Wi-Fi ਅਤੇ ਹੌਟਸਪੌਟ ਤੋਂ ਬਿਨਾਂ ਵੀ ਚੱਲੇਗਾ ਲੈਪਟਾਪ ‘ਤੇ ਇੰਟਰਨੈੱਟ! ਜਾਣੋ ਕਿਵੇਂ ਕੰਮ ਆਵੇਗੀ Bluetooth Tethering
ਡਿਜੀਟਲ ਦੌਰ ਵਿੱਚ ਸਮਾਰਟਫ਼ੋਨ ਤੋਂ ਲੈਪਟਾਪ, ਟੈਬਲੇਟ ਜਾਂ ਕਿਸੇ ਹੋਰ ਗੈਜੇਟ ਉੱਤੇ ਇੰਟਰਨੈੱਟ ਚਲਾਉਣ ਲਈ ਬਹੁਤੇ ਲੋਕ ਆਮ ਤੌਰ 'ਤੇ ਵਾਈ-ਫ਼ਾਈ ਹੌਟਸਪੌਟ (Wi-Fi Hotspot) ਦਾ ਹੀ ਸਹਾਰਾ ਲੈਂਦੇ ਹਨ। ਪਰ ਬਹੁਤ ਘੱਟ ਉਪਭੋਗਤਾ ਇਸ ਤੱਥ ਤੋਂ ਜਾਣੂ ਹਨ ਕਿ ਮੋਬਾਈਲ ਰਾਹੀਂ ਇੰਟਰਨੈੱਟ ਸ਼ੇਅਰ ਕਰਨ ਦਾ ਇੱਕ ਹੋਰ ਸੁਚੱਜਾ ਤਰੀਕਾ ਵੀ ਮੌਜੂਦ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿੱਚ 'ਬਲੂਟੁੱਥ ਟੈਥਰਿੰਗ' (Bluetooth Tethering) ਕਿਹਾ ਜਾਂਦਾ ਹੈ।
ਡਿਜੀਟਲ ਦੌਰ ਵਿੱਚ ਸਮਾਰਟਫ਼ੋਨ ਤੋਂ ਲੈਪਟਾਪ, ਟੈਬਲੇਟ ਜਾਂ ਕਿਸੇ ਹੋਰ ਗੈਜੇਟ ਉੱਤੇ ਇੰਟਰਨੈੱਟ ਚਲਾਉਣ ਲਈ ਬਹੁਤੇ ਲੋਕ ਆਮ ਤੌਰ ‘ਤੇ ਵਾਈ-ਫ਼ਾਈ ਹੌਟਸਪੌਟ (Wi-Fi Hotspot) ਦਾ ਹੀ ਸਹਾਰਾ ਲੈਂਦੇ ਹਨ। ਪਰ ਬਹੁਤ ਘੱਟ ਉਪਭੋਗਤਾ ਇਸ ਤੱਥ ਤੋਂ ਜਾਣੂ ਹਨ ਕਿ ਮੋਬਾਈਲ ਰਾਹੀਂ ਇੰਟਰਨੈੱਟ ਸ਼ੇਅਰ ਕਰਨ ਦਾ ਇੱਕ ਹੋਰ ਸੁਚੱਜਾ ਤਰੀਕਾ ਵੀ ਮੌਜੂਦ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿੱਚ ‘ਬਲੂਟੁੱਥ ਟੈਥਰਿੰਗ’ (Bluetooth Tethering) ਕਿਹਾ ਜਾਂਦਾ ਹੈ।
ਸਰਲ ਸ਼ਬਦਾਂ ਵਿੱਚ ਸਮਝਿਆ ਜਾਵੇ ਤਾਂ ਇਸ ਪ੍ਰਣਾਲੀ ਤਹਿਤ ਤੁਹਾਡਾ ਸਮਾਰਟਫ਼ੋਨ ਬਲੂਟੁੱਥ ਕਨੈਕਟੀਵਿਟੀ ਦੀ ਵਰਤੋਂ ਕਰਕੇ ਦੂਜੀ ਡਿਵਾਈਸ ਨੂੰ ਇੰਟਰਨੈੱਟ ਚਲਾਉਣ ਦੀ ਸੁਵਿਧਾ ਦਿੰਦਾ ਹੈ। ਆਮ ਤੌਰ ‘ਤੇ ਐਂਡਰਾਇਡ ਸਮਾਰਟਫ਼ੋਨਾਂ ਵਿੱਚ ਮੋਬਾਈਲ ਡਾਟਾ ਨੂੰ ਵਾਈ-ਫ਼ਾਈ, ਬਲੂਟੁੱਥ ਅਤੇ ਯੂ.ਐੱਸ.ਬੀ. (USB) ਕੇਬਲ ਰਾਹੀਂ ਸਾਂਝਾ ਕਰਨ ਦੇ ਵਿਕਲਪ ਮਿਲਦੇ ਹਨ। ਆਓ ਸਮਝਦੇ ਹਾਂ ਕਿ ਬਲੂਟੁੱਥ ਟੈਥਰਿੰਗ ਅਸਲ ਵਿੱਚ ਕਿਵੇਂ ਕੰਮ ਕਰਦੀ ਹੈ ਅਤੇ ਇਸ ਦੀ ਵਰਤੋਂ ਕਿਨ੍ਹਾਂ ਹਾਲਾਤਾਂ ਵਿੱਚ ਫ਼ਾਇਦੇਮੰਦ ਸਾਬਤ ਹੁੰਦੀ ਹੈ।
ਕਿਵੇਂ ਸ਼ੁਰੂ ਕਰੀਏ ਬਲੂਟੁੱਥ ਟੈਥਰਿੰਗ?
ਬਲੂਟੁੱਥ ਟੈਥਰਿੰਗ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਸਮਾਰਟਫ਼ੋਨ ਅਤੇ ਦੂਜੀ ਡਿਵਾਈਸ (ਜਿਵੇਂ ਕਿ ਲੈਪਟਾਪ ਜਾਂ ਟੈਬਲੇਟ) ਨੂੰ ਬਲੂਟੁੱਥ ਰਾਹੀਂ ‘ਪੇਅਰ’ (Pair) ਕਰਨਾ ਜ਼ਰੂਰੀ ਹੁੰਦਾ ਹੈ। ਪੇਅਰਿੰਗ ਦਾ ਅਰਥ ਦੋਵਾਂ ਡਿਵਾਈਸਾਂ ਨੂੰ ਆਪਸ ਵਿੱਚ ਡਿਜੀਟਲ ਤਰੀਕੇ ਨਾਲ ਜੋੜਨਾ ਹੈ। ਇਸ ਤੋਂ ਬਾਅਦ ਮੋਬਾਈਲ ਦੀਆਂ ਸੈਟਿੰਗਜ਼ ਵਿੱਚ ਜਾ ਕੇ ਬਲੂਟੁੱਥ ਟੈਥਰਿੰਗ ਦਾ ਫ਼ੀਚਰ ਚਾਲੂ ਕਰਨਾ ਪੈਂਦਾ ਹੈ। ਸੰਪਰਕ ਸਥਾਪਤ ਹੁੰਦੇ ਸਾਰ ਹੀ ਦੂਜੀ ਡਿਵਾਈਸ ‘ਤੇ ਤੁਹਾਡੇ ਮੋਬਾਈਲ ਨੈੱਟਵਰਕ ਦਾ ਇੰਟਰਨੈੱਟ ਚੱਲਣਾ ਸ਼ੁਰੂ ਹੋ ਜਾਵੇਗਾ।
ਐਂਡਰਾਇਡ ਫ਼ੋਨਾਂ ਵਿੱਚ ਇਹ ਸੈਟਿੰਗ ਆਮ ਤੌਰ ‘ਤੇ ਹੇਠ ਲਿਖੇ ਪੜਾਵਾਂ ਰਾਹੀਂ ਮਿਲਦੀ ਹੈ
- ਸਭ ਤੋਂ ਪਹਿਲਾਂ ਫ਼ੋਨ ਦੀਆਂ ਸੈਟਿੰਗਜ਼ ਵਿੱਚ ਜਾਓ।
- ਉੱਥੇ ਨੈੱਟਵਰਕ ਐਂਡ ਇੰਟਰਨੈੱਟ ਜਾਂ ਕਨੈਕਸ਼ਨਜ਼ ਦਾ ਵਿਕਲਪ ਖੋਲ੍ਹੋ।
- ਇਸ ਤੋਂ ਬਾਅਦ ਹੌਟਸਪੌਟ ਐਂਡ ਟੈਥਰਿੰਗ ‘ਤੇ ਟੈਪ ਕਰੋ।
- ਹੁਣ ਸਾਹਮਣੇ ਦਿਖਾਈ ਦੇ ਰਹੇ ਬਲੂਟੁੱਥ ਟੈਥਰਿੰਗ ਵਿਕਲਪ ਨੂੰ ਆਨ ਕਰ ਦਿਓ।
- ਵੱਖ-ਵੱਖ ਮੋਬਾਈਲ ਨਿਰਮਾਤਾ ਕੰਪਨੀਆਂ ਦੇ ਯੂਜ਼ਰ ਇੰਟਰਫ਼ੇਸ ਅਨੁਸਾਰ ਇਨ੍ਹਾਂ ਸੈਟਿੰਗਾਂ ਦੇ ਨਾਂ ਜਾਂ ਥਾਂ ਵਿੱਚ ਥੋੜ੍ਹਾ-ਬਹੁਤ ਫ਼ਰਕ ਹੋ ਸਕਦਾ ਹੈ।
ਵਾਈ-ਫ਼ਾਈ ਹੌਟਸਪੌਟ ਨਾਲੋਂ ਕਿਵੇਂ ਹੈ ਵੱਖਰਾ?
ਹਾਲਾਂਕਿ ਬਲੂਟੁੱਥ ਟੈਥਰਿੰਗ ਅਤੇ ਵਾਈ-ਫ਼ਾਈ ਹੌਟਸਪੌਟ ਦੋਵਾਂ ਦਾ ਮੁੱਖ ਕੰਮ ਮੋਬਾਈਲ ਦਾ ਡਾਟਾ ਦੂਜੇ ਯੰਤਰ ਤੱਕ ਪਹੁੰਚਾਉਣਾ ਹੀ ਹੈ, ਪਰ ਦੋਵਾਂ ਦੀ ਕਾਰਜਪ੍ਰਣਾਲੀ ਵਿੱਚ ਕਾਫ਼ੀ ਅੰਤਰ ਹੈ। ਬਲੂਟੁੱਥ ਟੈਥਰਿੰਗ ਦੀ ਇੰਟਰਨੈੱਟ ਸਪੀਡ ਵਾਈ-ਫ਼ਾਈ ਹੌਟਸਪੌਟ ਦੇ ਮੁਕਾਬਲੇ ਆਮ ਤੌਰ ‘ਤੇ ਘੱਟ ਹੁੰਦੀ ਹੈ। ਇਸ ਕਾਰਨ ਵੱਡੀਆਂ ਫ਼ਾਈਲਾਂ ਡਾਊਨਲੋਡ ਕਰਨ, ਹੈਵੀ ਗੇਮਿੰਗ ਜਾਂ ਹਾਈ-ਡੈਫ਼ੀਨੇਸ਼ਨ ਵੀਡੀਓ ਸਟ੍ਰੀਮਿੰਗ ਵਰਗੇ ਕੰਮਾਂ ਲਈ ਵਾਈ-ਫ਼ਾਈ ਹੌਟਸਪੌਟ ਹੀ ਸਭ ਤੋਂ ਢੁਕਵਾਂ ਵਿਕਲਪ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ
ਦੂਜੇ ਪਾਸੇ, ਬਲੂਟੁੱਥ ਟੈਥਰਿੰਗ ਕੁਝ ਖ਼ਾਸ ਹਾਲਾਤਾਂ ਵਿੱਚ ਬੈਟਰੀ ਦੀ ਕਾਫ਼ੀ ਬੱਚਤ ਕਰਦੀ ਹੈ। ਤਕਨੀਕੀ ਕੰਪਨੀ ਮੋਟੋਰੋਲਾ (Motorola) ਦੇ ਸਪੋਰਟ ਦਸਤਾਵੇਜ਼ਾਂ ਅਨੁਸਾਰ, ਜੇਕਰ ਦੋਵੇਂ ਡਿਵਾਈਸਾਂ ਬਿਲਕੁਲ ਆਹਮੋ-ਸਾਹਮਣੇ ਜਾਂ ਨੇੜੇ ਪਈਆਂ ਹੋਣ ਅਤੇ ਆਲੇ-ਦੁਆਲੇ ਪਹਿਲਾਂ ਤੋਂ ਹੀ ਕਈ ਵਾਈ-ਫ਼ਾਈ ਨੈੱਟਵਰਕ ਮੌਜੂਦ ਹੋਣ ਕਾਰਨ ਸਿਗਨਲ ਵਿੱਚ ਵਿਘਨ ਪੈ ਰਿਹਾ ਹੋਵੇ, ਤਾਂ ਬਲੂਟੁੱਥ ਟੈਥਰਿੰਗ ਬਹੁਤ ਕਾਰਗਰ ਸਿੱਧ ਹੁੰਦੀ ਹੈ।
ਕਦੋਂ ਕਰਨਾ ਚਾਹੀਦਾ ਹੈ ਇਸ ਦਾ ਇਸਤੇਮਾਲ?
ਜੇਕਰ ਤੁਸੀਂ ਲੈਪਟਾਪ ‘ਤੇ ਸਿਰਫ਼ ਜ਼ਰੂਰੀ ਈਮੇਲਾਂ ਚੈੱਕ ਕਰਨੀਆਂ ਹੋਣ, ਦਫ਼ਤਰੀ ਮੈਸੇਜਿੰਗ ਕਰਨੀ ਹੋਵੇ ਜਾਂ ਆਮ ਵੈੱਬ ਬ੍ਰਾਊਜ਼ਿੰਗ ਕਰਨੀ ਹੋਵੇ, ਤਾਂ ਅਜਿਹੇ ਹਲਕੇ ਕੰਮਾਂ ਲਈ ਬਲੂਟੁੱਥ ਟੈਥਰਿੰਗ ਇੱਕ ਉੱਤਮ ਅਤੇ ਸਥਿਰ ਵਿਕਲਪ ਹੈ। ਇਹ ਤਰੀਕਾ ਉਦੋਂ ਵੀ ਬਹੁਤ ਲਾਹੇਵੰਦ ਰਹਿੰਦਾ ਹੈ ਜਦੋਂ ਤੁਸੀਂ ਫ਼ੋਨ ਦੀ ਬੈਟਰੀ ਬਚਾਉਣਾ ਚਾਹੁੰਦੇ ਹੋ ਅਤੇ ਵਾਈ-ਫ਼ਾਈ ਹੌਟਸਪੌਟ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਪਰ ਜੇਕਰ ਤੁਹਾਨੂੰ ਤੇਜ਼-ਤਰਾਰ ਇੰਟਰਨੈੱਟ ਸਪੀਡ ਦੀ ਲੋੜ ਹੈ ਤਾਂ ਹੌਟਸਪੌਟ ਵੱਲ ਰੁਖ਼ ਕਰਨਾ ਹੀ ਬਿਹਤਰ ਰਹੇਗਾ।
ਵਰਤੋਂ ਦੌਰਾਨ ਧਿਆਨ ਰੱਖਣਯੋਗ ਜ਼ਰੂਰੀ ਗੱਲਾਂ
ਬਲੂਟੁੱਥ ਟੈਥਰਿੰਗ ਚਲਾਉਣ ਲਈ ਤੁਹਾਡੇ ਸਮਾਰਟਫ਼ੋਨ ਵਿੱਚ ਐਕਟਿਵ ਇੰਟਰਨੈੱਟ ਕੁਨੈਕਸ਼ਨ ਹੋਣਾ ਲਾਜ਼ਮੀ ਹੈ। ਇਸ ਲਈ ਆਮ ਤੌਰ ‘ਤੇ ਮੋਬਾਈਲ ਡਾਟਾ ਦੀ ਵਰਤੋਂ ਕੀਤੀ ਜਾਂਦੀ ਹੈ, ਹਾਲਾਂਕਿ ਕੁਝ ਆਧੁਨਿਕ ਡਿਵਾਈਸਾਂ ਵਾਈ-ਫ਼ਾਈ ਕੁਨੈਕਸ਼ਨ ਨੂੰ ਵੀ ਬਲੂਟੁੱਥ ਰਾਹੀਂ ਸ਼ੇਅਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਇਹ ਵੀ ਪਹਿਲਾਂ ਜਾਂਚ ਲੈਣਾ ਚਾਹੀਦਾ ਹੈ ਕਿ ਤੁਹਾਡੇ ਮੋਬਾਈਲ ਪਲਾਨ ਵਿੱਚ ਟੈਥਰਿੰਗ ਦੀ ਸੁਵਿਧਾ ਉਪਲਬਧ ਹੈ ਜਾਂ ਨਹੀਂ, ਕਿਉਂਕਿ ਇੰਟਰਨੈੱਟ ਸ਼ੇਅਰ ਕਰਨ ‘ਤੇ ਡਾਟਾ ਤੁਹਾਡੇ ਮੂਲ ਪਲਾਨ ਵਿੱਚੋਂ ਹੀ ਖ਼ਰਚ ਹੋਵੇਗਾ। ਕੰਮ ਪੂਰਾ ਹੋਣ ਉਪਰੰਤ ਬਲੂਟੁੱਥ ਟੈਥਰਿੰਗ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਫ਼ੋਨ ਦੀ ਬੇਲੋੜੀ ਬੈਟਰੀ ਅਤੇ ਡਾਟਾ ਖ਼ਪਤ ਤੋਂ ਬਚਿਆ ਜਾ ਸਕੇ।
ਸੰਖੇਪ ਵਿੱਚ ਕਹਿਣਾ ਹੋਵੇ ਤਾਂ ਬਲੂਟੁੱਥ ਟੈਥਰਿੰਗ ਸਮਾਰਟਫ਼ੋਨ ਤੋਂ ਇੰਟਰਨੈੱਟ ਸ਼ੇਅਰ ਕਰਨ ਦਾ ਇੱਕ ਭਰੋਸੇਯੋਗ ਬਦਲਵਾਂ ਸਾਧਨ ਹੈ। ਰੋਜ਼ਾਨਾ ਦੇ ਸਾਧਾਰਨ ਆਨਲਾਈਨ ਕੰਮਾਂ ਅਤੇ ਨਜ਼ਦੀਕ ਰੱਖੀਆਂ ਡਿਵਾਈਸਾਂ ਲਈ ਇਹ ਕਾਫ਼ੀ ਸੁਵਿਧਾਜਨਕ ਹੈ, ਜਦਕਿ ਵੱਡੇ ਅਤੇ ਹਾਈ-ਸਪੀਡ ਕੰਮਾਂ ਲਈ ਵਾਈ-ਫ਼ਾਈ ਹੌਟਸਪੌਟ ਹੀ ਪਹਿਲੀ ਪਸੰਦ ਬਣਿਆ ਰਹੇਗਾ।


