮਿਸ਼ੀਗਨ ਦੀ ਸੇਂਟ ਕਲੇਅਰ ਕਾਊਂਟੀ ਜੇਲ ਵਿੱਚ ਬੰਦ ਰਿਹਾ ਸੀ, ਜਿੱਥੇ ਉਸ ਨੇ ਇੱਕ ਯੁਨੀਵਰਸਿਟੀ ਵਿੱਚ ਪੜ੍ਹਨ ਵਾਸਤੇ ਦਾਖਲਾ ਲਿਆ ਹੋਈਆ ਸੀ। ਖਬਰਾਂ ਵਿੱਚ ਦੱਸਿਆ ਜਾਂਦਾ ਹੈ ਕਿ ਹੁਣ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਲਈ ਮਾਥੁਰ ਨੂੰ ਉੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਮਾਥੁਰ ਐਤਵਾਰ ਨੂੰ ਇੱਕ ਵਾਰ ਫੈਡਰਲ ਕੋਰਟ ਵਿੱਚ ਪੇਸ਼ ਹੋ ਚੁੱਕਿਆ ਹੈ।
ਇਹ ਵੀ ਪੜੋ: South London: ਆਤਮ ਹੱਤਿਆ ਕਰਨ ਤੋਂ ਪਹਿਲਾਂ ਇੱਕ ਮਾਂ ਨੇ ਆਪਣੇ ਦੋਵੇਂ ਪੁੱਤ ਮਾਰ ਦਿੱਤੇ
ਅਮਰੀਕਾ ਤੋਂ ਬਾਹਰ ਰਹਿੰਦੇ ਹੋਏ ਈ-ਮੇਲ ਰਾਹੀਂ ਧਮਕੀਆਂ ਭੇਜਿਆਂ
ਯੂਨੀਵਰਸਿਟੀ ਆਫ਼ ਵਿਸਕੋਨਸਿਨ- ਮੇਡਿਸਨ ਦੇ ਡਿਪਾਰਟਮੈਂਟ ਆਫ਼ ਅੰਥਰੋਪੋਲੋਜੀ ਦੇ ਸਾਬਕਾ ਗ੍ਰੇਜੂਏਟ ਵਿਦਿਆਰਥੀ ਮਾਥੁਰ ਉੱਤੇ ਅਦਾਲਤ ਦੇ ਰਿਕਾਰਡਾਂ ਮੁਤਾਬਕ ਇਲਜਾਮ ਹੈ ਕਿ ਉਸ ਨੇ ਅਮਰੀਕਾ ਤੋਂ ਬਾਹਰ ਰਹਿੰਦੇ ਹੋਏ ਵਿਸਕਾਨਸਿਨ ਦੇ 9 ਬਾਸ਼ਿਦਿਆਂ ਨੂੰ ਈ-ਮੇਲ ਰਾਹੀਂ ਧਮਕੀਆਂ ਭੇਜਿਆਂ ਸਨ। ਯੂਨੀਵਰਸਿਟੀ ਵਿੱਚ ਅੰਥਰੋਪੋਲੋਜੀ ਦੇ ਇੱਕ ਪ੍ਰੋਫੈਸਰ ਨੂੰ ਆਪਣੀ ਧਮਕੀ ਭਰੀ ਈ-ਮੇਲ ਵਿੱਚ ਮਾਥੁਰ ਨੇ ਲਿਖਿਆ, ਜਿਹਨਾਂ ਦੋ ਹੋਰ ਲੋਕਾਂ ਨੂੰ ਮੈਂ ਧਮਕਾਇਆ ਹੈ ਉਹ ਮੈਨੂੰ ਛੱਡ ਦੇਣ ਨਹੀਂ ਤਾਂ ਮੈਂ ਉਹਨਾਂ ਦੇ ਬੱਚਿਆਂ ਦੀ ਹੱਤਿਆ ਕਰ ਦਿਆਂਗਾ ਅਤੇ ਉਹਨਾਂ ਦਾ ਗੋਸ਼ਤ ਬਰਗਰ ਮੀਟ ਵਿੱਚ ਭਰ ਦਿਆਂਗਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ