ਪਾਕਿਸਤਾਨ ਦੇ ਪੇਸ਼ਾਵਰ ਦੀ ਮਸਜਿਦ ‘ਚ ਧਮਾਕਾ, ਜੁੰਮੇ ਦੀ ਨਮਾਜ ਅਦਾ ਕਰ ਰਹੇ ਲੋਕਾਂ ਨੂੰ ਬਣਾਇਆ ਨਿਸ਼ਾਨਾ
Bomb Blast in Pakistan: ਪਾਕਿਸਤਾਨ ਵਿੱਚ ਵਧ ਰਹੇ ਅੱਤਵਾਦ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਇੱਕ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਖਾਸ ਕਰਕੇ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਵਿੱਚ ਹੋਏ ਹਮਲੇ ਦਰਸਾਉਂਦੇ ਹਨ ਕਿ ਪਾਕਿਸਤਾਨ ਵਿੱਚ ਕੱਟੜਪੰਥੀ ਸਮੂਹਾਂ ਦੀ ਪਕੜ ਮਜ਼ਬੂਤ ਹੋ ਰਹੀ ਹੈ। ਸਰਕਾਰ ਲਈ ਇਸ ਹਿੰਸਾ ਨੂੰ ਰੋਕਣਾ ਅਤੇ ਇਨ੍ਹਾਂ ਇਲਾਕਿਆਂ ਵਿੱਚ ਸ਼ਾਂਤੀ ਬਹਾਲ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਪਾਕਿਸਤਾਨ ਦੇ ਪੇਸ਼ਾਵਰ ਵਿੱਚ ਜੁੰਮੇ ਦੀ ਨਮਾਜ਼ ਦੌਰਾਨ ਇੱਕ ਵੱਡਾ ਧਮਾਕਾ ਹੋ ਗਿਆ। ਇਹ ਧਮਾਕਾ ਕਿੱਸਾਖਾਨੀ ਬਾਜ਼ਾਰ ਦੀ ਜਾਮਾ ਮਸਜਿਦ ਵਿੱਚ ਹੋਇਆ, ਜਿਸ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਧਮਾਕੇ ਸਮੇਂ ਮਸਜਿਦ ਵਿੱਚ ਵੱਡੀ ਗਿਣਤੀ ਵਿੱਚ ਲੋਕ ਨਮਾਜ਼ ਅਦਾ ਕਰ ਰਹੇ ਸਨ।ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਹਾਲੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਾਕਿਸਤਾਨ ਵਿੱਚ ਅੱਤਵਾਦ ਨਾਲ ਸਬੰਧਤ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਾਲ ਹੀ ਵਿੱਚ ਜਾਰੀ ਹੋਈ ਇੱਕ ਰਿਪੋਰਟ ਦੇ ਅਨੁਸਾਰ, ਫਰਵਰੀ ਵਿੱਚ ਅੱਤਵਾਦੀ ਹਮਲਿਆਂ ਵਿੱਚ 73 ਪ੍ਰਤੀਸ਼ਤ ਵਾਧਾ ਹੋਇਆ ਹੈ। ਇਨ੍ਹਾਂ ਹਮਲਿਆਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਬਲੋਚਿਸਤਾਨ ਹੈ, ਜਿੱਥੇ ਅੱਤਵਾਦ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਬਲੋਚਿਸਤਾਨ ਵਿੱਚ ਹਾਲ ਹੀ ਵਿੱਚ ਹੋਈ ਜਾਫਰ ਐਕਸਪ੍ਰੈਸ ਟ੍ਰੇਨ ਹਾਈਜੈਕ ਕਰਨ ਦੀ ਘਟਨਾ ਨੇ ਹਾਲਾਤ ਨੂੰ ਹੋਰ ਵੀ ਖੌਫਨਾਕ ਬਣਾ ਦਿੱਤਾ ਹੈ।
ਬਲੋਚਿਸਤਾਨ ਅੱਤਵਾਦ ਦਾ ਨਵਾਂ ਅੱਡਾ
ਇਸਲਾਮਾਬਾਦ ਸਥਿਤ ਪਾਕਿ ਇੰਸਟੀਚਿਊਟ ਫਾਰ ਪੀਸ ਸਟੱਡੀਜ਼ (PIPS) ਦੀ ਇੱਕ ਰਿਪੋਰਟ ਦੇ ਅਨੁਸਾਰ, ਫਰਵਰੀ ਵਿੱਚ ਪਾਕਿਸਤਾਨ ਵਿੱਚ 54 ਅੱਤਵਾਦੀ ਹਮਲਿਆਂ ਵਿੱਚ 121 ਲੋਕ ਮਾਰੇ ਗਏ ਅਤੇ 103 ਜ਼ਖਮੀ ਹੋਏ। ਇਨ੍ਹਾਂ ਵਿੱਚੋਂ 62 ਪ੍ਰਤੀਸ਼ਤ ਮੌਤਾਂ ਬਲੋਚਿਸਤਾਨ ਵਿੱਚ ਹੋਈਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇਲਾਕਾ ਹੁਣ ਅੱਤਵਾਦ ਦਾ ਅੱਡਾ ਬਣਦਾ ਜਾ ਰਿਹਾ ਹੈ।
ਖੈਬਰ ਪਖਤੂਨਖਵਾ ਵੀ ਅੱਤਵਾਦ ਤੋਂ ਅਛੂਤਾ ਨਹੀਂ
ਖੈਬਰ ਪਖਤੂਨਖਵਾ ਵੀ ਅੱਤਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਫਰਵਰੀ ਵਿੱਚ ਇੱਥੇ 30 ਅੱਤਵਾਦੀ ਹਮਲੇ ਹੋਏ, ਜਿਨ੍ਹਾਂ ਵਿੱਚ 45 ਲੋਕ ਮਾਰੇ ਗਏ ਅਤੇ 58 ਜ਼ਖਮੀ ਹੋਏ। ਪਾਕਿਸਤਾਨ ਸਰਕਾਰ ਦਾ ਆਰੋਪ ਹੈ ਕਿ ਇਨ੍ਹਾਂ ਹਮਲਿਆਂ ਪਿੱਛੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ), ਹਾਫਿਜ਼ ਗੁਲ ਬਹਾਦੁਰ ਗਰੁੱਪ, ਲਸ਼ਕਰ-ਏ-ਇਸਲਾਮ ਅਤੇ ਇਸਲਾਮਿਕ ਸਟੇਟ-ਖੋਰਾਸਾਨ (IS-K) ਵਰਗੇ ਅੱਤਵਾਦੀ ਸੰਗਠਨ ਹਨ।
ਬਲੋਚਿਸਤਾਨ ਵਿੱਚ ਸਭ ਤੋਂ ਵੱਧ ਮੌਤਾਂ
ਫਰਵਰੀ ਵਿੱਚ ਬਲੋਚਿਸਤਾਨ ਵਿੱਚ 23 ਹਮਲੇ ਹੋਏ, ਜਿਨ੍ਹਾਂ ਵਿੱਚ 75 ਲੋਕਾਂ ਦੀ ਮੌਤ ਹੋ ਗਈ ਅਤੇ 45 ਜ਼ਖਮੀ ਹੋ ਗਏ। ਬਲੋਚ ਅੱਤਵਾਦੀ ਸਮੂਹਾਂ ਜਿਵੇਂ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ), ਬਲੋਚਿਸਤਾਨ ਲਿਬਰੇਸ਼ਨ ਫਰੰਟ (ਬੀਐਲਐਫ) ਅਤੇ ਬਲੋਚ ਰਿਪਬਲਿਕਨ ਗਾਰਡਜ਼ (ਬੀਆਰਜੀ) ਨੇ 22 ਹਮਲੇ ਕੀਤੇ, ਜਿਨ੍ਹਾਂ ਵਿੱਚ 74 ਲੋਕ ਮਾਰੇ ਗਏ। ਇਸ ਤੋਂ ਇਲਾਵਾ, ਟੀਟੀਪੀ ਨੇ ਇੱਕ ਹਮਲੇ ਨੂੰ ਅੰਜਾਮ ਦਿੱਤਾ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।