ਲੰਡਨ ਦੇ ਇਤਿਹਾਸਕ ਗੁਰਦੁਆਰੇ ‘ਚ ਮੋਹਨ ਭਾਗਵਤ ਨੇ ਟੇਕਿਆ ਮੱਥਾ, ਜਾਣੋ ਖਾਲਸਾ ਜੱਥਾ ਦਾ ਇਤਿਹਾਸ
Mohan Bhagwat: ਮੋਹਨ ਭਾਗਵਤ ਨੇ ਭਾਰਤ ਤੋਂ ਬਾਹਰ ਸਥਿਤ ਸਭ ਤੋਂ ਪੁਰਾਣੇ ਗੁਰਦੁਆਰੇ ਦਾ ਦੌਰਾ ਕੀਤਾ। ਉਨ੍ਹਾਂ ਨੇ ਬ੍ਰਿਟਿਸ਼ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ। ਇਸ ਗੁਰਦੁਆਰੇ ਦਾ ਨਾਮ ਖਾਲਸਾ ਜੱਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਲੰਡਨ ਵਿੱਚ ਬ੍ਰਿਟਿਸ਼ ਸਿੱਖ ਭਾਈਚਾਰੇ ਨਾਲ ਗੱਲਬਾਤ ਕੀਤੀ। ਉਹ ਭਾਰਤ ਤੋਂ ਬਾਹਰ ਬਣੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਵਿੱਚ ਪਹੁੰਚੇ। ਅਮਰੀਕਾ ਅਤੇ ਕੈਨੇਡਾ ਤੋਂ ਬਾਅਦ ਭਾਗਵਤ ਆਪਣੇ ਵਿਦੇਸ਼ ਦੌਰੇ ਦੇ ਆਖਰੀ ਪੜਾਅ ਤੇ ਯੂਕੇ ਪਹੁੰਚੇ ਹਨ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਲੰਡਨ ਦੇ ਇਤਿਹਾਸਕ ਖਾਲਸਾ ਜੱਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ। ਇਹ ਗੁਰਦੁਆਰਾ ਸਾਲ 1908 ਵਿੱਚ ਸਥਾਪਿਤ ਕੀਤਾ ਗਿਆ ਸੀ।
ਰਾਜ ਸਭਾ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਮੋਹਨ ਭਾਗਵਤ ਨੇ ਲੰਡਨ ਦੇ ਵਿਲਜ਼ਡਨ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਮੰਦਰ ਦਾ ਵੀ ਦੌਰਾ ਕੀਤਾ। ਉਸ ਸਮੇਂ ਇੱਥੇ ਜਨਮਾਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ।
ਸਾਹਨੀ ਨੇ ਦੱਸਿਆ, ਮੋਹਨ ਭਾਗਵਤ ਨੇ ਰੁਮਾਲਾ ਸਾਹਿਬ ਭੇਟ ਕੀਤਾ, ਕੜਾਹ ਪ੍ਰਸਾਦ ਗ੍ਰਹਿਣ ਕੀਤਾ ਅਤੇ ਗੁਰਦੁਆਰਾ ਪ੍ਰਬੰਧਨ ਨਾਲ ਸਾਰਥਕ ਗੱਲਬਾਤ ਕੀਤੀ। ਸਿੱਖ ਪਰੰਪਰਾਵਾਂ ਦੇ ਅਨੁਸਾਰ, ਗੁਰੂ ਦਰਬਾਰ ਵਿੱਚ ਹਰ ਉਸ ਸ਼ਰਧਾਲੂ ਦਾ ਸਵਾਗਤ ਹੈ ਜੋ ਪੂਰੀ ਨਿਮਰਤਾ ਨਾਲ ਅਰਦਾਸ ਕਰਨ ਅਤੇ ਗੁਰੂ ਦਾ ਆਸ਼ੀਰਵਾਦ ਲੈਣ ਲਈ ਆਉਂਦਾ ਹੈ।
ਐਤਵਾਰ ਨੂੰ ਬਾਅਦ ਵਿੱਚ ਭਾਗਵਤ ਨੇ ਲੰਡਨ ਦੇ ਇੱਕ ਕਮਿਊਨਿਟੀ ਸੈਂਟਰ ਵਿੱਚ ਸੈਲੀਬ੍ਰੇਸ਼ਨ ਆਫ ਵਨਨੈੱਸ (ਏਕਤਾ ਦਾ ਉਤਸਵ) ਥੀਮ ਤੇ ਆਯੋਜਿਤ ਆਪਣੀ ਯੂਕੇ ਯਾਤਰਾ ਦੀ ਸਭ ਤੋਂ ਵੱਡੀ ਜਨਸਭਾ ਨੂੰ ਵੀ ਸੰਬੋਧਨ ਕੀਤਾ।
ਯੂਰਪ ਦਾ ਬਣਿਆ ਪਹਿਲਾ ਗੁਰਦੁਆਰਾ
ਖਾਲਸਾ ਜੱਥਾ ਬ੍ਰਿਟਿਸ਼ ਆਇਲਜ਼ ਦੀ ਸ਼ੁਰੂਆਤ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਹੋਈ ਸੀ। ਇਹ ਉਹ ਦੌਰ ਸੀ ਜਦੋਂ ਸਿੱਖ ਪ੍ਰਵਾਸੀ ਪਹਿਲੀ ਵਾਰ ਬ੍ਰਿਟਿਸ਼ ਆਇਲਜ਼ ਵਿੱਚ ਆ ਕੇ ਵੱਸੇ ਸਨ। ਉਨ੍ਹਾਂ ਲਈ ਇਹ ਇੱਕ ਨਵੀਂ ਥਾਂ ਸੀ। ਅਜਿਹੇ ਵਿੱਚ ਉਨ੍ਹਾਂ ਨੂੰ ਰਹਿਣ-ਸਹਿਣ ਦੀਆਂ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਇਨ੍ਹਾਂ ਚੁਣੌਤੀਆਂ ਦੇ ਵਿਚਕਾਰ ਉਨ੍ਹਾਂ ਨੇ ਇੱਕ ਅਜਿਹੀ ਆਧਿਆਤਮਿਕ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਹ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜ ਸਕਣ। 1908 ਵਿੱਚ ਉਨ੍ਹਾਂ ਦੇ ਸੁਪਨੇ ਉਸ ਸਮੇਂ ਸਾਕਾਰ ਹੋਏ, ਜਦੋਂ ਲੰਡਨ ਦੇ ਵਿਚਕਾਰ ਇਸ ਗੁਰਦੁਆਰੇ ਦੀ ਸਥਾਪਨਾ ਕੀਤੀ ਗਈ। ਇਸ ਤੋਂ ਬਾਅਦ ਇਹ ਯੂਰਪ ਦਾ ਪਹਿਲਾ ਗੁਰਦੁਆਰਾ ਬਣਿਆ।
ਇਹ ਵੀ ਪੜ੍ਹੋ
VIDEO | London, UK: RSS chief Mohan Bhagwat visits London’s historic Khalsa Jatha Gurdwara.
(Source: Third Party) (Full video available on PTI Videos – https://t.co/d8jp61yd2p) pic.twitter.com/YzAgtTYqye — Press Trust of India (@PTI_News) September 6, 2026
ਏਕਤਾ ਲਈ ਇਕਰੂਪਤਾ ਜ਼ਰੂਰੀ ਨਹੀਂ ਹੈ
RSS ਮੁਖੀ ਮੋਹਨ ਭਾਗਵਤ ਨੇ ਲੰਡਨ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿੰਦੂ ਰਾਸ਼ਟਰ ਦਾ ਵਿਚਾਰ ਧਰਮ, ਪੂਜਾ-ਪੱਧਤੀ ਜਾਂ ਜੀਵਨਸ਼ੈਲੀ ਤੇ ਨਹੀਂ, ਸਗੋਂ ਵਿਭਿੰਨਤਾ ਨੂੰ ਸਵੀਕਾਰ ਕਰਨ ਤੇ ਆਧਾਰਿਤ ਹੈ। ਉਨ੍ਹਾਂ ਨੇ ਤਰਕ ਦਿੱਤਾ ਕਿ ਏਕਤਾ ਲਈ ਇਕਰੂਪਤਾ ਜ਼ਰੂਰੀ ਨਹੀਂ ਹੈ।
ਭਾਗਵਤ ਦਾ ਲੰਡਨ ਦੌਰਾ RSS ਦੇ ਸ਼ਤਾਬਦੀ ਵਰ੍ਹੇ ਦੇ ਗਲੋਬਲ ਸੰਪਰਕ ਅਭਿਆਨ ਦਾ ਹਿੱਸਾ ਹੈ। ਇਸ ਦੇ ਜ਼ਰੀਏ ਸੰਘ ਦੁਨੀਆ ਨਾਲ ਆਪਣੇ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹੈ ਅਤੇ ਆਪਣੇ ਸੰਗਠਨ ਤੇ ਕੰਮਕਾਜ ਬਾਰੇ ਸਹੀ ਨਜ਼ਰੀਆ ਪੇਸ਼ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਭਾਗਵਤ ਨਿਊਯਾਰਕ ਅਤੇ ਟੋਰਾਂਟੋ ਵਿੱਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰ ਚੁੱਕੇ ਹਨ।


