ਪੰਜਾਬ ਦੇ ਮੋਗਾ ਦੇ 23 ਸਾਲਾ ਨੌਜਵਾਨ ਨੇ ਕੈਨੇਡਾ ਵਿੱਚ ਰਚਿਆ ਇਤਿਹਾਸ, ਅਰਸ਼ ਕਲੇਰ ਬਣੇ ਐਬਟਸਫੋਰਡ ਸਕੂਲ ਬੋਰਡ ਦੇ ਵਾਈਸ ਚੇਅਰਮੈਨ
Arsh Kaler: ਪੰਜਾਬ ਦੇ ਮੋਗਾ ਨਾਲ ਸਬੰਧਤ 23 ਸਾਲਾ ਨੌਜਵਾਨ ਅਰਸ਼ਵੀਰ ਸਿੰਘ ਉਰਫ਼ ਅਰਸ਼ ਕਲੇਰ ਨੂੰ ਕੈਨੇਡਾ ਦੇ ਐਬਟਸਫੋਰਡ ਸਕੂਲ ਡਿਸਟ੍ਰਿਕਟ ਦੇ ਬੋਰਡ ਆਫ਼ ਐਜੂਕੇਸ਼ਨ ਦਾ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਇਸ ਬੋਰਡ ਦੇ ਅਧੀਨ 46 ਸਰਕਾਰੀ ਸਕੂਲ ਆਉਂਦੇ ਹਨ, ਜਿਨ੍ਹਾਂ ਵਿੱਚ 20 ਹਜ਼ਾਰ ਤੋਂ ਵੱਧ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਬੋਰਡ ਵਿਦਿਆਰਥੀਆਂ ਦੀ ਪੜ੍ਹਾਈ, ਸਕੂਲਾਂ ਦੇ ਵਿਕਾਸ, ਬਜਟ, ਵਿਦਿਅਕ ਨੀਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਨਾਲ ਜੁੜੇ ਅਹਿਮ ਫੈਸਲੇ ਲੈਂਦਾ ਹੈ।
ਪੰਜਾਬ ਦੇ ਮੋਗਾ ਦੇ 23 ਸਾਲਾ ਨੌਜਵਾਨ ਅਰਸ਼ਵੀਰ ਸਿੰਘ ਉਰਫ਼ ਅਰਸ਼ ਕਲੇਰ ਨੇ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ਸਕੂਲ ਡਿਸਟ੍ਰਿਕਟ ਦੇ ਬੋਰਡ ਆਫ਼ ਐਜੂਕੇਸ਼ਨ ਦਾ ਉਨ੍ਹਾਂ ਨੂੰ ਸਰਬਸੰਮਤੀ ਨਾਲ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਮਹਿਜ਼ 23 ਸਾਲ ਦੀ ਉਮਰ ਵਿੱਚ ਕੈਨੇਡਾ ਦੇ ਸਿੱਖਿਆ ਪ੍ਰਸ਼ਾਸਨ ਵਿੱਚ ਇੰਨੀ ਅਹਿਮ ਜ਼ਿੰਮੇਵਾਰੀ ਹਾਸਲ ਕਰਨਾ ਉਨ੍ਹਾਂ ਦੇ ਸਿਆਸੀ ਅਤੇ ਸਮਾਜਿਕ ਸਫ਼ਰ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਪੰਜਾਬ ਅਤੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।
ਪਹਿਲੀ ਚੋਣ 22 ਸਾਲ ਵਿੱਚ ਜਿੱਤੀ, ਹੁਣ ਮੁੜ ਹਾਸਲ ਕੀਤੀ ਜਿੱਤ
ਅਰਸ਼ ਕਲੇਰ ਦਾ ਇਹ ਸਫ਼ਰ ਵੀ ਕਾਫ਼ੀ ਦਿਲਚਸਪ ਹੈ। ਅਕਤੂਬਰ 2025 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸਕੂਲ ਟਰੱਸਟੀ ਦੀ ਚੋਣ ਜਿੱਤ ਕੇ ਐਬਟਸਫੋਰਡ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਚੁਣੇ ਗਏ ਜਨ ਪ੍ਰਤੀਨਿਧੀ ਬਣਨ ਦਾ ਮਾਣ ਹਾਸਲ ਕੀਤਾ ਸੀ। ਇਸ ਤੋਂ ਬਾਅਦ 17 ਅਕਤੂਬਰ 2026 ਨੂੰ ਹੋਈਆਂ ਸਥਾਨਕ ਚੋਣਾਂ ਵਿੱਚ ਉਨ੍ਹਾਂ ਨੇ ਮੁੜ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ।
ਚੋਣਾਂ ਤੋਂ ਬਾਅਦ 3 ਨਵੰਬਰ ਨੂੰ ਬੋਰਡ ਦੀ ਵਿਸ਼ੇਸ਼ ਮੀਟਿੰਗ ਵਿੱਚ ਸਾਰੇ ਸੱਤ ਨਵੇਂ ਚੁਣੇ ਗਏ ਟਰੱਸਟੀਆਂ ਨੇ 2026 ਤੋਂ 2030 ਤੱਕ ਦੇ ਚਾਰ ਸਾਲਾਂ ਦੇ ਕਾਰਜਕਾਲ ਲਈ ਸਹੁੰ ਚੁੱਕੀ। ਇਸੇ ਮੀਟਿੰਗ ਵਿੱਚ ਰੋਂਡਾ ਪੌਲਸ ਨੂੰ ਬੋਰਡ ਦਾ ਚੇਅਰਮੈਨ ਅਤੇ ਅਰਸ਼ ਕਲੇਰ ਨੂੰ ਸਰਬਸੰਮਤੀ ਨਾਲ ਵਾਈਸ ਚੇਅਰਮੈਨ ਚੁਣਿਆ ਗਿਆ।
ਅਜਿਹੇ ਵਿੱਚ ਵਾਈਸ ਚੇਅਰਮੈਨ ਵਜੋਂ ਅਰਸ਼ ਦੀ ਭੂਮਿਕਾ ਸਿਰਫ਼ ਇੱਕ ਅਹੁਦੇ ਤੱਕ ਸੀਮਤ ਨਹੀਂ ਰਹੇਗੀ, ਸਗੋਂ ਉਨ੍ਹਾਂ ਨੂੰ ਹਜ਼ਾਰਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਜੁੜੇ ਮੁੱਦਿਆਂ ਨੂੰ ਬੋਰਡ ਸਾਹਮਣੇ ਰੱਖਣ ਦਾ ਮੌਕਾ ਮਿਲੇਗਾ।