Yash Dayal: ਯਸ਼ ਦਿਆਲ ਨੂੰ ਹੋ ਸਕਦੀ ਹੈ 10 ਸਾਲ ਦੀ ਕੈਦ, ਪੀੜਤ ਲੜਕੀ ਨੇ ਦਿੱਤਾ ਇਹ ਸਬੂਤ
Yash Dayal Controversy: RCB ਕ੍ਰਿਕਟਰ ਯਸ਼ ਦਿਆਲ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਹੀਂ ਜਾਪ ਰਹੀਆਂ। ਉਨ੍ਹਾਂ ਨੂੰ ਲੈ ਕੇ ਪੀੜਤ ਲੜਕੀ ਨੇ ਸਬੂਤਾਂ ਦੇ ਨਾਲ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਹੈ। ਯਸ਼ ਦਿਆਲ ਤੇ ਆਈਪੀਸੀ ਦੀ ਧਾਰਾ 69 ਦੇ ਤਹਿਤ FIR ਦਰਜ ਕੀਤੀ ਗਈ ਹੈ। ਜੇਕਰ ਜਾਂਚ ਵਿੱਚ ਯਸ਼ ਦਿਆਲ ਖਿਲਾਫ਼ ਲਗਾਏ ਗਏ ਆਰੋਪ ਸਹੀ ਸਾਬਤ ਹੁੰਦੇ ਹਨ ਅਤੇ ਉਹ ਦੋਸ਼ੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।

ਭਾਰਤੀ ਕ੍ਰਿਕਟਰ ਯਸ਼ ਦਿਆਲ ਵੱਡੀ ਮੁਸੀਬਤ ਵਿੱਚ ਫੱਸਦੇ ਦਿਖਾਈ ਦੇ ਰਹੇ ਹਨ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 69 ਦੇ ਤਹਿਤ ਉਨ੍ਹਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਆਈਪੀਸੀ ਦੀ ਇਹ ਧਾਰਾ ਗੈਰ-ਜ਼ਮਾਨਤੀ ਹੈ। ਇਸ ਦੇ ਤਹਿਤ ਯਸ਼ ਦਿਆਲ ਨੂੰ 10 ਸਾਲ ਦੀ ਕੈਦ ਵੀ ਹੋ ਸਕਦੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪੀੜਤ ਲੜਕੀ ਨੇ ਯਸ਼ ਦਿਆਲ ‘ਤੇ ਵਿਆਹ ਦਾ ਲਾਲਚ ਦੇ ਕੇ ਵਿੱਤੀ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਆਰੋਪ ਲਗਾਇਆ ਹੈ। ਪੀੜਤ ਲੜਕੀ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਯਸ਼ ਦਿਆਲ ਨੇ ਵਿਆਹ ਦੇ ਨਾਮ ‘ਤੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ ਸਨ। ਸੂਤਰਾਂ ਅਨੁਸਾਰ, ਪੀੜਤ ਲੜਕੀ ਨੇ ਆਪਣੇ ਆਰੋਪਾਂ ਦੇ ਸੰਬੰਧ ਵਿੱਚ ਵਟਸਐਪ ਚੈਟ, ਵੀਡੀਓ ਕਾਲ ਅਤੇ ਫੋਟੋਆਂ ਦੇ ਸਕ੍ਰੀਨਸ਼ਾਟ ਵਰਗੇ ਸਬੂਤ ਵੀ ਪੇਸ਼ ਕੀਤੇ ਹਨ, ਜਿਸਦੀ ਪੁਲਿਸ ਜਾਂਚ ਕਰ ਰਹੀ ਹੈ।
ਯਸ਼ ਦਿਆਲ ਨੂੰ ਹੋ ਸਕਦੀ ਹੈ ਜੇਲ੍ਹ
ਪੁਲਿਸ ਨੇ ਅਜੇ ਤੱਕ ਪੀੜਤਾ ਵੱਲੋਂ ਯਸ਼ ਦਿਆਲ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਸ਼ੁਰੂ ਨਹੀਂ ਕੀਤੀ ਹੈ। ਪੀੜਤਾ ਦੇ ਮੈਡੀਕਲ ਟੈਸਟ ਅਤੇ ਮੈਜਿਸਟ੍ਰੇਟ ਦੇ ਸਾਹਮਣੇ ਕਾਨੂੰਨੀ ਤੌਰ ‘ਤੇ ਉਸਦਾ ਬਿਆਨ ਦਰਜ ਹੋਣ ਤੋਂ ਬਾਅਦ ਹੀ ਪੁਲਿਸ ਕਾਰਵਾਈ ਸ਼ੁਰੂ ਹੋਵੇਗੀ। ਯਸ਼ ਦਿਆਲ ਨੂੰ ਪੁਲਿਸ ਕਾਰਵਾਈ ਤਹਿਤ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਜੇਕਰ ਜਾਂਚ ਵਿੱਚ ਯਸ਼ ਦਿਆਲ ਖਿਲਾਫ਼ ਲਗਾਏ ਗਏ ਆਰੋਪ ਸਹੀ ਸਾਬਤ ਹੁੰਦੇ ਹਨ ਅਤੇ ਉਹ ਦੋਸ਼ੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਪੀੜਤ ਨੇ ਆਰੋਪਾਂ ਵਿੱਚ ਇਨ੍ਹਾਂ ਗੱਲਾਂ ਦਾ ਵੀ ਕੀਤਾ ਜ਼ਿਕਰ
ਪੀੜਤ ਲੜਕੀ ਇੰਦਰਾਪੁਰਮ, ਗਾਜ਼ੀਆਬਾਦ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਯਸ਼ ਦਿਆਲ ਖਿਲਾਫ਼ ਪੁਲਿਸ ਕੋਲ ਐਫਆਈਆਰ ਦਰਜ ਕਰਵਾਉਂਦੇ ਹੋਏ, ਉਸਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਕ੍ਰਿਕਟਰ ਨਾਲ ਸਬੰਧਾਂ ਵਿੱਚ ਸੀ। ਸੂਤਰਾਂ ਅਨੁਸਾਰ, ਪੀੜਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਯਸ਼ ਦਿਆਲ ਦੇ ਪਰਿਵਾਰ ਨੇ ਉਸਨੂੰ ਵਿਆਹ ਦਾ ਭਰੋਸਾ ਵੀ ਦਿੱਤਾ ਹੈ। ਉਹ ਅਕਸਰ ਯਸ਼ ਦਿਆਲ ਦੇ ਘਰ ਜਾਂਦੀ ਸੀ। ਹਾਲਾਂਕਿ, ਹੁਣ ਤੱਕ ਨਾ ਤਾਂ ਯਸ਼ ਦਿਆਲ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਕੋਈ ਬਿਆਨ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵੀ ਕੋਈ ਪ੍ਰਤੀਕਿਰਿਆ ਦੇਖਣ ਨੂੰ ਨਹੀਂ ਮਿਲੀ ਹੈ।
ਯਸ਼ ਦਿਆਲ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ, ਪੀੜਤ ਲੜਕੀ ਨੇ ਸਭ ਤੋਂ ਪਹਿਲਾਂ 14 ਜੂਨ ਨੂੰ ਮਹਿਲਾ ਹੈਲਪਲਾਈਨ ਨੰਬਰ 181 ‘ਤੇ ਫ਼ੋਨ ਕੀਤਾ। ਪਰ ਉੱਥੇ ਕੋਈ ਸੁਣਵਾਈ ਨਾ ਹੋਣ ‘ਤੇ, ਉਸਨੇ 21 ਜੂਨ ਨੂੰ ਮੁੱਖ ਮੰਤਰੀ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਕੀਤੀ।