ਪੰਜਾਬ ‘ਚ ਇਸ ਤਾਰੀਕ ਤੋਂ ਬਦਲੇਗਾ ਮੌਸਮ, ਪ੍ਰਦੂਸ਼ਣ ਤੋਂ ਮਿਲੇਗੀ ਰਾਹਤ, ਵਧੇਗੀ ਠੰਡ
Delhi-NCR Weathr Update: ਪੰਜਾਬ ਤੋਂ ਇਲਾਵਾ ਦਿੱਲੀ-ਐਨਸੀਆਰ ਵਿੱਚ ਵੀ 25 ਨਵੰਬਰ ਤੋਂ ਪੂਰਬੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਮੀਂਹ ਦੇ ਨਾਲ-ਨਾਲ ਧੁੰਦ ਵੀ ਵੱਧ ਸਕਦੀ ਹੈ ਅਤੇ ਨਾਲ ਹੀ ਪਾਰਾ ਹੇਠਾਂ ਜਾ ਸਕਦਾ ਹੈ। ਫਿਲਹਾਲ ਰਾਜਧਾਨੀ ਅਤੇ ਨੇੜਲੇ ਇਲਾਕਿਆਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਡ ਦਾ ਅਹਿਸਾਸ ਹੋ ਰਿਹਾ ਹੈ, ਪਰ ਦੁਪਹਿਰ ਵੇਲ੍ਹੇ ਤਾਪਮਾਨ ਵਿੱਚ ਹਲਕੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ।
Photo: tv9 Hindi.com
ਪੰਜਾਬ ‘ਚ ਅਗਲੇ ਚਾਰ ਦਿਨਾਂ ‘ਚ ਮੌਸਮ ‘ਚ ਬਦਲਾਅ ਹੋਵੇਗਾ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ 27 ਨਵੰਬਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ।
ਇਸ ਤੋਂ ਇਲਾਵਾ ਧੁੰਦ ਵੀ ਲਗਾਤਾਰ ਵਧਣੀ ਸ਼ੁਰੂ ਹੋ ਜਾਵੇਗੀ। ਫਿਲਹਾਲ ਸੂਬੇ ‘ਚ ਕੁਝ ਇਲਾਕਿਆ ‘ਚ ਧੁੰਦ ਪੈ ਰਹੀ ਹੈ ਪਰ ਮੀਂਹ ਤੋਂ ਬਾਅਦ ਇਹ ਹੋਰ ਸੰਘਣੀ ਹੋ ਸਕਦੀ ਹੈ। ਪੰਜਾਬ ਵਿੱਚ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ, ਫਿਰ ਵੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 3.2 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 1.4 ਡਿਗਰੀ ਸੈਲਸੀਅਸ ਅਤੇ ਪਿਛਲੇ ਪੰਜ ਦਿਨਾਂ ਵਿੱਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਦੌਰਾਨ, ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੀਂਹ ਪੈਣ ਦੀ ਪ੍ਰਬਲ ਸੰਭਾਵਨਾ ਹੈ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦਾ ਪੱਧਰ ਵੀ ਹੇਠਾਂ ਜਾਵੇਗਾ। ਮੀਂਹ ਹਵਾ ਵਿੱਚ ਮੌਜੂਦ ਧੂੜ ਦੇ ਕਣਾਂ ਨੂੰ ਸਾਫ਼ ਕਰ ਦੇਵੇਗਾ।


