ਵਿਨੇਸ਼ ਫੋਗਾਟ ਦਾ ਰਿਟਾਇਰਮੈਂਟ ਤੋਂ ਯੂ-ਟਰਨ, ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ; ਦਿੱਤ ਵੱਡਾ ਅਪਡੇਟ
Vinesh Phogat Retirement U Turn: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡੀ ਖ਼ਬਰ ਦਿੱਤੀ ਹੈ। ਉਨ੍ਹਾਂ ਨੇ ਆਪਣਾ ਰਿਟਾਇਰਮੈਂਟ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਦਾ ਮਤਲਬ ਹੈ ਕਿ ਉਹ ਮੈਦਾਨ 'ਚ ਵਾਪਸ ਆਉਣ ਲਈ ਤਿਆਰ ਹਨ ਤੇ ਉਨ੍ਹਾਂ ਦੀ ਨਜ਼ਰ ਹੁਣ 2028 ਓਲੰਪਿਕ ਖੇਡਾਂ 'ਤੇ ਟਿਕ ਗਈ ਹੈ।
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਰਿਟਾਇਰਮੈਂਟ ਤੋਂ ਯੂ-ਟਰਨ ਲਿਆ ਹੈ। ਵਿਨੇਸ਼ ਫੋਗਾਟ ਨੇ ਇਸ ਸਾਲ ਅਗਸਤ ‘ਚ ਖੇਡ ਤੋਂ ਦੂਰੀ ਬਣਾਈ ਤੇ ਰਾਜਨੀਤੀ ‘ਚ ਪ੍ਰਵੇਸ਼ ਕੀਤਾ। ਪਰ ਉਹ ਮੈਦਾਨ ‘ਚ ਵਾਪਸ ਆਉਣ ਲਈ ਤਿਆਰ ਹਨ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ‘ਚ ਆਪਣੇ ਪ੍ਰਸ਼ੰਸਕਾਂ ਨਾਲ ਇਹ ਅਪਡੇਟ ਸਾਂਝਾ ਕੀਤਾ… ਹੁਣ ਉਨ੍ਹਾਂ ਦੀ ਨਜ਼ਰ ਲਾਸ ਏਂਜਲਸ ‘ਚ 2028 ਦੀਆਂ ਓਲੰਪਿਕ ਖੇਡਾਂ ‘ਤੇ ਹੈ।
ਵਿਨੇਸ਼ ਫੋਗਾਟ ਨੇ ਵਾਪਸੀ ਦਾ ਐਲਾਨ ਕੀਤਾ
ਵਿਨੇਸ਼ ਫੋਗਾਟ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਲੋਕ ਅਕਸਰ ਮੈਨੂੰ ਪੁੱਛਦੇ ਹਨ ਕਿ ਕੀ ਪੈਰਿਸ ਮੇਰੀ ਆਖਰੀ ਯਾਤਰਾ ਸੀ? ਮੇਰੇ ਕੋਲ ਲੰਬੇ ਸਮੇਂ ਤੋਂ ਇਸ ਸਵਾਲ ਦਾ ਜਵਾਬ ਨਹੀਂ ਹੈ। ਮੈਨੂੰ ਮੈਟ, ਪ੍ਰੈਸ਼ਰ, ਉਮੀਦਾਂ ਤੇ ਇੱਥੋਂ ਤੱਕ ਕਿ ਆਪਣੇ ਸੁਪਨਿਆਂ ਤੋਂ ਵੀ ਦੂਰ ਜਾਣ ਦੀ ਜ਼ਰੂਰਤ ਸੀ। ਸਾਲਾਂ ‘ਚ ਪਹਿਲੀ ਵਾਰ, ਮੈਂ ਰਾਹਤ ਦਾ ਸਾਹ ਲਿਆ। ਮੈਂ ਆਪਣੇ ਕੰਮ ਦੇ ਬੋਝ, ਜ਼ਿੰਦਗੀ ਦੇ ਉਤਰਾਅ-ਚੜ੍ਹਾਅ, ਕੁਰਬਾਨੀਆਂ, ਆਪਣੇ ਪੱਖਾਂ ਨੂੰ ਸਮਝਣ ਲਈ ਕੁੱਝ ਸਮਾਂ ਲਿਆ ਜੋ ਦੁਨੀਆ ਨੇ ਕਦੇ ਨਹੀਂ ਦੇਖਿਆ। ਮੈਂ ਅਜੇ ਵੀ ਖੇਡ ਨੂੰ ਪਿਆਰ ਕਰਦੀ ਹਾਂ। ਮੈਂ ਅਜੇ ਵੀ ਮੁਕਾਬਲਾ ਕਰਨਾ ਚਾਹੁੰਦੀ ਹਾਂ।
ਵਿਨੇਸ਼ ਫੋਗਾਟ ਨੇ ਅੱਗੇ ਲਿਖਿਆ, ‘ਚੁੱਪ ‘ਚ, ਮੈਨੂੰ ਕੁੱਝ ਅਜਿਹਾ ਮਿਲਿਆ ਜੋ ਮੈਂ ਭੁੱਲ ਈ ਸੀ, ਅੱਗ ਕਦੇ ਨਹੀਂ ਬੁਝਦੀ। ਇਹ ਸਿਰਫ਼ ਥਕਾਵਟ ਤੇ ਸ਼ੋਰ ਦੇ ਹੇਠਾਂ ਦੱਬੀ ਹੋਈ ਸੀ। ਅਨੁਸ਼ਾਸਨ, ਰੁਟੀਨ, ਲੜਾਈ… ਇਹ ਮੇਰੇ ਸਿਸਟਮ ‘ਚ ਰਚਿਆ ਹੋਇਆ ਹੈ। ਮੈਂ ਭਾਵੇਂ ਕਿੰਨੀ ਵੀ ਦੂਰ ਚਲੀ ਗਈ ਹਾਂ, ਮੇਰਾ ਇੱਕ ਹਿੱਸਾ ਮੈਟ ‘ਤੇ ਰਹਿੰਦਾ ਹੈ। ਇਸ ਲਈ ਮੈਂ ਇੱਥੇ ਹਾਂ, ਇੱਕ ਨਿਡਰ ਦਿਲ ਤੇ ਇੱਕ ਭਾਵਨਾ ਨਾਲ ਜੋ ਹਾਰ ਮੰਨਣ ਤੋਂ ਇਨਕਾਰ ਕਰਦੀ ਹੈ, LA28 ਵੱਲ ਵਾਪਸ ਕਦਮ ਵਧਾ ਰਹੀ ਹਾਂ ਤੇ ਇਸ ਵਾਰ, ਮੈਂ ਇਕੱਲੀ ਨਹੀਂ ਚੱਲ ਰਹੀ ਹਾਂ; ਮੇਰਾ ਪੁੱਤਰ ਮੇਰੀ ਟੀਮ ‘ਚ ਸ਼ਾਮਲ ਹੋ ਰਿਹਾ ਹੈ, ਮੇਰੀ ਸਭ ਤੋਂ ਵੱਡੀ ਪ੍ਰੇਰਨਾ, 2028 ਓਲੰਪਿਕ ਦੇ ਇਸ ਰਸਤੇ ‘ਤੇ ਮੇਰਾ ਛੋਟਾ ਚੀਅਰਲੀਡਰ।’
ਪਹਿਲੇ ਓਲੰਪਿਕ ਮੈਡਲ ਦੀ ਤਲਾਸ਼
ਪੈਰਿਸ ਓਲੰਪਿਕ ਵਿਨੇਸ਼ ਫੋਗਾਟ ਲਈ ਇੱਕ ਡਰਾਉਣਾ ਸੁਪਨਾ ਸਾਬਤ ਹੋਇਆ। ਵਿਨੇਸ਼ ਨੇ ਪ੍ਰਭਾਵਸ਼ਾਲੀ ਕੁਸ਼ਤੀ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਪੈਰਿਸ ਓਲੰਪਿਕ ‘ਚ ਔਰਤਾਂ ਦੇ 50 ਕਿਲੋਗ੍ਰਾਮ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ। ਹਾਲਾਂਕਿ, ਫਾਈਨਲ ਤੋਂ ਕੁੱਝ ਘੰਟੇ ਪਹਿਲਾਂ, ਉਨ੍ਹਾਂ ਨੂੰ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ, ਜਿਸ ਨਾਲ ਉਹ ਥੋੜ੍ਹੇ ਜਿਹੇ ਫਰਕ ਨਾਲ ਤਗਮੇ ਤੋਂ ਖੁੰਝ ਗਈ ਸੀ। ਉਨ੍ਹਾਂ ਨੇ ਪਹਿਲਾਂ ਰੀਓ ਤੇ ਟੋਕੀਓ ਓਲੰਪਿਕ ‘ਚ ਹਿੱਸਾ ਲਿਆ ਸੀ, ਪਰ ਤਗਮਾ ਜਿੱਤਣ ‘ਚ ਅਸਫਲ ਰਹੀ। ਵਿਨੇਸ਼ ਇਸ ਵਾਰ ਇੱਕ ਹੋਰ ਕੋਸ਼ਿਸ਼ ਕਰਨ ਲਈ ਤਿਆਰ ਹੈ।